ਬਿਜਲੀ ਕਾਮਿਆਂ ਵੱਲੋਂ ਹਜਾਰਾਂ ਮੰਨਜੂਰਸ਼ੁਦਾ ਅਸਾਮੀਆਂ ਖਤਮ ਕਰਨ ਵਿਰੁੱਧ ਪਾਵਰ ਮੈਨੇਜਮੈਂਟ ਦੀਆਂ ਅਰਥੀਆਂ ਸਾੜ ਕੇ ਰੋਸ ਪ੍ਰਦਰਸ਼ਨ
ਪਟਿਆਲਾ 31 ਮਈ (ਰਮਨਦੀਪ/ਮਧੂਸਾਰ ਬਿਊਰੋ) ਪਾਵਰ ਮੈਨੇਜਮੈਂਟ ਵੱਲੋਂ ਬਿਜਲੀ ਕਰਮਚਾਰੀਆਂ ਦੀਆਂ ਹਜਾਰਾਂ ਮੰਨਜੂਰਸ਼ੁਦਾ ਅਸਾਮੀਆਂ ਖਤਮ ਕਰਨ ਵਿਰੁੱਧ ਪੀ.ਐਸ.ਈ.ਬੀ. ਇੰਪਲਾਈਜ ਜੁਆਇੰਟ ਫੋਰਮ ਦੇ ਸੱਦੇ ਤੇ ਬਿਜਲੀ ਕਾਮਿਆਂ ਦੀਆਂ ਪ੍ਰਮੁੱਖ ਜੱਥੇਬੰਦੀਆਂ ਟੈਕਨੀਕਲ ਸਰਵਿਸਜ ਯੂਨੀਅਨ, ਪੀ.ਐਸ.ਈ.ਬੀ. ਇੰਪਲਾਈਜ ਫੈਡਰੇਸ਼ਨ, ਮਨਿਸਟੀਰੀਅਲ ਸਰਵਿਸਜ ਯੂਨੀਅਨ, ਇੰਪਲਾਈਜ ਫੈਡਰੇਸ਼ਨ (ਫਲਜੀਤ), ਥਰਮਲ ਇੰਪਲਾਈਜ ਕੁਆਰਡੀਨੇਸ਼ਨ ਕਮੇਟੀ, ਹੈਡ ਆਫਿਸ ਇੰਪਲਾਈਜ ਫੈਡਰੇਸ਼ਨ, ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ, ਵਰਕਰਜ ਫੈਡਰੇਸ਼ਨ ਇੰਟਕ ਪਾਵਰ ਕਾਮ ਤੇ ਟਰਾਂਸਕੋ, ਪੰਜਾਬ ਰਾਜ ਬਿਜਲੀ ਬੋਰਡ ਮਜ਼ਦੂਰ ਸੰਘ ਦੇ ਬਿਜਲੀ ਕਾਮਿਆਂ ਵੱਲੋਂ ਕਾਲੇ ਬਿੱਲੇ ਲਗਾ ਕੇ ਪੰਜਾਬ ਦੇ ਸਮੁੱਚੇ ਬਿਜਲੀ ਦਫਤਰਾਂ ਅੱਗੇ ਪਾਵਰ ਮੈਨੇਜਮੈਂਟਾਂ ਦੀਆਂ ਅਰਥੀਆਂ ਸਾੜ ਕੇ ਰੋਹ ਭਰਪੂਰ ਰੈਲੀਆਂ ਕੀਤੀਆਂ ਗਈਆਂ ਅਤੇ ਮੰਗ ਕੀਤੀ ਗਈ ਕਿ ਮੁਲਾਜਮਾਂ ਦੀਆਂ ਮੰਨਜੂਰਸ਼ੁਦਾ ਅਸਾਮੀਆਂ ਖਤਮ ਕਰਨ ਦੇ ਹੁਕਮ ਵਾਪਸ ਲਏ ਜਾਣ ਅਤੇ ਵਧੇ ਕੰਮ ਭਾਰ ਅਨੁਸਾਰ ਨਵੀਆਂ ਅਸਾਮੀਆਂ ਦੀ ਰਚਨਾ ਕਰਕੇ ਮੁਲਾਜਮਾਂ ਦੀ ਨਵੀਂ ਭਰਤੀ ਕੀਤੀ ਜਾਵੇ। ਇਨ੍ਹਾਂ ਜੱਥੇਬੰਦੀਆਂ ਦੇ ਆਗੂਆਂ
ਸਾਥੀ ਕਰਮ ਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਜਗਰੂਪ ਸਿੰਘ ਮਹਿਮਦਪੁਰ, ਹਰਪਾਲ ਸਿੰਘ, ਕੌਰ ਸਿੰਘ ਸੋਹੀ, ਬਲਵਿੰਦਰ ਸਿੰਘ ਸੰਧੂ, ਹਰਜਿੰਦਰ ਸਿੰਘ ਦੁਧਾਲਾ, ਪ੍ਰੀਤਮ ਸਿੰਘ, ਪਿੰਡੀ, ਸਿਕੰਦਰ ਨਾਥ, ਕਰਮ ਚੰਦ ਖੰਨਾ, ਰਵੇਲ ਸਿੰਘ ਸਹਾਏਪੁਰ, ਰਾਮ ਲੁਭਾਇਆ, ਬਿ੍ਰਜ ਲਾਲ, ਅਵਤਾਰ ਸਿੰਘ ਕੈਂਥ, ਹਰਜੀਤ ਸਿੰਘ, ਅਸ਼ੋਕ ਕੁਮਾਰ ਸ਼ਰਮਾ, ਜਗਜੀਤ ਸਿੰਘ, ਕਮਲਜੀਤ ਸਿੰਘ, ਗੁਰਦਿੱਤ ਸਿੰਘ ਸਿੱਧੂ, ਸੁਖਵਿੰਦਰ ਸਿੰਘ ਦੁਮਕਾ, ਨਛੱਤਰ ਸਿੰਘ ਰਣੀਆ ਅਤੇ ਸਥਾਨ ਆਗੂਆਂ ਨੇ ਵੱਖ ਵੱਖ ਥਾਵਾਂ ਤੇ ਹੋਈਆਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਪਾਵਰ ਮੈਨੇਜਮੈਂਟ ਦੀਆਂ ਮੁਲਾਜਮ ਵਿਰੋਧੀ ਨੀਤੀਆਂ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਪਾਵਰ ਮੈਨੇਜਮੈਂਟ ਪੰਜਾਬ ਸਰਕਾਰ ਦੀਆਂ ਘਰ ਘਰ ਨੋਕਰੀਆਂ ਦੇਣ ਦੇ ਵਾਅਦਿਆਂ ਦੀ ਧੱਜੀਆਂ ਉਡਾ ਕੇ ਕੋਵਿਡ19 ਮਹਾਂਮਾਰੀ ਦਾ ਨਜਾਇਜ ਫਾਇਦਾ ਉਠਾ ਕੇ ਮੁਲਾਜਮਾਂ ਦੀਆਂ ਮੰਨਜੂਰਸ਼ੁਦਾ ਅਸਾਮੀਆਂ ਖਤਮ ਕਰ ਰਹੀ ਹੈ, ਜਿਸ ਕਰਕੇ ਜਿੱਥੇ ਬਿਜਲੀ ਖਪਤਕਾਰਾਂ ਨੂੰ ਵਧੀਆ ਸੇਵਾ ਸਹੂਲਤਾਂ ਦੇਣ ਤੇ ਮਾੜਾ ਅਸਰ ਪਵੇਗਾ ਉੱਥੇ ਮੁਲਾਜਮਾਂ ਦੀਆਂ ਉਪਰਲੀ ਅਸਾਮੀ ਤੇ ਤਰੱਕੀਆਂ ਵੀ ਰੁਕਣਗੀਆਂ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸਰਕਾਰੀ ਥਰਮਲ ਪਲਾਂਟ ਬੰਦ ਕਰਕੇ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਤਰਜੀਹ ਦੇ ਰਹੀ ਹੈ। ਗਲਤ ਪਾਵਰ ਪਰਚੇਜ ਐਗਰੀਮੈਂਟਕਰਕੇ ਨਿੱਜੀ ਕੰਪਨੀਆਂ ਨੂੰ ਹਜਾਰਾਂ ਕਰੋੜ ਰੁਪਏ ਬਿਨਾਂ ਬਿਜਲੀ ਵਰਤਿਆਂ ਅਦਾ ਕੀਤੇ ਗਏ ਹਨ। ਜਿਸ ਦਾ ਭਾਰ ਮਹਿੰਗੀ ਬਿਜਲੀ ਦੇ ਰੂਪ ਵਿੱਚ ਖਪਤਕਾਰਾਂ ਨੂੰ ਪੈ ਰਿਹਾ ਹੈ। ਪੰਜਾਬ ਸਰਕਾਰ ਜਨਤਾ ਨਾਲ ਵਾਅਦਾ ਕਰਕੇ ਇਨ੍ਹਾਂ ਸਮਝੋਤਿਆਂ ਦਾ ਰੀਵਿਊ ਕਰਨ ਤੋਂ ਲਗਾਤਾਰ ਟਾਲਮਟੋਲ ਕਰ ਰਹੀ ਹੈ ਜਿਸ ਕਾਰਨ ਪਾਵਰ ਕਾਰਪੋਰੇਸ਼ਨ ਬਿਜਲੀ ਬੋਰਡ ਦੀ ਅਣਬੰਡਲਿੰਗ ਤੋਂ ਬਾਅਦ ਕਰੋੜਾਂ ਰੁਪਏ ਦੇ ਘਾਟੇ ਵਿੱਚ ਜਾ ਰਹੀ ਹੈ। ਇਨ੍ਹਾਂ ਆਗੂਆਂ ਨੇ ਦੱਸਿਆ ਕਿ ਥਰਮਲ ਪਲਾਂਟ ਰੋਪੜ ਅਤੇ ਬਠਿੰਡਾ ਥਰਮਲ ਵਿਖੇ ਪਾਵਰ ਮੈਨੇਜਮੈਂਟ ਨੇ ਪਹਿਲਾਂ ਵੀ ਚਾਰ ਹਜਾਰ ਮੁਲਾਜਮਾਂ ਦੀਆਂ ਮੰਨਜੂਰਸ਼ੁਦਾ ਅਸਾਮੀਆਂ ਖਤਮ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਫੀਲਡ ਵਿੱਚ ਕਲੈਰੀਕਲ ਤੇ ਟੈਕਨੀਕਲ ਮੁਲਾਜਮਾਂ ਦੀਆਂ ਹਜਾਰਾਂ ਅਸਾਮੀਆਂ ਖਤਮ ਕੀਤੀਆਂ ਜਾ ਚੁੱਕੀਆਂ ਹਨ। ਕੁਨੈਕਸ਼ਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। 92 ਲੱਖ ਤੋਂ ਉੱਪਰ ਕੁਨੈਕਸ਼ਨ ਹੋ ਚੁੱਕੇ ਹਨ। ਟਰਾਂਸਫਾਰਮਰਾਂ ਦੀ ਗਿਣਤੀ ਅਤੇ ਲੱਖਾਂ ਕਿਲੋਮੀਟਰ ਐਲ.ਟੀ.ਐਚ.ਟੀ. ਲਾਈਨਾਂ ਦਾ ਵਾਧਾ ਹੋ ਰਿਹਾ ਹੈ। ਮੈਨੇਜਮੈਂਟ ਬਿਨਾਂ ਵਰਕਲੋਡ ਨਾਰਮਜ ਬਣਾਏ ਮੁਲਾਜਮਾਂ ਤੋਂ ਦੁੱਗਣਾ ਤਿੱਗਣਾ ਕੰਮ ਲੈ ਰਹੀ ਹੈ। ਮੈਨੇਜਮੈਂਟ ਦੀਆਂ ਇਨਾਂ ਮੁਲਾਜਮ ਵਿਰੋਧੀ ਤੇ ਲੋਕ ਵਿਰੋਧੀ ਨੀਤੀਆਂ ਵਿਰੁੱਧ ਬਿਜਲੀ ਕਾਮੇ ਡੱਟ ਕੇ ਸੰਘਰਸ਼ ਕਰਨਗੇ। ਇਨ੍ਹਾਂ ਰੈਲੀਆਂ ਨੂੰ ਹੋਰਨਾਂ ਤੋਂ ਇਲਾਵਾ ਸਥਾਨਕ ਆਗੂਆਂ ਨੇ ਸੰਬੋਧਨ ਕਰਦਿਆਂ ਸੰਘਰਸ਼ ਨੂੰ ਹੋਰ ਤੇਜ ਕਰਨ ਲਈ ਮੁਲਾਜਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਚੇਅਰਮੈਨ ਅਤੇ ਡਾਇਰੈਕਟਰ ਦੇ ਵਿਰੁੱਧ ਫੀਲਡ ਵਿੱਚ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਵਿਖਾਵੇ ਕਰਨ ਅਤੇ ਵਰਕ ਟੂ ਰੂਲ ਅਨੁਸਾਰ ਮੁਲਾਜਮਾਂ ਨੂੰ ਡਿਊਟੀ ਕਰਨ ਦੀ ਅਪੀਲ ਕੀਤੀ।

