ਪੰਜਾਬਪਟਿਆਲਾ

ਪਾਈਪਾਂ ਪਾ ਕੇ ਬੰਦ ਕੀਤੇ ਨਾਲਿਆਂ ’ਤੇ ਪੈਂਦੀਆਂ ਇਮਾਰਤਾਂ ’ਚ ਨਹੀਂ ਹੋ ਸਕੇਗਾ ਵਪਾਰਕ ਕੰਮ : ਮੇਅਰ

ਪਟਿਆਲਾ, 15 ਜੂਨ (ਰਮਨਦੀਪ/ਮਧੂਸਾਰ ਬਿਊਰੋ) : ਨਗਰ ਨਿਗਮ ਦੀ ਹੱਦ ਤੋਂ ਬਾਹਰ 40 ਦੇ ਕਰੀਬ ਕਲੋਨੀਆਂ ਨੂੰ ਨਹਿਰੀ ਪਾਣੀ ਪ੍ਰੋਜੈਕਟ ਦਾ ਪੂਰਾ ਲਾਭ ਦਿੱਤਾ ਜਾਵੇਗਾ। ਜਨਰਲ ਹਾਊਸ ਦੀ ਮੀਟਿੰਗ ਦੌਰਾਨ ਸਾਰੇ ਕੌਂਸਲਰਾਂ ਨੇ ਇਸ ਨੂੰ ਸਰਬਸੰਮਤੀ ਨਾਲ ਸਵੀਕਾਰ ਕਰ ਲਿਆ ਹੈ। ਜਨਰਲ ਹਾਊਸ ਦੀ ਪ੍ਰਧਾਨਗੀ ਕਰਦਿਆਂ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਹਾਊਸ ਨੂੰ ਦੱਸਿਆ ਕਿ ਲੋਕ ਸਭਾ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਦੇ ਕੋਲ ਬਾਹਰੀ ਕਲੋਨੀਆਂ ਦੇ ਵਸਨੀਕਾਂ ਨੇ ਅਪੀਲ ਕੀਤੀ ਸੀ ਕਿ ਉਹਨਾਂ ਨੂੰ ਨਹਿਰੀ ਪਾਣੀ ਪ੍ਰੋਜੈਕਟ ਦੇ ਲਾਭ ਤੋਂ ਵਾਂਝਾ ਨਾ ਰੱਖਿਆ ਜਾਵੇ। ਲੋਕਾਂ ਦੀ ਮੰਗ ਤੋਂ ਬਾਅਦ ਲੋਕਸਭਾ ਮੈਂਬਰ ਨੇ ਮੇਅਰ ਕੋਲ ਇੱਛਾ ਜਤਾਈ ਕਿ ਜੇਕਰ ਹਾਊਸ ਵੱਲੋਂ ਬਾਹਰੀ ਕਲੋਨੀਆਂ ਦੇ ਵਸਨੀਕਾਂ ਨੂੰ ਨਹਿਰੀ ਪਾਣੀ ਦਾ ਲਾਭ ਦੇਣ ਨੂੰ ਮਨਜ਼ੂਰੀ ਦਿੱਤੀ ਜਾਵੇ ਤਾਂ ਭਵਿੱਖ ਵਿੱਚ ਇਸ ਦੇ ਚੰਗੇ ਸਿੱਟੇ ਨਿਕਲ ਸਕਣਗੇ। ਮੇਅਰ ਸੰਜੀਵ ਸ਼ਰਮਾ ਬਿੱਟੂ ਵੱਲੋਂ ਇਸ ਮਤੇ ਨੂੰ ਜਨਰਲ ਹਾਊਸ ਦੇ ਸਾਹਮਣੇ ਪੇਸ਼ ਕੀਤਾ ਗਿਆ। ਇਸ ਮਤੇ ਨੂੰ ਹਾਊਸ ਨੇ ਪ੍ਰਵਾਨ ਕਰਕੇ ਸ਼ਹਿਰ ਦੇ ਬਾਹਰ ਦੀਆਂ ਕਰੀਬ 40 ਕਲੋਨੀਆਂ ਨੂੰ ਨਹਿਰੀ ਪਾਣੀ ਦਾ ਲਾਭ ਮਿਲਣ ਦਾ ਰਾਹ ਸਾਫ ਕਰ ਦਿੱਤਾ।

ਜਨਰਲ ਹਾਊਸ ਦੇ ਇਸ ਫੈਸਲੇ ਨਾਲ, ਨਿਗਮ ਦੇ ਅਧਿਕਾਰ ਖੇਤਰ ਤੋਂ ਬਾਹਰ ਤਕਰੀਬਨ ਦੋ ਲੱਖ ਲੋਕਾਂ ਨੂੰ ਨਹਿਰੀ ਪਾਣੀ ਪ੍ਰੋਜੈਕਟ ਦਾ ਲਾਭ ਮਿਲਣਾ ਯਕੀਨੀ ਹੋ ਗਿਆ ਹੈ। ਮੰਗਲਵਾਰ ਸਵੇਰੇ 11.30 ਵਜੇ ਨਗਰ ਨਿਗਮ ਵਿੱਚ ਰੱਖੇ ਜਨਰਲ ਹਾਊਸ ਨੂੰ ਕੋਰੋਨਾ ਮਹਾਂਮਾਰੀ ਕਾਰਨ ਵੀਡੀਓ ਕਾਨਫਰੰਸਿੰਗ ਰਾਹੀਂ ਪੂਰਾ ਕੀਤਾ ਗਿਆ। ਲੀਜ ਐਂਡ ਰੈਂਟ ਪ੍ਰਾਪਰਟੀ ਐਸੋਸੀਏਸ਼ਨ ਨੇ ਨਗਰ ਨਿਗਮ ਦੇ ਅਧਿਕਾਰੀਆਂ ਦੇ ਨਾਲ-ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਲੋਕਸਭਾ ਮੈਂਬਰ ਮਹਾਰਾਣੀ ਪ੍ਰਨੀਤ ਕੌਰ, ਬੀਬਾ ਜੈਇੰਦਰ ਕੌਰ ਅਤੇ ਮੇਅਰ ਸੰਜੀਵ ਸ਼ਰਮਾ ਬਿੱਟੂ ਦਾ ਧੰਨਵਾਦ ਕੀਤਾ। ਜਨਰਲ ਹਾਊਸ ਦੌਰਾਨ ਫੈਸਲਾ ਲਿਆ ਗਿਆ ਕਿ ਸ਼ਹਿਰ ਵਿੱਚ ਟ੍ਰੈਫਿਕ ਜਾਮ ਤੋਂ ਸ਼ਹਿਰ ਵਾਸੀਆਂ ਨੂੰ ਬਚਾਉਣ ਲਈ ਵੈਂਡਰ ਪਾਲਿਸੀ ਅਧੀਨ ਰਾਘੋਮਾਜਰਾ ਦੀ ਪੁਰਾਣੀ ਸਬਜ਼ੀ ਮੰਡੀ ਨੂੰ ਘਲੌੜੀ ਗੇਟ ਵਿਖੇ ਨਵੀਂ ਉਸਾਰੀ ਗਈ ਰੇਹੜੀ ਮਾਰਕੀਟ ਵਿੱਚ ਸ਼ਿਫਟ ਕੀਤਾ ਗਿਆ ਸੀ।
ਕੌਂਸਲਰ ਵਿਜੇ ਕੂਕਾ ਨੇ ਜਨਰਲ ਹਾਊਸ ਦੌਰਾਨ ਹਾਊਸ ਦੇ ਸਾਹਮਣੇ ਪ੍ਰਸਤਾਵ ਦਿੱਤਾ ਕਿ ਕੋਲੰਬੀਆ ਏਸ਼ੀਆ ਦੇ ਪਿੱਛੇ ਸੜਕ ਦੇ ਇਕ ਹਿੱਸੇ ਵਿਚ ਪਹਿਲਾਂ ਤੋਂ ਹੀ ਵਪਾਰਕ ਕੰਮ ਕੀਤੇ ਜਾ ਰਹੇ ਹਨ। ਜੇਕਰ ਸੜਕ ਦੇ ਇਸ ਹਿੱਸੇ ਨੂੰ ਕਮਰਸ਼ੀਅਲ ਘੋਸ਼ਿਤ ਕਰ ਦਿੱਤਾ ਜਾਵੇ ਤਾਂ ਨਿਗਮ ਨੂੰ ਇਸ ਦਾ ਵੱਡਾ ਲਾਭ ਹੋਵੇਗਾ। ਹਾਊਸ ਨੇ ਇਸ ਮਤੇ ਨੂੰ ਪ੍ਰਵਾਨ ਕਰ ਲਿਆ। ਇਸ ਮਹੀਨੇ 8 ਜੂਨ ਨੂੰ ਐਫ ਐਂਡ ਸੀ.ਸੀ. ਦੀ ਬੈਠਕ ਦੌਰਾਨ ਏ-ਟੈਂਕ ਕੰਪਲੈਕਸ ਵਿਚ ਪਾਰਕਿੰਗ ਬਣਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਸੀ, ਪਰ ਜਨਰਲ ਹਾਊਸ ਵੱਲੋਂ ਇਸਨੂੰ ਅਜੇ ਤੱਕ ਮਨਜ਼ੂਰ ਨਹੀਂ ਕੀਤਾ ਸੀ। ਜਨਰਲ ਹਾਊਸ ਵਿੱਚ ਕੁੱਲ 42 ਪ੍ਰਸਤਾਵ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚੋਂ ਸਾਰਿਆਂ ਨੂੰ ਮਨਜ਼ੂਰ ਕਰ ਲਿਆ ਗਿਆ। ਮੇਅਰ ਸੰਜੀਵ ਸ਼ਰਮਾ ਬਿੱਟੂ ਦੀ ਪ੍ਰਧਾਨਗੀ ਹੇਠ ਹੋਏ ਜਨਰਲ ਹਾਊਸ ਵਿੱਚ ਕਾਰਪੋਰੇਸ਼ਨ ਕਮਿਸ਼ਨਰ ਪੂਨਮਦੀਪ ਕੌਰ, ਜੁਆਇੰਟ ਕਮਿਸ਼ਨਰ ਅਭਿਕੇਸ਼ ਗੁਪਤਾ, ਐਸ.ਈ. ਸ਼ਾਮ ਲਾਲ ਗੁਪਤਾ, ਐਕਸੀਅਨ ਨਾਰਾਇਣ ਦਾਸ, ਸੁਪਰਡੈਂਟ ਗੁਰਵਿੰਦਰਪਾਲ ਸਿੰਘ ਅਤੇ ਇੰਸਪੈਕਟਰ ਗੁਰਪ੍ਰੀਤ ਸਿੰਘ ਚਾਵਲਾ ਮੁੱਖ ਤੌਰ ’ਤੇ ਮੌਜੂਦ ਸਨ।

Leave a Reply

Your email address will not be published. Required fields are marked *