ਮਾਨਸਾ ਦੇ ਪਿੰਡ ਫਫੜੇ ਭਾਈਕਾ ’ਚ ਨਹੀਂ ਪਹੁੰਚ ਸਕੇ ਭਾਜਪਾ-ਆਗੂ ਵਿਜੈ ਸਾਂਪਲਾ, ਕਿਸਾਨਾਂ ਵੱਲੋਂ ਜ਼ੋਰਦਾਰ ਵਿਰੋਧ
5 ਜੂਨ ਨੂੰ ਭਾਜਪਾ ਆਗੂਆਂ ਦੇ ਦਫ਼ਤਰਾਂ-ਘਰਾਂ ਸਾਹਮਣੇ ਖੇਤੀ-ਕਾਨੂੰਨਾਂ ਦੀਆਂ ਕਾਪੀਆਂ ਸਾੜਨਗੇ ਕਿਸਾਨ
ਚੰਡੀਗੜ੍ਹ 4 ਜੂਨ (ਅਬਰਾਵਾਂ/ਮਧੂਸਾਰ ਬਿਊਰੋ) ਸੰਯੁਕਤ ਕਿਸਾਨ ਮੋਰਚੇ ‘ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਜਾਰੀ ਕਿਸਾਨੀ-ਧਰਨਿਆਂ ਦੇ 247ਵੇਂ ਦਿਨ ਵੀ ਰੋਹ ਭਰਪੂਰ ਜਾਰੀ ਰਹੇ। ਕੇਂਦਰ-ਸਰਕਾਰ ਵੱਲੋਂ ਲਿਆਂਦੇ 3 ਖੇਤੀ-ਕਾਨੂੰਨਾਂ, ਬਿਜ਼ਲੀ ਸੋਧ ਬਿਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਵਾਉਣ ਲਈ ਵੱਖ-ਵੱਖ ਕਿਸਾਨ-ਜਥੇਬੰਦੀਆਂ ਪਿੰਡ-ਪਿੰਡ ਮੁਜ਼ਾਹਰਿਆਂ ਨੂੰ ਸਫ਼ਲ ਬਣਾਉਣ ਦਾ ਸੱਦਾ ਦਿੱਤਾ ਗਿਆ।
ਮਾਨਸਾ ਜਿਲ੍ਹੇ ਦੇ ਪਿੰਡ ਫਫੜੇ-ਭਾਈਕੇ ‘ਚ ਭਾਜਪਾ ਦੇ ਸੀਨੀਅਰ ਆਗੂ ਵਿਜੈ ਸਾਂਪਲਾ ਆਪਣੇ ਨਿਰਧਾਰਤ ਦੌਰੇ ‘ਤੇ ਨਹੀਂ ਪਹੁੰਚ ਸਕੇ। ਕਿਸਾਨਾਂ ਨੇ ਜਾਣਕਾਰੀ ਮਿਲਦਿਆਂ ਹੀ ਪਿੰਡ ਦੀ ਨਾਕੇਬੰਦੀ ਕਰ ਦਿੱਤੀ ਸੀ, ਖ਼ਬਰ ਲਿਖ਼ੇ ਜਾਣ ਤੱਕ ਨਾਕੇਬੰਦੀ ਜਾਰੀ ਸੀ ਅਤੇ ਸਾਂਪਲਾ ਪਿੰਡ ‘ਚ ਨਹੀਂ ਪਹੁੰਚ ਸਕੇ ਸਨ।
ਭਾਰਤੀ ਕਿਸਾਨ ਯੂਨੀਅਨ(ਏਕਤਾ-ਡਕੌਂਦਾ) ਦੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਅਤੇ ਭਾਰਤੀ ਕਿਸਾਨ ਯੂਨੀਅਨ(ਲੱਖੋਵਾਲ) ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਦੀ ਅਗਵਾਈ ‘ਚ ਲੜੇ ਜਾ ਰਹੇ ਸੰਘਰਸ ਨੂੰ ਢਾਹ ਲਾਉਣ ਲਈ ਭਾਜਪਾ ਨੂੰ ਅਚਾਨਕ ਦਲਿਤਾਂ ਦਾ ਹੇਜ ਜਾਗ ਪਿਆ ਹੈ।
ਕਿਸਾਨ-ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵਲੋਂ ਲੜੇ ਜਾ ਰਹੇ ਘੋਲ ਸਾਰੇ ਤਬਕਿਆਂ ਲਈ ਹੈ, ਦਲਿਤ ਭਾਈਚਾਰੇ ਨੂੰ ਭਾਜਪਾਂ ਦੀਆਂ ਫੁੱਟ ਪਾਊ ਸਾਜਿਸਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਅਤੇ ਕਿਸਾਨੀ ਸੰਘਰਸ ਨੂੰ ਕਾਲੇ ਕਾਨੂੰਨ ਰੱਦ ਕਰਵਾਉਣ ਤੱਕ ਸਾਰੇ ਵਰਗਾਂ ਨੂੰ ਏਕਤਾ ਬਣਾ ਕੇ ਰੱਖਣੀ ਚਾਹੀਦੀ ਹੈ।
ਕਿਸਾਨ-ਆਗੂਆਂ ਨੇ ਕਿਹਾ ਕਿ ਕੇਂਦਰੀ ਖੇਤੀ ਕਾਨੂੰਨ ਜਿੰਨੇ ਕਿਸਾਨਾਂ ਲਈ ਮਾਰੂ ਹਨ, ਉਂਨੇ ਹੀ ਇਹ ਰੋਜ ਕਮਾ ਕੇ ਖਾਣ ਵਾਲੇ ਮਜਦੂਰਾਂ ਦੇ ਵੀ ਵਿਰੋਧੀ ਹਨ। ਇਨ੍ਹਾਂ ਨਾਲ ਕਾਰਪੋਰੇਟਸ ਦੀ ਮਾਲਕੀ ਵਾਲੀਆਂ ਮੰਡੀਆਂ ਪੈਦਾ ਹੋਣਗੀਆਂ ਜਿਨ੍ਹਾਂ ਵਿੱਚ ਮਸ਼ੀਨਾਂ ਦੀ ਭਰਮਾਰ ਹੋਵੇਗੀ ਅਤੇ ਰੁਜਗਾਰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਹਜਾਰਾਂ ਦੀ ਗਿਣਤੀ ਵਿੱਚ ਮਜਦੂਰ ਦਿਹਾੜੀਦਾਰ, ਪੱਲੇਦਾਰ, ਰੇਹੜੀਆਂ ਫੜ੍ਹੀਆਂ ਵਾਲੇ ਅਤੇ ਚਾਹਾਂ ਦੇ ਖੋਖਿਆਂ ਵਾਲਿਆਂ ਹੱਥੋਂ ਰੁਜਗਾਰ ਖੋਹਿਆ ਜਾਵੇਗਾ। ਆੜ੍ਹਤੀਆਂ ਦੇ ਨਾਲ ਮੁਨੀਮੀ ਕਰਦੇ ਸੈਂਕੜੇ ਨੌਜਵਾਨ ਵਿਹਲੇ ਹੋ ਜਾਣਗੇ। ਮਸ਼ੀਨਾਂ ਮਜਦੂਰਾਂ ਦਾ ਰੁਜਗਾਰ ਖੋਹ ਲੈਣਗੀਆਂ। ਵੱਡੇ ਪੱਧਰ ’ਤੇ ਘਰੇਲੂ ਉਦਯੋਗ ਤਬਾਹ ਹੋ ਜਾਣਗੇ। ਖੇਤੀ ਸੁਧਾਰ ਦੇ ਨਾਮ ’ਤੇ ਪਾਸ ਕਾਨੂੰਨ ਅਨਾਜ ਭੰਡਾਰ ਕਰਨ ਦੀ ਖੁੱਲ੍ਹ ਦਿੰਦੇ ਹਨ ਜੋ ਕਿ ਛੋਟੀ ਕਿਸਾਨੀ ਜਾਂ ਮਜਦੂਰਾਂ ਦੇ ਵੱਸ ਦੀ ਗੱਲ ਨਹੀਂ। ਇਸ ਨਾਲ ਸਿੱਧੇ ਰੂਪ ਵਿੱਚ ਅਨਾਜ ਭੰਡਾਰਾਂ ਉੱਪਰ ਮੁਨਾਫਾਖੋਰ ਕਾਰਪੋਰੇਟ ਘਰਾਣਿਆਂ ਦਾ ਕਬਜਾ ਹੋ ਜਾਵੇਗਾ। ਕਾਰਪੋਰੇਟਸ ਸਸਤੀਆਂ ਕੀਮਤਾਂ ’ਤੇ ਖਰੀਦੇ ਅਨਾਜ ਨੂੰ ਦੁਗਣੇ-ਚੌਗਣੇ ਰੇਟਾਂ ਉੱਪਰ ਵੇਚਣਗੇ। ਮਜਦੂਰਾਂ ਲਈ ਇਨ੍ਹਾਂ ਹਾਲਾਤ ਵਿਚ ਖਾਣ ਜੋਗਾ ਅਨਾਜ ਪ੍ਰਾਪਤ ਕਰਨਾ ਵੀ ਬਹੁਤ ਵੱਡੀ ਗੱਲ ਹੋ ਜਾਵੇਗੀ।
ਕਿਸਾਨ-ਆਗੂਆਂ ਨੇ ਦੱਸਿਆ ਕਿ 6 ਜੂਨ, 2017 ਨੂੰ ਮੱਧ ਪ੍ਰਦੇਸ ਦੇ ਮੰਦਸੌਰ ਵਿੱਚ ਸਰਕਾਰ ਸਾਹਮਣੇ ਆਪਣੀਆਂ ਮੁਢਲੀਆਂ ਮੰਗਾਂ ਅੱਗੇ ਰੱਖਣ ਲਈ ਵਿਰੋਧ ਪ੍ਰਦਰਸਨ ਕਰਨ‘ ਤੇ ਪੁਲਿਸ ਵੱਲੋਂ ਕਿਸਾਨਾਂ ‘ਤੇ ਲਾਠੀਚਾਰਜ ਕੀਤਾ ਗਿਆ ਅਤੇ ਗੋਲੀਆਂ ਚਲਾਈਆਂ ਗਈਆਂ। ਇਸ ਗੋਲੀ-ਕਾਂਡ ‘ਚ 6 ਕਿਸਾਨ ਸਹੀਦ ਹੋਏ ਅਤੇ ਸੈਂਕੜੇ ਜਖਮੀ ਹੋਏ ਸਨ। ਉਸ ਤੋਂ ਬਾਅਦ ਦੇਸ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਅਤੇ ਦੇਸ ਭਰ ਵਿੱਚ ਕਿਸਾਨਾਂ ਦਾ ਤਾਲਮੇਲ ਸਥਾਪਤ ਹੋਇਆ। ਉਨ੍ਹਾਂ ਸਮੂਹ ਸਹੀਦ ਕਿਸਾਨਾਂ ਨੂੰ ਯਾਦ ਕਰਦਿਆਂ 6 ਜੂਨ ਨੂੰ ਕਿਸਾਨ ਆਗੂ ਮੰਦਸੌਰ ਵਿਖੇ ਇਕੱਠੇ ਹੋ ਕੇ ਸਰਧਾਂਜਲੀ ਭੇਟ ਕਰਨਗੇ। ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚਾ ਸਮੂਹ ਦੇਸ ਵਾਸੀਆਂ ਨੂੰ ਅਪੀਲ ਕਰਦਾ ਹੈ ਕਿ ਉਹ 6 ਜੂਨ ਨੂੰ ਇਸ ਅੰਦੋਲਨ ਦੇ ਅਤੇ ਮੰਦਸੌਰ ਦੇ ਸਹੀਦ ਕਿਸਾਨਾਂ ਨੂੰ ਸਰਧਾਂਜਲੀ ਭੇਟ ਕਰਨ ਅਤੇ ਇੱਕ ਪ੍ਰਣ ਲੈਣ ਕਿ ਕਿਸਾਨ ਕਿਸੇ ਵੀ ਪੁਲਿਸ ਕਾਰਵਾਈ ਤੋਂ ਨਹੀਂ ਡਰਨਗੇ ਅਤੇ ਕਿਸਾਨ ਸੰਘਰਸ ਜਾਰੀ ਰੱਖਣਗੇ।
ਕਿਸਾਨ-ਆਗੂਆਂ ਨੇ ਹਰਿਆਣਾ ਦੇ ਟੋਹਾਣਾ ਤੋਂ ਵਿਧਾਇਕ ਦਵੇਂਦਰ ਬਬਲੀ ਵੱਲੋਂ ਕਿਸਾਨਾਂ ਲਈ ਵਰਤੀ ਮਾੜੀ ਸ਼ਬਦਾਵਲੀ ਖ਼ਿਲਾਫ਼ ਰੋਸ ਪ੍ਰਗਟਾ ਰਹੇ ਕਿਸਾਨਾਂ ਨੂੰ ਗਿ੍ਰਫ਼ਤਾਰ ਕਰਨ ਅਤੇ ਕੇਸ ਦਰਜ਼ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਕਿਹਾ ਕਿ ਭਾਜਪਾ ਦੀ ਖੱਟੜ-ਸਰਕਾਰ ਕਿਸਾਨਾਂ ‘ਤੇ ਜ਼ਬਰ ਕਰਨਾ ਬੰਦ ਕਰੇ, ਨਹੀਂ ਤਾਂ ਮੁੱਖ ਮੰਤਰੀ ਖੱਟੜ ਖ਼ਿਲਾਫ਼ ਜਥੇਬੰਦੀਆਂ ਵੱਲੋਂ ਮੋਰਚਾ ਖੋਲ੍ਹਿਆ ਜਾਵੇਗਾ।

