ਬਿਜਲੀ ਕਾਮਿਆਂ ਵੱਲੋਂ ਸੰਘਰਸ਼ ਤੇਜ਼ ਕਰਨ ਦਾ ਐਲਾਨ
18 ਜੂਨ ਨੂੰ ਧਰਨੇ ਉਪਰੰਤ ਮੋਤੀ ਮਹਿਲ ਵੱਲ ਰੋਸ ਮਾਰਚ
ਪਟਿਆਲਾ : 7 ਜੂਨ (ਰਮਨਦੀਪ/ਮਧੂਸਾਰ ਬਿਊਰੋ) ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਫੈਸਲੇ ਅਨੁਸਾਰ ਬਿਜਲੀ ਮੁਲਾਜਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਟੈਕਨੀਕਲ ਸਰਵਿਸ ਯੂਨੀਅਨ, ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ, ਮਨਿਸਟੀਰੀਅਲ ਸਰਵਿਸਜ਼ ਯੂਨੀਅਨ, ਥਰਮਲ ਇੰਪਲਾਈਜ਼ ਕੁਆਰਡੀਨੇਸ਼ਨ ਕਮੇਟੀ, ਇੰਪਲਾਈਜ਼ ਫੈਡਰੇਸ਼ਨ (ਫਲਜੀਤ), ਵਰਕਰਜ਼ ਫੈਡਰੇਸ਼ਨ ਇੰਟਕ ਪਾਵਰਕਾਮ ਅਤੇ ਟਰਾਂਸਕੋ, ਹੈਡ ਆਫਿਸ ਇੰਪਲਾਈਜ਼ ਫੈਡਰੇਸ਼ਨ, ਪੰਜਾਬ ਰਾਜ ਬਿਜਲੀ ਬੋਰਡ ਮਜਦੂਰ ਸੰਘ ਅਤੇ ਪੰਜਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੇ ਬਿਜਲੀ ਕਾਮੇ ਪਾਵਰ ਮੈਨੇਜਰਮੈਂਟ ਦੇ ਮੁਲਾਜਮ ਵਿਰੋਧੀ ਵਤੀਰੇ ਅਤੇ ਟਾਲ ਮਟੋਲ ਦੀ ਨੀਤੀ ਵਿਰੁੱਧ 16 ਜੂਨ ਤੋਂ 18 ਜੂਨ ਤੱਕ ਹੈਡ ਆਫਿਸ ਪਟਿਆਲਾ ਅੱਗੇ ਜ਼ੋਨਲ ਪੱਧਰਾਂ ਦੇ ਪ੍ਰਤੀਨਿਧ ਧਰਨੇ ਦੇਣਗੇ, 18 ਜੂਨ ਨੂੰ ਧਰਨੇ ਉਪਰੰਤ ਮੋਤੀ ਮਹਿਲ ਵੱਲ ਰੋਸ ਮਾਰਚ ਕਰਕੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇਣਗੇ। ਇਕ ਜੁਲਾਈ 2021 ਨੂੰ ਹੈਡ ਆਫਿਸ ਪਟਿਆਲਾ ਦੇ ਤਿੰਨੇ ਗੇਟਾਂ ਤੇ ਕਾਲੇ ਝੰੰਡਿਆਂ ਨਾਲ ਰੋਸ ਵਿਖਾਵਾ ਕੀਤਾ ਜਾਵੇਗਾ।
ਜਥੇਬੰਦੀਆਂ ਦੇ ਆਗੂਆਂ ਸਰਵ ਸਾਥੀ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਕੌਰ ਸਿੰਘ ਸੋਹੀ, ਜਗਰੂਪ ਸਿੰਘ ਮਹਿਮਦਪੁਰ, ਹਰਪਾਲ ਸਿੰਘ, ਕਰਮ ਚੰਦ ਖੰਨਾ, ਹਰਜਿੰਦਰ ਸਿੰਘ, ਬਿ੍ਰਜ ਲਾਲ, ਪ੍ਰੀਤਮ ਸਿੰਘ ਪਿੰਡੀ, ਬਲਵਿੰਦਰ ਸਿੰਘ ਸੰਧੂ, ਕਮਲਜੀਤ ਸਿੰਘ, ਅਸ਼ੋਕ ਕੁਮਾਰ, ਅਵਤਾਰ ਸਿੰਘ ਕੈਂਥ, ਹਰਜੀਤ ਸਿੰਘ, ਜਗਜੀਤ ਸਿੰਘ, ਸਿਕੰਦਰ ਨਾਥ, ਰਵੇਲ ਸਿੰਘ ਸਹਾਏਪੁਰ, ਸੁਖਵਿੰਦਰ ਸਿੰਘ ਦੁੰਮਨਾ, ਰਾਮ ਲੁਭਾਇਆ, ਗੁਰਦਿੱਤ ਸਿੰਘ ਸਿੱਧੂ, ਨਛੱਤਰ ਸਿੰਘ ਰਣੀਕੇ, ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵੱਲੋਂ ਮੁਲਾਜਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਅਤੇ ਟਾਲ ਮਟੋਲ ਕਰਨ ਦੀ ਸਖਤ ਨਿੰਦਾ ਕੀਤੀ।
ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਅਤੇ ਡੀ.ਏ. ਦੀਆਂ ਕਿਸ਼ਤਾਂ ਦੇਣ, ਬਣਦਾ ਬਕਾਇਆ ਦੇਣ, ਕੱਚੇ ਕਾਮੇ ਪੱਕੇ ਕਰਨ ਤੇ ਹੋਰ ਹੱਕੀ ਤੇ ਜਾਇਜ ਮੰਗਾਂ ਲਾਗੂ ਨਹੀਂ ਕਰ ਰਹੀ। ਸਗੋਂ ਥਰਮਲ ਪਲਾਟਾਂ ਵਿਚੋਂ ਚਾਰ ਹਜਾਰ ਮਨਜੂਰਸ਼ੁਦਾ ਅਸਾਮੀਆਂ ਖਤਮ ਕਰ ਚੁੱਕੀ ਹੈ, ਹੁਣ 720 ਹੋਰ ਅਸਾਮੀਆਂ ਖਤਮ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਪੁਨਰ ਉਸਾਰੀ ਦੇ ਨਾਮ ਤੇ ਹਜਾਰਾਂ ਪੋਸਟਾਂ ਹੋਰ ਖਤਮ ਕਰਨ ਦੇ ਮਨਸੂਬੇ ਬਣਾ ਰਹੀ ਹੈ। ਮੁਲਾਜਮਾਂ ਦੀਆਂ ਕਲੈਰੀਕਲ ਅਤੇ ਟੈਕਨੀਕਲ ਅਸਾਮੀਆਂ ਤੇ ਤਰੱਕੀਆਂ ਕਰਨ ਤੇ ਰੋਕ ਲਗਾ ਦਿੱਤੀ ਹੈ। ਪਾਵਰ ਮੈਨੇਜਮੈਂਟ ਮੁਲਾਜਮ ਮੰਗਾਂ ਮੰਨ ਕੇ ਵੀ ਲਾਗੂ ਕਰਨ ਤੋਂ ਇਨਕਾਰੀ ਹੈ। ਜਿਵੇਂ ਮਿਤੀ 1122011 ਤੋਂ ਪੇ ਬੈਂਡ ਵਿੱਚ ਵਾਧਾ ਦੇਣ, 23 ਸਾਲਾ ਦੀ ਸੇਵਾ ਬਾਅਦ ਤਰੱਕੀ ਵਾਧਾ ਦੇਣ, ਕੰਟਰੈਕਟ ਤੇ ਕੱਚੇ ਕਾਮੇ ਪੱਕੇ ਕਰਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਨਵੇਂ ਭਰਤੀ ਕਾਮਿਆਂ ਨੂੰ ਪੂਰਾ ਤਨਖਾਹ ਸਕੇਲ ਦੇਣ, ਸੈਮੀ ਸਕਿਲਡ ਸ.ਲ.ਮ. ਨੂੰ ਪੂਰਾ ਤਨਖਾਹ ਸਕੇਲ ਦੇਣ, ਨਵੀਂ ਭਰਤੀ ਕਰਨ, ਖਾਲੀ ਪੋਸਟਾਂ ਭਰਨ, ਮਿ੍ਰਤਕਾਂ ਦੇ ਆਸ਼ਰਿਤਾਂ ਨੂੰ ਅਗੇਤ ਆਧਾਰ ਤੇ ਨੌਕਰੀ ਦੇਣ, ਰਿਟਾਇਰੀ ਤੇ ਨਵ ਨਿਯੁਕਤ ਕਾਮਿਆਂ ਨੂੰ ਬਿਜਲੀ ਯੂਨਿਟਾਂ ਵਿੱਚ ਰਿਆਇਤ ਦੇਣ, ਥਰਮਲ ਪਲਾਟਾਂ ਦੇ ਬੰਦ ਯੂਨਿਟ ਚਾਲੂ ਕਰਨ, ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਗਲਤ ਪਾਵਰ ਪ੍ਰਚੇਜ਼ ਐਗਰੀਮੈਂਟ ਰੱਦ ਕਰਨ ਆਦਿ 22 ਨੁਕਾਤੀ ਮੰਗ ਪੱਤਰ ਅਨੁਸਾਰ ਮੰਗਾਂ ਦਾ ਨਿਪਟਾਰਾ ਆਪਸੀ ਗੱਲਬਾਤ ਰਾਹੀਂ ਨਹੀਂ ਕਰ ਰਹੀ। ਇਸ ਤੋਂ ਇਲਾਵਾ ਤਿੰਨ ਧਿਰੀ ਸਮਝੌਤੇ ਨੂੰ ਤੋੜ ਮਰੋੜ ਰਹੀ ਹੈ। ਤਨਖਾਹ ਸਕੇਲਾਂ ਵਿੱਚ ਸੋਧ ਲਈ ਵੇਜ਼ ਫਾਰਮੂਲੇਸ਼ਨ ਕਮੇਟੀ ਬਣਾਉਣ ਤੋਂ ਇਨਕਾਰੀ ਹੈ, ਇਨ੍ਹਾਂ ਆਗੂਆਂ ਨੇ ਕਿਹਾ ਕਿ ਜੇਕਰ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਬਿਜਲੀ ਕਾਮੇ ਸੰਘਰਸ਼ ਨੂੰ ਅੱਗੇ ਵਧਾਉਂਦੇ ਹੋਏ ਅਗਲੇ ਫੈਸਲੇ ਤੱਕ ਲਗਾਤਾਰ ਦੋਨੋ ਕਾਰਪੋਰੇਸ਼ਨਾਂ ਦੇ ਡਾਇਰੈਕਟਰਜ਼ ਵਿਰੁੱਧ ਫੀਲਡ ਵਿੱਚ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਅਤੇ ਵਰਕ ਟੂ ਰੂਲ ਅਨੁਸਾਰ ਕੰਮ ਜਾਰੀ ਰੱਖਣਗੇ। ਇਨ੍ਹਾਂ ਆਗੂਆਂ ਨੇ ਪਾਵਰ ਮੈਨੇਜਮੈਂਟ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਮੁਲਾਜਮ ਮਸਲੇ ਆਪਸੀ ਗੱਲਬਾਤ ਰਾਹੀਂ ਜਲਦੀ ਹੱਲ ਨਾ ਕੀਤੇ ਅਤੇ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਬਿਜਲੀ ਕਾਮੇ ਹੋਰਨਾਂ ਜਥੇਬੰਦੀਆਂ ਨਾਲ ਮਿਲਕੇ ਵੀ ਸੰਘਰਸ਼ ਨੂੰ ਤੇਜ਼ ਕਰਨਗੇ ਅਤੇ ਕਾਰਪੋਰੇਸ਼ਨ ਦੇ ਦਫਤਰਾਂ ਦਾ ਕੰਮ ਠੱਪ ਕਰਨਗੇ। ਉਹਨਾਂ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਉਹ ਮੁਲਾਜਮ ਮਸਲੇ ਵੀ ਹੱਲ ਕਰੇ ਅਤੇ ਪਾਵਰ ਮੈਨੇਜਮੈਂਟ ਪਾਸੋਂ ਮੰਨੀਆਂ ਮੰਗਾਂ ਲਾਗੂ ਕਰਵਾਵੇ।

