ਮੀਰੀ ਪੀਰੀ ਸ੍ਰੋਮਣੀ ਢਾਡੀ ਸਭਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦਾ ਕੀਤਾ ਸਮਰਥਨ
ਅੰਮਿ੍ਰਤਸਰ 7 ਜੂਨ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੀਰੀ ਪੀਰੀ ਸ੍ਰੋਮਣੀ ਢਾਡੀ ਸਭਾ ਵੱਲੋਂ ਇਕ ਮੰਗ ਪੱਤਰ ਦਿੰਦਿਆਂ ਪਿਛਲੇ ਸਮੇਂ ਵਿਚ ਸ੍ਰੀ ਅਕਾਲ ਤਖਤ ਸਾਹਿਬ ਜੀ ਸਨਮੁੱਖ ਰੋਜਾਨਾ ਸਜ ਰਹੇ ਢਾਡੀ ਦੀਵਾਨਾ ਵਿਚ ਕੁਝ ਢਾਡੀ ਜਥਿਆਂ ਵੱਲੋਂ ਪੈਦਾ ਕੀਤੇ ਗਏ ਬੇਲੋੜਾ ਵਿਵਾਦ ਨੂੰ ਹੱਲ ਕਰਨ ਪ੍ਰਤੀ ਜਥੇਦਾਰ ਸਾਹਿਬ ਵੱਲੋਂ ਸੁਹਿਰਦ ਯਤਨਾਂ ਨਾਲ ਗਠਿਤ ਕੀਤੀ ਗਈ ਤਿੰਨ ਮੈਂਬਰੀ ਸਭ ਕਮੇਟੀ ਵੱਲੋਂ ਢਾਡੀ ਜਥਿਆਂ ਪ੍ਰਤੀ ਵਿਧਾਨ / ਰੂਪ ਰੇਖਾ ਤਿਆਰ ਕਰਨ ਦਾ ਸਵਾਗਤ ਕੀਤਾ ਗਿਆ।
ਢਾਡੀ ਸਭਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਇਸ ਬਾਰੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਭ ਕਮੇਟੀ ਵੱਲੋਂ ਪੈਦਾ ਹੋਇਆ ਵਿਵਾਦ ਨੂੰ ਖਤਮ ਕਰਨ ਲਈ ਢਾਡੀ ਜਥਿਆਂ ਦਾ ਪੱਖ ਸੁਣਨ ਲਈ ਮੀਰੀ ਪੀਰੀ ਢਾਡੀ ਸਭਾ ਸਤਿਕਾਰ ਤੇ ਧੰਨਵਾਦ ਕਰਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਮੱਸਿਆ ਸੰਗਰਾਂਦ ਵਾਲੇ ਦਿਨ ਸਜਾਏ ਜਾਂਦੇ ਦੀਵਾਨ ’ਚ ਪਹਿਲਾਂ 15 ਤੋਂ 20 ਜਥੇ ਹਾਜਰੀ ਭਰਿਆ ਕਰਦੇ ਸੀ, ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਵੱਲੋਂ ਕੁਝ ਸਹਾਇਤਾ ਅਤੇ ਭੇਟਾ ਦਿੱਤੀ ਜਾਂਦੀ ਸੀ, ਜੋ ਕਿ ਹੁਣ ਉਹ ਰਾਸੀ ਜਥਿਆਂ ਨੂੰ ਨਹੀਂ ਮਿਲ ਰਹੀ, ਉਸ ਬਾਰੇ ਪੜਤਾਲ ਕਰਾਈ ਜਾਵੇ ਕਿ ਉਹ ਰਾਸੀ ਕਿਥੇ ਗਈ ਜਾਂ ਕਿਥੇ ਜਾ ਰਹੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜੋ ਗ੍ਰੰਥੀ ਸਿੰਘ, ਰਾਗੀ ਅਤੇ ਢਾਡੀ ਕਵੀਸਰ ਅਤੇ ਪ੍ਰਚਾਰਕ ਦਾੜ੍ਹੀ ਰੰਗਦੇ ਹਨ ਉਹ ਗੁਰਮਤਿ ਦੇ ਉਲਟ ਅਤੇ ਨਿੰਖੇਧੀਯੋਗ ਹੈ, ਉਨ੍ਹਾਂ ਬਾਰੇ ਨਿਸਾਨਦੇਹੀ ਕਰਦਿਆਂ ਪੰਥਕ ਰਹਿਤ ਮਰਯਾਦਾ ਅਨੁਸਾਰ ਉਨ੍ਹਾਂ ਖਿਲਾਫ ਕਾਰਵਾਈ ਕਰਦਿਆਂ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੋ ਢਾਡੀ ਜਥੇ ਕਿਸੇ ਕਾਰਨ ਸਜਦੇ ਦੀਵਾਨ ਵਿਚ ਹਾਜਰੀ ਨਹੀਂ ਭਰ ਰਹੇ ਉਨ੍ਹਾਂ ਨੂੰ ਵੀ ਸੰਗਤ ਦੇ ਸਨਮੁੱਖ ਹੋਣ ਦਾ ਮੌਕਾ ਦਿੱਤਾ ਜਾਵੇ। । ਇਸ ਮੌਕੇ ਪ੍ਰਧਾਨ ਗਿਆਨੀ ਕੇਵਲ ਸਿੰਘ ਕਲੰਜਰ ਅਤੇ ਕਾਰਜਕਾਰੀ ਪ੍ਰਧਾਨ ਕੁਲਵਿੰਦਰ ਸਿੰਘ ਲਾਧੂਭਾਣਾ ਤੋਂ ਇਲਾਵਾ ਬਲਦੇਵ ਸਿੰਘ ਬਲਗਣ, ਗੁਰਮੇਜ ਸਿੰਘ ਬੀਏ, ਤਰਸੇਮ ਸਿੰਘ ਅਮਰਕੋਟ, ਦੇਸਾ ਸਿੰਘ ਦਲੇਰ, ਸੁਖਬੀਰ ਸਿੰਘ ਸਾਗਰ, ਸਰਿੰਦਰ ਸਿੰਘ , ਇਕਬਾਲ ਸਿੰਘ , ਅਮਿ੍ਰਤਪਾਲ ਸਿੰਘ ਅਸੋਕ ਸਿੰਘ , ਗੁਰਸੇਵਕ ਸਿੰਘ ਤੇ ਜਸਵਿੰਦਰ ਸਿੰਘ ਭਾਗੋਵਾਲ, ਸਰਬਜੀਤ ਸਿੰਘ ਐਮ ਏ, ਗੁਰਮੀਤ ਸਿੰਘ ਐਮ ਏ ਅਤੇ ਰਜਿੰਦਰ ਸਿੰਘ ਸਭਰਾ ਮੌਜੂਦ ਸਨ ।

