ਮੁੱਖ ਮੰਤਰੀ ਨੇ ਦਰਬਾਰ ਸਾਹਿਬ ਲਈ ਸੋਲਰ ਪਲਾਂਟ ਲਗਾਉਣ ਹਿੱਤ ਐੱਸ.ਜੀ.ਪੀ.ਸੀ. ਨੂੰ ਦਿੱਤਾ ਪੂਰਨ ਸਮਰਥਨ
ਕਿਹਾ, ਬਿਜਲੀ ਵਿਭਾਗ ਨੂੰ ਪਹਿਲਾਂ ਹੀ ਇਸ ਸਬੰਧੀ ਪ੍ਰਵਾਨਗੀ ਅਤੇ ਪ੍ਰਾਜੈਕਟ ਨੂੰ ਜਲਦ ਮੁਕੰਮਲ ਕਰਵਾਉਣ ਲਈ ਦਿੱਤੇ ਨਿਰਦੇਸ਼
ਚੰਡੀਗੜ੍ਹ, 12 ਜੂਨ (ਅਬਰਾਵਾਂ/ਮਧੂਸਾਰ ਬਿਊਰੋ) ਦਰਬਾਰ ਸਾਹਿਬ ਲਈ ਸੋਲਰ ਪਲਾਂਟ ਪ੍ਰਾਜੈਕਟ ਲਗਾਉਣ ਸਬੰਧੀ ਆਪਣੀ ਸਰਕਾਰ ਵੱਲੋਂ ਸੰਪੂਰਨ ਸਮਰਥਨ ਦਿੰਦਿਆਂ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਬਿਜਲੀ ਵਿਭਾਗ ਨੂੰ ਪਲਾਂਟ ਲਗਾਉਣ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਵਾਨਗੀ ਦੇਣ ਅਤੇ ਇਸ ਨੂੰ ਜਲਦ ਮੁਕੰਮਲ ਕਰਨ ਲਈ ਪੁਰਜ਼ੋਰ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ।
ਮੁੱਖ ਮੰਤਰੀ ਅੱਜ ਸ੍ਰੀ ਦਰਬਾਰ ਸਾਹਿਬ, ਅੰਮਿ੍ਰਤਸਰ ਨੂੰ ਬਿਜਲੀ ਸਪਲਾਈ ਕਰਨ ਵਾਲੇ ਸੋਲਰ ਪਲਾਂਟ ਪ੍ਰਾਜੈਕਟ ਲਈ ਸੂਬਾ ਸਰਕਾਰ ਤੋਂ ਮਨਜੂਰੀ ਨਾ ਮਿਲਣ ਬਾਰੇ ਸ੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਬਿਆਨ ਦਾ ਜਵਾਬ ਦੇ ਰਹੇ ਸਨ।
ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਹਫ਼ਤੇ ਦੇ ਸੁਰੂ ਵਿੱਚ ਹੋਈ ਇੱਕ ਮੀਟਿੰਗ ਦੌਰਾਨ, ਬਿਜਲੀ ਵਿਭਾਗ ਨੇ ਪਹਿਲਾਂ ਹੀ ਇਸ ਪ੍ਰਾਜੈਕਟ ਨੂੰ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ ਸੀ।
ਬੁਲਾਰੇ ਨੇ ਦੱਸਿਆ ਕਿ ਅਮਰੀਕਾ ਸਥਿਤ ਯੂਨਾਈਟਿਡ ਸਿੱਖ ਮਿਸਨ ਨੇ ਹਰਿਮੰਦਰ ਸਾਹਿਬ ਤੋਂ 10 ਕਿਲੋਮੀਟਰ ਦੀ ਦੂਰੀ ‘ਤੇ 2 ਮੈਗਾਵਾਟ ਸਮਰੱਥਾ ਵਾਲਾ ਸੋਲਰ ਪਲਾਂਟ ਲਗਾਉਣ ਦੀ ਇਜਾਜਤ ਮੰਗੀ ਸੀ, ਜਿਸ ਬਾਰੇ ਸਰਕਾਰ ਨੂੰ ਕੋਈ ਇਤਰਾਜ ਨਹੀਂ ਸੀ ਅਤੇ ਪਾਵਰਕਾਮ ਨੇ ਸਿਧਾਂਤਕ ਤੌਰ ‘ਤੇ ਮਨਜੂਰੀ ਦੇ ਦਿੱਤੀ ਸੀ।
ਮੀਟਿੰਗ ਦੌਰਾਨ, ਪਾਵਰਕਾਮ ਦੇ ਅਧਿਕਾਰੀਆਂ ਨੇ ਦਰਬਾਰ ਸਾਹਿਬ ਤੱਕ ਬਿਜਲੀ ਪਹੁੰਚਾਉਣ ਲਈ ਪਾਵਰਕਾਮ ਦੇ ਮੌਜੂਦਾ ਟਰਾਂਸਮਿਸਨ ਨੈਟਵਰਕ ਦੀ ਵਰਤੋਂ ਦੀ ਪੇਸਕਸ ਵੀ ਕੀਤੀ ਸੀ, ਜਿਸ ਲਈ ਯੂਨਾਈਟਿਡ ਸਿੱਖ ਮਿਸਨ ਨੂੰ ਪੂੰਜੀ ਨਿਵੇਸ ਦੀ ਲੋੜ ਨਹੀਂ ਪਵੇਗੀ।
ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸਪੱਸਟ ਕਰ ਦਿੱਤਾ ਹੈ ਕਿ ਪ੍ਰਾਜੈਕਟ ਨੂੰ ਚਲਾਉਣ ਵਿਚ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ। ਉਨ੍ਹਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ ਦਿੱਤੇ ਹਨ ਕਿ ਉਹ ਇਸ ਪ੍ਰਾਜੈਕਟ ਵਿੱਚ ਸਰਗਰਮੀ ਨਾਲ ਜੁੜੇ ਰਹਿਣ ਅਤੇ ਇਸ ਦੇ ਜਲਦ ਪੂਰਾ ਹੋਣ ਨੂੰ ਯਕੀਨੀ ਬਣਾਉਣ। ਬੁਲਾਰੇ ਨੇ ਕਿਹਾ ਕਿ ਮੁੱਖ ਮੰਤਰੀ ਨੇ ਯੂਨਾਈਟਿਡ ਸਿੱਖ ਮਿਸਨ ਅਤੇ ਐਸ.ਜੀ.ਪੀ.ਸੀ. ਵੱਲੋਂ ਸੰਕਲਪਿਤ ਕੀਤੇ ਇਸ ਪ੍ਰਾਜੈਕਟ ਲਈ ਆਪਣੀ ਸਰਕਾਰ ਦਾ ਪੂਰਨ ਸਮਰਥਨ ਦਿੱਤਾ ਹੈ।

