ਪੀਆਰਟੀਸੀ ਮੁੱਖ ਦਫਤਰ ਦੇ ਬਾਹਰ ਛੇ ਜਥੇਬੰਦੀਆਂ ਵੱਲੋਂ ਰੋਸ ਧਰਨਾ
ਪਟਿਆਲਾ, 25 ਜੂਨ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਇੱਥੇ ਪੀ.ਆਰ.ਟੀ.ਸੀ. ਕੰਮ ਕਰਦੀਆਂ ਛੇ ਜਥੇਬੰਦੀਆਂ ਸਬੰਧਤ ਏਟਕ, ਇੰਟਕ, ਕਰਮਚਾਰੀ ਦਲ, ਐਸ.ਸੀ.ਬੀ.ਸੀ., ਸੀਟੂ ਅਤੇ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਦੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਪਟਿਆਲਾ ਵਿਖੇ ਪੀ.ਆਰ.ਟੀ.ਸੀ. ਦੇ ਮੁੱਖ ਦਫਤਰ ਦੇ ਸਾਹਮਣੇ ਵਰਕਰਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਿੱਚ ਵਿਸ਼ਾਲ ਧਰਨਾ ਦਿੱਤਾ ਗਿਆ। ਜਿਸ ਵਿੱਚ 1000 ਤੋਂ ਵੱਧ ਵਰਕਰਾਂ ਨੇ ਸ਼ਮੂਲੀਅਤ ਕੀਤੀ। ਧਰਨੇ ਦੇ ਪ੍ਰਧਾਨਗੀ ਮੰਡਲ ਵਿੱਚ ਸਰਵ ਸ੍ਰੀ ਗੁਰਵਿੰਦਰ ਸਿੰਘ ਗੋਲਡੀ, ਬਲਦੇਵ ਰਾਜ ਬੱਤਾ, ਬਿਕਰਮਜੀਤ ਸ਼ਰਮਾ, ਗੁਰਬਖਸ਼ਾ ਰਾਮ, ਤਰਸੇਮ ਸਿੰਘ ਅਤੇ ਭਿੰਦਰ ਸਿੰਘ ਸ਼ਾਮਲ ਸਨ।
ਵਿਸ਼ਾਲ ਰੋਸ ਧਰਨੇ ਵਿੱਚ ਇਕੱਤਰ ਹੋਏ ਰੋਹ ਭਰਪੂਰ ਇਕੱਠ ਨੂੰ ਸੰਬੋਧਨ ਕਰਦਿਆਂ ਪੀ.ਆਰ.ਟੀ.ਸੀ. ਵਰਕਰਜ਼ ਐਕਸ਼ਨ ਕਮੇਟੀ ਦੇ ਕਨਵੀਨਰ ਸ੍ਰੀ ਨਿਰਮਲ ਸਿੰਘ ਧਾਲੀਵਾਲ ਅਤੇ ਮੈਂਬਰਾਨ ਸਰਵ ਸ੍ਰੀ ਗੰਡਾ ਸਿੰਘ, ਹਰਪ੍ਰੀਤ ਸਿੰਘ ਖੱਟੜਾ, ਰਕੇਸ਼ ਕੁਮਾਰ ਦਤਾਰਪੁਰੀ, ਇੰਦਰਪਾਲ ਸਿੰਘ ਅਤੇ ਮੁਹੰਮਦ ਖਲੀਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਐਕਸ਼ਨ ਕਮੇਟੀ ਵੱਲੋਂ ਪੰਜਾਬ ਸਰਕਾਰ, ਟਰਾਂਸਪੋਰਟ ਮੰਤਰੀ ਅਤੇ ਪੀ.ਆਰ.ਟੀ.ਸੀ. ਦੀ ਮੈਨੇਜਮੈਂਟ ਨੂੰ ਵਰਕਰਾਂ ਦੀਆਂ ਅਤੇ ਅਦਾਰੇ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਦਿੱਤੇ ਮੰਗਾਂ ਦੇ ਮੰਗ ਪੱਤਰਾਂ ਤੇ ਸਰਕਾਰ ਅਤੇ ਮੈਨੇਜਮੈਂਟ ਵਲੋਂ ਕੋਈ ਢੁਕਵਾ ਹਲ ਨਹੀਂ ਕੱਢਿਆ ਗਿਆ। ਟਾਲ ਮਟੋਲ ਵਾਲੀ ਨੀਤੀ ਤੇ ਚੱਲਿਆ ਜਾ ਰਿਹਾ ਹੈ।
ਸਰਕਾਰ ਵੱਲੋਂ ਤਾਂ ਅਦਾਰੇ ਨੂੰ ਅਤੇ ਵਰਕਰਾਂ ਦੀਆਂ ਮੰਗਾਂ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ ਕੀਤਾ ਹੋਇਆ ਹੈ, ਟਰਾਂਸਪੋਰਟ ਮੰਤਰੀ ਨੇ ਸਾਡੇ ਚਾਰ ਸਾਲ ਦੇ ਸਮੇਂ ਵਿੱਚ ਕਦੇ ਵੀ ਆਪਣੀ ਜਿੰਮੇਵਾਰੀ ਸਮਝਦੇ ਹੋਏ ਵਰਕਰਾਂ ਦੀਆਂ ਨੁਮਾਇੰਦਾਂ ਜਥੇਬੰਦੀਆਂ ਨਾਲ ਗੱਲਬਾਤ ਕਰਨ ਦੀ ਜਰੂਰਤ ਹੀ ਨਹੀਂ ਸਮਝੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੀ.ਆਰ.ਟੀ.ਸੀ. ਦੇ ਚੇਅਰਮੈਨ ਵੱਲੋਂ ਰੋਜਾਨਾ ਅਦਾਰੇ ਵਿੱਚ ਹਾਜਰ ਰਹਿਣ ਦੇ ਬਾਵਜੂਦ ਇਹ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਵਰਕਰਾਂ ਦੀਆਂ ਮੰਗਾਂ ਅਤੇ ਮੁਸ਼ਕਲਾਂ ਕੀ ਹਨ। ਆਗੂਆਂ ਨੇ ਮੰਗਾਂ ਦਾ ਜਿਕਰ ਕਰਦਿਆਂ ਕਿਹਾ ਕਿ ਕੰਟਰੈਕਟ ਅਤੇ ਆਊਟ ਸੋਰਸ ਕਰਮਚਾਰੀਆਂ ਨੂੰ ਪੱਕੇ ਕਰਾਉਣ ਲਈ ਕਾਨੂੰਨ ਬਣਾਉਣ ਅਤੇ 1992 ਦੀ ਪੈਨਸ਼ਨ ਸਕੀਮ ਤੋਂ ਵਾਂਝੇ ਰਹਿ ਗਏ ਵਰਕਰਾਂ ਨੂੰ ਪੈਨਸ਼ਨ ਲਾਗੂ ਕਰਾਉਣਾ ਐਕਸ਼ਨ ਕਮੇਟੀ ਦਾ ਮੁੱਖ ਮੁੱਦਾ ਹੈ ਇਸ ਤੋਂ ਇਲਾਵਾ 250 ਬੱਸਾਂ ਪੀ.ਆਰ.ਟੀ.ਸੀ. ਦੀ ਮਾਲਕੀ ਵਾਲੀਆਂ ਨਵੀਆਂ ਬੱਸਾਂ ਪਾਉਣਾ, ਕਿਲੋਮੀਟਰ ਸਕੀਮ ਦੀਆਂ ਬੱਸਾਂ ਅਦਾਰੇ ਤੋਂ ਬਾਹਰ ਕਰਨਾ, ਮੁਫਤ ਸਫਰ ਦੇ 150 ਕਰੋੜ ਰੁਪਏ ਸਰਕਾਰ ਤੋਂ ਲੈਣਾ, 250 ਕਰੋੜ ਰੁਪਏ ਕਰੋਨਾ ਮਹਾਂਮਾਰੀ ਕਾਰਨ ਪੀ.ਆਰ.ਟੀ.ਸੀ. ਨੇ ਪਏ ਘਾਟੇ ਦੀ ਭਰਪਾਈ ਵਜੋਂ ਲੈਣਾ, ਪ੍ਰਾਈਵੇਟ ਬਸ ਟਰਾਂਸਪੋਰਟ ਮਾਫੀਆ ਖਤਮ ਕਰਨਾ, ਭਰਿਸ਼ਟਾਚਾਰ ਖਤਮ ਕਰਨਾ, ਵਰਕਰਾ ਦੀਆਂ ਬਣਦੀਆਂ ਸਾਰੀਆਂ ਤਰੱਕੀਆਂ ਬਿਨਾਂ ਦੇਰੀ ਕਰਾਉਣੀਆਂ, ਹਾਈਕੋਰਟ ਰਾਹੀਂ ਰੈਗੂਲਰ ਕੀਤੇ ਗਏ ਵਰਕਰਾਂ ਤੇ ਪੈਨਸ਼ਨ ਸਕੀਮ 1992 ਲਾਗੂ ਕਰਨਾ, ਸੇਵਾ ਮੁਕਤ ਅਤੇ ਮੋਜੂਦਾ ਵਰਕਰਾਂ ਦੇ ਬਕਾਏ ਅਤੇ ਮੈਡੀਕਲ ਬਿਲਾਂ ਦੀ ਅਦਾਇਗੀ ਕਰਾਉਣਾ ਆਦਿ ਕੁੱਲ 40 ਮੰਗਾਂ ਹਨ ਅਤੇ 17 ਸੂਤਰੀ ਮੰਗ ਪੱਤਰ ਸਰਕਾਰ ਨਾਲ ਸਬੰਧਤ ਹੈ। ਐਕਸ਼ਨ ਕਮੇਟੀ ਆਗੂਆਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਜਿਨਾਂ ਚਿਰ ਮੰਗਾਂ ਅਤੇ ਮਸਲੇ ਹੱਲ ਨਹੀਂ ਕੀਤੇ ਜਾਂਦੇ ਉਨ੍ਹਾਂ ਚਿਰ ਐਜੀਟੇਸ਼ਨ ਨਿਰੰਤਰ ਚਲਦੇ ਰਹੇਗੀ ਅਤੇ ਇਸ ਨੂੰ ਹੋਰ ਤੇਜ਼ ਕਰਨ ਵਜੋਂ 15 ਜੁਲਾਈ ਨੂੰ ਮਲੇਰਕੋਟਲਾ ਵਿਖੇ ਰੋਸ ਮੁਜਾਹਰੇ ਕਰਦਾ ਹੋਏ ਟਰਾਂਸਪੋਰਟ ਮੰਤਰੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਉਸੇ ਦਿਨ ਅਗਲੇ ਐਕਸ਼ਨ ਵਜੋਂ ਪਟਿਆਲਾ ਵਿਖੇ ਮੁੱਖ ਮੰਤਰੀ ਨਿਵਾਸ ਵੱਲ ਨੂੰ ਮਾਰਚ ਕਰਕੇ ਮੰਗ ਪੱਤਰ ਦੇਣ ਦਾ ਐਲਾਨ ਕੀਤਾ ਜਾਵੇਗਾ। ਐਕਸ਼ਨ ਕਮੇਟੀ ਦੇ ਆਗੂਆਂ ਨੇ ਕੰਟਰੈਕਟ ਵਰਕਰਾਂ ਨੂੰ ਗੁੰਮਰਾਹ ਕੁੰਨ ਪ੍ਰਚਾਰ ਤੋਂ ਸੁਚੇਤ ਰਹਿੰਦੇ ਹੋਏ ਸੰਘਰਸ਼ ਨੂੰ ਸਾਬੋਤਾਜ ਕਰਨ ਵਾਲਿਆਂ ਦੇ ਮਨਸੂਬੇ ਸਮਝਣ ਦੀ ਲੋੜ ਤੇ ਜ਼ੋਰ ਦਿੱਤਾ। ਪੰਜਾਬ ਦੀਆਂ ਸਮੁੱਚੀਆਂ ਮੁਲਾਜਮ ਜਥੇਬੰਦੀਆਂ ਨੇ ਸਰਕਾਰ ਤੇ ਜਬਰਦਸਤ ਦਬਾਅ ਬਣਾਇਆ ਹੋਇਆ ਹੈ। ਹਰ ਹਾਲਤ ਸਰਕਾਰ ਨੂੰ ਕੰਟਰੈਕਟ ਵਰਕਰਾਂ ਨੂੰ ਪੱਕੇ ਕਰਨ ਦਾ ਕਾਨੂੰਨ ਬਣਾਉਣਾ ਪਵੇਗਾ। ਅਸੀਂ ਉਸ ਸੰਘਰਸ਼ ਦਾ ਸਰਗਰਮ ਹਿੱਸਾ ਬਣਕੇ ਲੜ ਰਹੇ ਹਾਂ। ਅੰਤ ਵਿੱਚ ਐਕਸ਼ਨ ਕਮੇਟੀ ਦੇ ਆਗੂਆਂ ਨੇ ਵਰਕਰਾਂ ਦਾ ਵੱਡੀ ਵਿੱਚ ਧਰਨੇ ਵਿੱਚ ਸ਼ਾਮਲ ਹੋਣ ਤੇ ਧੰਨਵਾਦ ਕਰਦਿਆਂ ਸੱਦਾ ਦਿੱਤਾ ਕਿ ਆਉਣ ਵਾਲੇ ਐਕਸ਼ਨਾਂ ਵਿੱਚ ਇਸੇ ਤਰ੍ਹਾਂ ਹਿੱਸਾ ਪਾਇਆ ਜਾਵੇ। ਅੱਜ ਦੇ ਧਰਨੇ ਵਿੱਚ ਜਥੇਬੰਦੀਆਂ ਦੇ ਸੀਨੀਅਰ ਆਗੂ ਸਰਵ ਸ੍ਰੀ ਸੁੱਚਾ ਸਿੰਘ, ਤਰਲੋਚਨ ਸਿੰਘ ਲਿਬੜਾ, ਉਤਮ ਸਿੰਘ ਬਾਗੜੀ, ਸੋਹਨ ਲਾਲ, ਬਹਾਦਰ ਸਿੰਘ, ਸੁਖਦੇਵ ਰਾਮ ਸੁੱਖੀ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।

