ਸਿਹਤ ਮੰਤਰੀ ਦੀ ਕੋਠੀ ਦੇ ਬਾਹਰ ਅਕਾਲੀਆਂ ਵੱਲੋਂ ਰੋਸ ਪ੍ਰਦਰਸ਼ਨ
ਮੁਹਾਲੀ, 7 ਜੂਨ (ਅਬਰਾਵਾਂ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਹੇਠ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਮੁਹਾਲੀ ਦੀ ਫੇਜ਼ ਸੱਤ ਦੀ ਕੋਠੀ ਬਾਹਰ ਪ੍ਰਦਰਸ਼ਨ ਕੀਤਾ। ਉਨ੍ਹਾਂ ਮੰਤਰੀ ’ਤੇ ਕੋਵਿਡ-19 ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਣ ਦਾ ਦੋਸ਼ ਲਾਉਂਦਿਆਂ ਮੰਤਰੀ ਦਾ ਪੁਤਲਾ ਫੂਕਿਆ। ਸੁਖਬੀਰ ਨੇ ਦੋਸ਼ ਲਾਇਆ ਕਿ ਸਿਹਤ ਮੰਤਰੀ ਸੂਬੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਫੇਲ੍ਹ ਰਹੇ ਹਨ। ਇਸ ਮੌਕੇ ਸਥਿਤੀ ਬੇਕਾਬੂ ਹੁੰਦੀ ਦੇਖ ਕੇ ਪੁਲੀਸ ਨੂੰ ਅਕਾਲੀ ਵਰਕਰਾਂ ਨੂੰ ਪ੍ਰਦਰਸ਼ਨ ਵਾਲੀ ਥਾਂ ਤੋਂ ਭਜਾਇਆ। ਸ੍ਰੀ ਬਾਦਲ ਨੇ ਐਲਾਨ ਕੀਤਾ ਕਿ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਸਭ ਤੋਂ ਪਹਿਲਾਂ ਪੋਸਟ ਮੈਟਿ੍ਰਕ ਸਕਾਲਰਸ਼ਿਪ ਘੁਟਾਲੇ ਦੇ ਮਾਮਲੇ ਵਿੱਚ ਸਾਧੂ ਸਿੰਘ ਧਰਮਸੋਤ ਅਤੇ ਉਸ ਤੋਂ ਬਾਅਦ ਸਿਹਤ ਮੰਤਰੀ ਬਲਬੀਰ ਸਿੱਧੂ ਖਿਲਾਫ ਅਪਰਾਧਿਕ ਕੇਸ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾਵੇਗਾ।
ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਲੋਕਾਂ ਨੂੰ ਵੈਕਸੀਨ ਸਮੇਤ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣਾ ਸਿਹਤ ਮੰਤਰੀ ਦੀ ਜ਼ਿੰਮੇਵਾਰੀ ਹੈ, ਪ੍ਰੰਤੂ ਕੇਂਦਰ ਵੱਲੋਂ ਕਰੋਨਾ ਤੋਂ ਬਚਾਅ ਲਈ 400 ਰੁਪਏ ਪ੍ਰਤੀ ਡੋਜ਼ ਦੇ ਹਿਸਾਬ ਨਾਲ ਕੋ-ਵੈਕਸੀਨ ਦੀਆਂ ਭੇਜੀਆਂ 1 ਲੱਖ 40 ਹਜ਼ਾਰ ਖੁਰਾਕਾਂ ਲੋਕਾਂ ਨੂੰ ਮੁਫ਼ਤ ਵਿੱਚ ਮੁਹੱਈਆ ਕਰਵਾਉਣ ਦੀ ਬਜਾਏ 42 ਹਜ਼ਾਰ ਖੁਰਾਕਾਂ, 20 ਨਿੱਜੀ ਹਸਪਤਾਲਾਂ ਨੂੰ 1060 ਪ੍ਰਤੀ ਡੋਜ਼ ਦੇ ਹਿਸਾਬ ਨਾਲ ਵੇਚ ਦਿੱਤੀਆਂ ਤਾਂ ਜੋ ਨਿੱਜੀ ਹਸਪਤਾਲਾਂ ਵਾਲੇ ਹੋਰ ਮੁਨਾਫ਼ਾ ਕਮਾ ਸਕਣ।
ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ, ਵਿਧਾਇਕ ਐਨ ਕੇ ਸ਼ਰਮਾ, ਪਵਨ ਕੁਮਾਰ ਟੀਨੂ, ਸਾਬਕਾ ਮੰਤਰੀ ਸ਼ਰਨਜੀਤ ਸਿੰਈ ਢਿੱਲੋਂ, ਸੁਰਜੀਤ ਸਿੰਘ ਰੱਖੜਾ, ਐਸਜੀਪੀਸੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਮੈਂਬਰ ਪਰਮਜੀਤ ਕੌਰ ਲਾਂਡਰਾਂ, ਸੁਰਜੀਤ ਸਿੰਘ ਗੜੀ, ਸਿਮਰਜੀਤ ਸਿੰਘ ਚੰਦੂਮਾਜਰਾ, ਰਣਜੀਤ ਸਿੰਘ ਗਿੱਲ, ਕੁਲਦੀਪ ਕੌਰ ਕੰਗ, ਹਰਮਨਪ੍ਰੀਤ ਸਿੰਘ ਪਿ੍ਰੰਸ, ਕਮਲਜੀਤ ਸਿੰਘ ਰੂਬੀ, ਸਰਬਜੀਤ ਸਿੰਘ ਪਾਰਸ, ਗੁਰਮੀਤ ਸਿੰਘ ਸ਼ਾਮਪੁਰ, ਕੈਪਟਨ ਰਮਨਦੀਪ ਸਿੰਘ ਬਾਵਾ, ਗੁਰਜਿੰਦਰ ਸਿੰਘ ਤਾਜਲਪੁਰ, ਜਸਵਿੰਦਰ ਸਿੰਘ ਜੱਸੀ, ਪਰਵਿੰਦਰ ਸਿੰਘ ਤਸਿੰਬਲੀ, ਸਤਨਾਮ ਸਿੰਘ ਲਾਂਡਰਾਂ ਹਾਜਰ ਸਨ।

