ਪੰਜਾਬਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵੱਲੋਂ ਮਨਾਇਆ ਗਿਆ ‘ਅੰਤਰਰਾਸ਼ਟਰੀ ਨਾਰੀ ਦਿਵਸ’

ਇਸ ਮੌਕੇ ‘ਮੈਂ ਧੀ ਹਾਂ ਦੇਸ਼ ਪੰਜਾਬ ਦੀ’ ਗੀਤ ਅਤੇ ਲਘੂ ਫਿਲਮ ‘ਮਾਂ’ ਕੀਤੇ ਗਏ ਲੋਕ ਅਰਪਣ
ਪਟਿਆਲਾ 8 ਮਾਰਚ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੀ ਵਿਦਿਆਰਥੀ ਭਲਾਈ ਕਮੇਟੀ ਲੜਕੀਆਂ ਅਤੇ ਨੰਨ੍ਹੀ ਛਾਂ ਸੈੱਲ ਵੱਲੋਂ ‘ਅੰਤਰਰਾਸ਼ਟਰੀ ਨਾਰੀ ਦਿਵਸ’ ਮਨਾਇਆ ਗਿਆ। ਇਸ ਮੌਕੇ ‘ਮੈਂ ਧੀ ਹਾਂ ਦੇਸ਼ ਪੰਜਾਬ ਦੀ’ ਗੀਤ ਅਤੇ ਲਘੂ ਫ਼ਿਲਮ ‘ਮਾਂ’ ਲੋਕ ਅਰਪਣ ਕੀਤੇ ਗਏ। ਇਸ ਰਿਲੀਜ਼ ਕੀਤੇ ਗਏ ਗੀਤ ਦੇ ਲੇਖਕ ਅਤੇ ਡਾਇਰੈਕਟਰ ਡਾ. ਧਰਮਿੰਦਰ ਸਿੰਘ ਉੱਭਾ ਹਨ।

ਇਸ ਗੀਤ ਦਾ ਸੰਗੀਤ ਪੋਸਟ ਗ੍ਰੈਜੂਏਟ ਸੰਗੀਤ ਗਾਇਨ ਵਿਭਾਗ ਦੇ ਮੁਖੀ ਡਾ. ਜਗਜੀਤ ਸਿੰਘ ਨੇ ਤਿਆਰ ਕੀਤਾ ਹੈ ਅਤੇ ਇਸ ਗੀਤ ਦੀ ਗਾਇਕਾ ਸਥਾਨਕ ਕਾਲਜ ਦੀ ਬੀ.ਏ. ਭਾਗ ਪਹਿਲਾ ਦੀ ਵਿਦਿਆਰਥਣ ਸਰਘੀ ਹੈ। ਜਿਸ ਨੇ ਵਾਇਸ ਆਫ ਪੰਜਾਬ ਸੀਜ਼ਨ ਅੱਠ ਵਿੱਚ ਪਹਿਲੇ ਪ੍ਰਤੀਯੋਗੀਆਂ ਵਿੱਚ ਆਪਣਾ ਸਥਾਨ ਬਣਾਇਆ ਸੀ ਅਤੇ ਪੰਜਾਬੀ ਯੂਨੀਵਰਸਿਟੀ­ ਪਟਿਆਲਾ ਦੇ ਖੇਤਰੀ ਯੁਵਕ ਮੇਲੇ ਵਿੱਚ ਗੋਲਡ ਮੈਡਲ ਹਾਸਲ ਕੀਤਾ। ਲਘੂ ਫ਼ਿਲਮ ‘ਮਾਂ’ ਕਾਲਜ ਦੇ ਬੀ.ਐਸਸੀ. ਨਾਨ ਮੈਡੀਕਲ ਭਾਗ ਦੂਜਾ ਦੇ ਵਿਦਿਆਰਥੀ ਗੁਰਚਰਨ ਸਿੰਘ ਜਿਹੜਾ ਕਿ ਥੀਏਟਰ ਦੀ ਦੁਨੀਆਂ ਵਿਚ ਗੁਰ ਸਟਾਰ ਵਜੋਂ ਜਾਣਿਆ ਜਾਂਦਾ ਹੈ ਨੇ ਪ੍ਰੋ. ਪ੍ਰਿਤਪਾਲ ਸਿੰਘ ਅਤੇ ਪ੍ਰੋ. ਜਸਪ੍ਰੀਤ ਸਿੰਘ ਬਜਾਜ ਦੀ ਦੇਖ ਰੇਖ ਵਿੱਚ ਤਿਆਰ ਕੀਤੀ ਹੈ। ਇਸ ਲਘੂ ਫ਼ਿਲਮ ਨੇ ਪੰਜਾਬੀ ਯੂਨੀਵਰਸਿਟੀ­ ਪਟਿਆਲਾ ਦੇ ਲੋਕ ਮੇਲੇ ਵਿੱਚ ਤੀਸਰਾ ਸਥਾਨ ਹਾਸਲ ਕੀਤਾ।
ਇਸ ਮੌਕੇ ਕਾਲਜ ਵੱਲੋਂ ਇਤਿਹਾਸ ਵਿਭਾਗ ਦੀ ਸਾਬਕਾ ਅਧਿਆਪਕਾ ਪ੍ਰੋਫੈਸਰ ਮਲਜਿੰਦਰ ਕੌਰ ਨੂੰ ਆਪਣੇ ਸੇਵਾ ਕਾਲ ਦੌਰਾਨ ਕਾਲਜ ਵਿਖੇ ਸੱਭਿਆਚਾਰਕ ਸਰਗਰਮੀਆਂ ਦੇ ਖੇਤਰ ਵਿੱਚ ਪਾਏ ਵਿਲੱਖਣ ਯੋਗਦਾਨ ਸਦਕਾ ‘ਖ਼ਾਲਸਾ ਕਾਲਜ ਨਾਰੀ ਗੌਰਵ ਐਵਾਰਡ 2018’ ਨਾਲ਼ ਸਨਮਾਨਿਤ ਕੀਤਾ ਗਿਆ ।
ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਨਾਰੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਮਾਜ ਨੂੰ ਸਿਰਜਣ­ ਪਾਲਣ ਤੇ ਸੰਭਾਲਣ ਦੇ ਪੱਖ ਤੋਂ ਔਰਤ ਦਾ ਯੋਗਦਾਨ ਹਮੇਸ਼ਾਂ ਹੀ ਕਾਬਿਲ-ਏ-ਤਾਰੀਫ਼ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਂ ਦੁਨੀਆਂ ਦਾ ਸਭ ਤੋਂ ਵੱਡਾ ਮਨੋਵਿਗਿਆਨੀ ਹੈ ਔਰਤ ਅੰਦਰੋਂ ਬੁਨਿਆਦੀ ਦੌਰ ‘ਤੇ ਮਜ਼ਬੂਤ ਹੈ। ਡਾ. ਉੱਭਾ ਨੇ ਭਾਈ ਗੁਰਦਾਸ ਜੀ ਦੀ ਬਾਣੀ ‘ਅਰਧ ਸਰੀਰੀ ਮੋਖ ਦੁਆਰੀ’ ਦੇ ਹਵਾਲੇ ਨਾਲ ਕਿਹਾ ਕਿ ਸੰਸਾਰ ‘ਚ ਔਰਤ ਤੋਂ ਬਿਨਾਂ ਨਾ ਤਾਂ ਘਰ­ ਘਰ ਹੁੰਦਾ ਹੈ ਅਤੇ ਨਾ ਹੀ ਮੁਕਤੀ ਸੰਭਵ ਹੁੰਦੀ ਹੈ।
ਪ੍ਰੋ. ਅੰਬਿਕਾ ਨੇ ਇਸ ਮੌਕੇ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਔਰਤ ਹੋਣਾ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸਮਾਜ ਵਿੱਚ ਤਾਂ ਔਰਤ ਨੂੰ ਦੇਵੀ ਦੇ ਬਰਾਬਰ ਰੁਤਬਾ ਦਿੱਤਾ ਜਾਂਦਾ ਹੈ। ਔਰਤ ਆਪਣੇ ਸੁਭਾਅ ਦੇ ਖਾਸ ਗੁਣਾਂ ਸਹਿਣਸ਼ੀਲਤਾ­ ਮਿਹਨਤ ਅਤੇ ਲਗਨ ਸਦਕਾ ਹਮੇਸ਼ਾਂ ਹੀ ਸਮਾਜ ਦੇ ਵਿਕਾਸ ਵਿੱਚ ਯੋਗਦਾਨ ਪਾਉਂਦੀ ਰਹੀ ਹੈ। ਇਸ ਕਰਕੇ ਹੀ ਔਰਤ ਨੂੰ ਸਮਾਜ ਦੀ ਮਰਿਆਦਾ ਦੀ ਵਾਹਕ ਵੀ ਮੰਨਿਆ ਜਾਂਦਾ ਹੈ।
ਡੀਨ­ ਵਿਦਿਆਰਥੀ ਭਲਾਈ ਕਮੇਟੀ ਲੜਕੀਆਂ ਪ੍ਰੋ. ਸੁਖਮੀਨ ਕੌਰ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ ਅਤੇ ਅੰਤਰਰਾਸ਼ਟਰੀ ਨਾਰੀ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪ੍ਰਮਾਤਮਾ ਨੇ ਔਰਤ ਦੀ ਸਰੀਰਕ ਬਣਤਰ ਨੂੰ ਸਿਰਜਣਾ ਦੇ ਅਜਿਹੇ ਗੁਣ ਬਖ਼ਸ਼ੇ ਹਨ­ ਜਿਨ੍ਹਾਂ ਸਦਕਾ ਉਹ ਇਕ ਦੇਵੀ ਤੋਂ ਵੀ ਅੱਗੇ ਪ੍ਰਮਾਤਮਾ ਵਰਗਾ ਰੂਪ ਅਖ਼ਤਿਆਰ ਕਰ ਜਾਂਦੀ ਹੈ ਕਿਉਂਕਿ ਸਿਰਜਣਾ ਦੀ ਸ਼ਕਤੀ ਜਾਂ ਤਾਂ ਰੱਬ ਦੇ ਹਿੱਸੇ ਆਈ ਹੈ ਜਾਂ ਔਰਤ ਦੇ ਹਿੱਸੇ।
ਨੰਨ੍ਹੀ ਛਾਂ ਸੈੱਲ ਦੇ ਕਨਵੀਨਰ ਡਾ. ਬਲਬੀਰ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਔਰਤ ਨੂੰ ਆਪਣੇ ਜੀਵਨ ਦੇ ਕਿਸੇ ਵੀ ਪੜਾਅ ਤੇ ਆਈ ਮੁਸੀਬਤ ਨੂੰ ਹੱਸ ਕੇ ਸਵੀਕਾਰ ਕਰਨਾ ਚਾਹੀਦਾ ਹੈ ਤੇ ਸਫ਼ਲਤਾ ਪ੍ਰਾਪਤੀ ਲਈ ਆਪਣੀ ਕੋਸ਼ਿਸ਼ ਬਰਕਰਾਰ ਰੱਖਣੀ ਚਾਹੀਦੀ ਹੈ। ਇਸ ਸਮਾਗਮ ਦੌਰਾਨ ਮੰਚ ਸੰਚਾਲਨ ਪ੍ਰੋ. ਜਸਪ੍ਰੀਤ ਕੌਰ ਨੇ ਕੀਤਾ। ਇਸ ਮੌਕੇ ਕਾਲਜ ਦੇ ਸਮੂਹ ਫੀਮੇਲ ਸਟਾਫ਼ ਨੇ ਸ਼ਿਰਕਤ ਕੀਤੀ।

Leave a Reply

Your email address will not be published. Required fields are marked *