ਅੰਮ੍ਰਿਤਸਰਪੰਜਾਬਪਟਿਆਲਾ

ਖਾਲਸਾ ਕਾਲਜ ਟਰੱਸਟ ਦੀ ਜ਼ਮੀਨ ’ਤੇ ਭੂ-ਮਾਫੀਏ ਦਾ ਕਬਜ਼ਾ ਨਹੀਂ ਹੋਣ ਦੇਵੇਗੀ ਸ਼ੋ੍ਰਮਣੀ ਕਮੇਟੀ : ਬੀਬੀ ਜਗੀਰ ਕੌਰ

ਜ਼ਮੀਨ ਬਚਾਉਣ ਲਈ ਮੁੱਖ ਮੰਤਰੀ ਨਾਲ ਕਰਾਂਗੀ ਮੁਲਾਕਾਤ
ਸ਼ੋ੍ਰਮਣੀ ਕਮੇਟੀ ਨੂੰ ਸਹਿਯੋਗ ਕਰਨ ਲਈ ਡੀਜੀਪੀ ਦਿਨਕਰ ਗੁਪਤਾ ਜਾਰੀ ਕਰਨ ਆਦੇਸ਼
ਪਟਿਆਲਾ 16 ਜੂਨ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖਾਲਸਾ ਕਾਲਜ ਟਰੱਸਟ ਦੀ ਜ਼ਮੀਨ ’ਤੇ ਭੂ-ਮਾਫੀਏ ਵੱਲੋਂ ਨਜਾਇਜ਼ ਕਬਜ਼ਾ ਕਰਨ ਦੀਆਂ ਚਾਲਾਂ ਦਾ ਗੰਭੀਰ ਨੋਟਿਸ ਲੈਂਦਿਆਂ ਸ਼ੋ੍ਰਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਟਰੱਸਟ ਦੀ ਜ਼ਮੀਨ ’ਤੇ ਨਜਾਇਜ਼ ਕਬਜ਼ੇ ਨੂੰ ਕਿਸੇ ਵੀ ਸੂਰਤ ਵਿਚ ਸ਼ੋ੍ਰਮਣੀ ਕਮੇਟੀ ਬਰਦਾਸ਼ਤ ਨਹੀਂ ਕਰੇਗੀ। ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਖਾਲਸਾ ਕਾਲਜ ਟਰੱਸਟ ਦੀ ਜ਼ਮੀਨ ’ਤੇ ਨਜਾਇਜ਼ ਕਬਜ਼ਾ ਛੁਡਾਉਣ ਵਿਚ ਸ਼ੋ੍ਰਮਣੀ ਕਮੇਟੀ ਨੇ ਭਾਵੇਂ ਸਫਲਤਾ ਹਾਸਲ ਤਾਂ ਕਰ ਲਈ ਹੈ, ਪ੍ਰੰਤੂ ਭੂ-ਮਾਫੀਏ ਵੱਲੋਂ ਸਿਆਸੀ ਪੁਸ਼ਤਪਨਾਹੀ ਨਾਲ ਜ਼ਮੀਨ ਹੜੱਪਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ, ਜਿਸ ਨੂੰ ਸ਼ੋ੍ਰਮਣੀ ਕਮੇਟੀ ਕਿਸੇ ਵੀ ਸੂਰਤ ਵਿਚ ਸਫਲ ਨਹੀਂ ਹੋਣ ਦੇਵੇਗੀ।

ਸ਼ੋ੍ਰਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਟਰੱਸਟ ਦੀ ਜ਼ਮੀਨ ਬਚਾਉਣ ਲਈ ਉਹ ਜਲਦ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨਗੇ ਅਤੇ ਸਾਰੀ ਸਥਿਤੀ ਬਾਰੇ ਜਾਣੂੰ ਕਰਵਾਉਣਗੇ। ਸ਼ੋ੍ਰਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਵੀ ਅਪੀਲ ਕੀਤੀ ਹੈ ਕਿ ਮੁੱਖ ਮੰਤਰੀ ਦੇ ਜੱਦੀ ਸ਼ਹਿਰ ਵਿਚ ਭੂ-ਮਾਫੀਏ ਵੱਲੋਂ ਸਿਆਸੀ ਦਖਲਅੰਦਾਜ਼ੀ ਨਾਲ ਖਾਲਸਾ ਕਾਲਜ ਟਰੱਸਟ ਦੀ ਜ਼ਮੀਨ ਨੂੰ ਹੜੱਪਣ ਦੀਆਂ ਕੀਤੀਆਂ ਜਾ ਰਹੀ ਕੋਸ਼ਿਸ਼ਾਂ ਨੂੰ ਗੰਭੀਰਤਾ ਨਾਲ ਲੈਣ ਅਤੇ ਇਸ ਸੰਜੀਦਾ ਮਾਮਲੇ ਪ੍ਰਤੀ ਪੁਲਿਸ ਪ੍ਰਸ਼ਾਸਨ ਨੂੰ ਆਦੇਸ਼ ਕਰਨ ਕਿ ਟਰੱਸਟ ਦੀ ਜ਼ਮੀਨ ਨੂੰ ਬਚਾਉਣ ਵਿਚ ਉਚ ਪੁਲਿਸ ਅਧਿਕਾਰੀ ਸ਼ੋ੍ਰਮਣੀ ਕਮੇਟੀ ਨੂੰ ਸਹਿਯੋਗ ਕਰਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਖਾਲਸਾ ਕਾਲਜ ਟਰੱਸਟ ਦੇ ਹਿੱਸੇ 110 ਵਿੱਘੇ, 15 ਵਿਸਵੇ ਜ਼ਮੀਨ ਹੈ, ਜਿਸ ਵਿਚੋਂ 25 ਵਿਘੇ 9 ਵਿਸਵੇ ਰਕਬੇ ਵਿਚ ਮਾਤਾ ਸਾਹਿਬ ਕੋਰ ਗਰਲਜ਼ ਖਾਲਸਾ ਕਾਲਜ ਧਾਮੋਮਾਜਰਾ ਵਿਖੇ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕਾਲਜ ਟਰੱਸਟ ਕੋਲ 57 ਵਿੱਘੇ 19 ਵਿਸਵੇ ਰਕਬੇ ਵਿਚ ਭੂ-ਮਾਫੀਆ ਨਜਾਇਜ਼ ਕਬਜ਼ਾ ਕਰਨਾ ਚਾਹੁੰਦਾ ਹੈ, ਜਿਸ ਨੂੰ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਕਤ ਸਥਾਨ ’ਤੇ ਕਿਸੇ ਕਿਸਮ ਦਾ ਝਗੜਾ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।

Leave a Reply

Your email address will not be published. Required fields are marked *