ਡਾ. ਰੂਪ ਸਿੰਘ ਦਾ ਲਿਖਿਆ ਕਿਤਾਬਚਾ “ਗੁਰੂ ਕਾ ਬਾਗ” ਸਾਬਕਾ ਕਰਮਚਾਰੀ ਐਸੋਸੀਏਸ਼ਨ ਵਲੋਂ ਰਲੀਜ਼
ਅਦਲੀਵਾਲ ਤੇ ਸ੍ਰ. ਬੇਦੀ ਨੇ ਕਿਤਾਬਚਾ ਤੇ ਵਿਚਾਰ ਪ੍ਰਗਟਾਏ
ਅੰਮਿ੍ਰਤਸਰ, 28 ਜੂਨ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਗੁਰਮਤਿ ਦੇ ਵਿਦਵਾਨ ਡਾ. ਰੂਪ ਸਿੰਘ ਸਾਬਕਾ ਮੁਖ ਸਕੱਤਰ ਸ਼੍ਰੋ: ਗੁ: ਪ੍ਰ: ਕਮੇਟੀ ਵੱਲੋਂ ਵਾਤਾਵਰਣ ਨੂੰ ਸਮਰਪਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅਤੇ ਲੰਗਰ ਗੁਰੂ ਰਾਮਦਾਸ ਜੀ ਦੀਆਂ ਇਮਾਰਤਾਂ ਵਿੱਚਕਾਰ ਪੰਚਮ ਪਾਤਸ਼ਾਹ ਵਲੋਂ ਵਰੋਸੋਏ ਗੁਰੂ ਕਾ ਬਾਗ ਸੰਬੰਧੀ ਇੱਕ ਵਿਸ਼ੇਸ਼ ਸੱਚਿੱਤਰ ਕਿਤਾਬਚਾ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁਲਾਜ਼ਮਾਂ ਦੀ ਜਥੇਬੰਦੀ “ਸ਼੍ਰੋਮਣੀ ਕਮੇਟੀ ਕਰਮਚਾਰੀ ਐਸੋਸੀਏਸ਼ਨ ਰਜਿ” ਵਲੋਂ ਅੱਜ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ਼ ਅਕਾਲੀ ਬਾਬਾ ਫੂਲਾ ਸਿੰਘ ਬੁੱਢਾ ਦਲ ਵਿਖੇ ਇਕ ਰਸਮੀ ਸਮਾਗਮ ਵਿਚ ਰਲੀਜ਼ ਕੀਤਾ ਗਿਆ।ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਜੋਗਿੰਦਰ ਸਿੰਘ ਅਦਲੀਵਾਲ ਨੇ ਕਿਹਾ ਕਿ ਡਾ. ਰੂਪ ਸਿੰਘ ਵੱਲੋਂ “ਗੁਰੂ ਕਾ ਬਾਗ” ਸੰਬੰਧੀ ਕਿਤਾਬਚਾ ਬਾਗ ਦੀ ਪੁਨਰ ਸੁਰਜੀਤੀ ਬਾਰੇ ਵਿਸਥਾਰ ਸਹਿਤ ਗੁਣਕਾਰੀ ਜਾਣਕਾਰੀ ਭਰਪੂਰ ਹੈ।ਉਨ੍ਹਾਂ ਕਿਹਾ ਕਿ 486 ਕਿਸਮ ਦਾ ਗੁਲਾਬ ਅਤੇ ਫੁੱਲਦਾਰ ਬੂਟੇ ਵੱਖ-ਵੱਖ ਦੇਸ਼ਾਂ ਅਤੇ ਪ੍ਰਾਤਾਂ ਤੋਂ ਮੰਗਵਾ ਕੇ ਲਗਾਏ ਗਏ ਹਨ।ਇਹ ਡਾ. ਰੂਪ ਸਿੰਘ ਦੀ ਘਾਲਣਾ ਤੇ ਚਾਉ ਦਾ ਪ੍ਰਗਟਾਵਾ ਹੈ।ਵਾਤਾਵਰਨ ਪ੍ਰੇਮੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਅਤੇ ਸਿੰਘ ਸਾਹਿਬ ਗਿ: ਜਗਤਾਰ ਸਿੰਘ ਦੇ ਸਹਿਯੋਗ ਨਾਲ ਇਹ ਕਾਰਜ ਹੋਇਆ ਹੈ।
ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਤੇ ਹੁਣ ਬੁੱਢਾ ਦਲ ਦੇ ਸਕੱਤਰ ਵਜੋਂ ਸੇਵਾ ਨਿਭਾ ਰਹੇ ਸ੍ਰ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਕੁਦਰਤਿ ਪਿਆਰ ਨੂੰ ਦਰਸਾਉਂਦੇ ਇਤਿਹਾਸਕ ਦਰੱਖਤਾਂ ਦੀ ਸਾਂਭ ਸੰਭਾਲ ਕੀਤੀ ਜਾਣੀ ਚਾਹੀਦੀ ਹੈ। ਮਾਨਵਤਾ ਦੀ ਆਸਥਾ ਦੇ ਕੇਂਦਰੀ ਅਧਿਆਤਮਕ ਅਸਥਾਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮਿ੍ਰਤਸਰ ਦੀ ਪਰਿਕਰਮਾ ਵਿਚ ਬਹੁਤ ਸਾਰੇ ਦਰੱਖਤਾਂ ਦਾ ਜ਼ਿਕਰ ਮਿਲਦਾ ਹੈ।ਸ੍ਰ. ਬੇਦੀ ਨੇ ਕਿਹਾ ਕਿ ਡਾ. ਰੂਪ ਸਿੰਘ ਦਾ ਹੱਥਲਾ ਟ੍ਰੈਕਟ ਸੰਖੇਪ ਤੇ ਜਾਣਕਾਰੀ ਭਰਪੂਰ ਹੈ।ਸਮੇਂ ਦੇ ਗੇੜ ਨਾਲ ਅਸੀ ਕੁਦਰਤਿ ਪਿਆਰ ਤੋਂ ਵਿਹੂਣੇ ਹੁੰਦੇ ਗਏ ਹਾਂ। ਉਨ੍ਹਾਂ ਵੇਰਵਾ ਦੇਂਦਿਆਂ ਕਿਹਾ ਗੁਰਦੁਆਰਿਆਂ, ਸਰੋਵਰਾਂ ਦੀਆਂ ਪਰਿਕਰਮਾ ’ਚੋਂ ’ਬਲਿਹਾਰੀ ਕੁਦਰਤਿ ਵਸਿਆ’ ਦੇ ਪ੍ਰਤੱਖ ਦਰਸ਼ਨ ‘ਕਰਵਾਉਂਦੇ ਪੁਰਾਤਨ ਦਰੱਖਤ, ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ, ਹਰਿਆ ਭਰਿਆ, ਸੁੰਦਰ, ਸੋਹਜਮਈ ਤੇ ਸੁਗੰਧੀ ਭਰਪੂਰ ਬਣਾਉਂਦੇ ਸਨ ਜੋ ਜੜ੍ਹ ਤੋਂ ਪੁੱਟ ਕੇ ਇਤਿਹਾਸਕ ਵਿਰਾਸਤੀ ਦਰੱਖਤ ਖਤਮ ਕਰ ਦਿੱਤੇ ਗਏ। ਠੰਡਕ ਦੇਣ ਵਾਲੇ, ਹਰੇ ਭਰੇ ਦਰਖਤਾਂ ਦੀ ਥਾਂ ਰਾਜਸਥਾਨ ਤੋਂ ਮਹਿੰਗੇ ਭਾਅ ਮਾਰਬਲ-ਪੱਥਰ ਲਿਆ ਕੇ ਜੜ੍ਹ ਦਿੱਤਾ।ਉਨ੍ਹਾਂ ਕਿਹਾ ਮਾਰਬਲ-ਪੱਥਰ ਕਾਰਨ ਪਰਿਕਰਮਾ ਵਿਚ ਤਪਸ਼ ਵਧੀ, ਪੱਥਰ ਦੀ ਲਿਸ਼ਕੋਰ ਨੇ ਅੱਖਾਂ ਨੂੰ ਚੁੰਧਿਆ ਦਿੱਤਾ।ਸ੍ਰ. ਬੇਦੀ ਨੇ ਕਿਹਾ ਫੁੱਲਾਂ, ਫਲਾਂ, ਛਾਂ-ਦਾਰ ਦਰੱਖਤਾਂ ਦੀ ਹਰਿਆਵਲ ਨੂੰ ਤੱਕ ਕੇ ਜੋ ਅੱਖਾਂ ਨੂੰ ਸਕੂਨ ਮਿਲਦਾ ਸੀ, ਉਹ ਖਤਮ ਹੋ ਗਿਆ। ਜੂਨ, 1984 ‘ਚ ਵਾਪਰੇ ਘੱਲੂਘਾਰੇ ਸਮੇਂ ਇਮਲੀ ਦਾ ਦਰੱਖਤ ਭਾਰਤੀ ਫੌਜ ਦੇ ਕਹਿਰ ਦਾ ਸ਼ਿਕਾਰ ਹੋ ਗਿਆ, ਜਿਸ ਦੀ ਥਾਂ ਨਵਾਂ ਬੂਟਾ ਲਗਾਇਆ ਗਿਆ ਹੈ। ਇਹ ਇਮਲੀ ਦਾ ਉਹੀ ਇਤਿਹਾਸਕ ਦਰੱਖ਼ਤ ਸੀ ਜਿਸ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਬੰਨ ਕੇ ਕੋਰੜੇ ਮਾਰਨ ਦੀ ਸਜ਼ਾ, ਨਿਹੰਗ ਅਕਾਲੀ ਬਾਬਾ ਫੂਲਾ ਸਿੰਘ ਜੀ, ਜੱਥੇਦਾਰ, ਸ੍ਰੀ ਅਕਾਲ ਤਖਤ ਸਾਹਿਬ ਨੇ ਸੁਣਾਈ ਸੀ।
ਸ੍ਰ. ਬੇਦੀ ਨੇ ਕਿਹਾ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ’ਚ ਤਿੰਨ ਬੇਰੀਆਂ, ਸਾਡੀ ਅਮੀਰ ਵਿਰਾਸਤ ਤੇ ਇਤਿਹਾਸ ਨੂੰ ਸੰਭਾਲੀ ਖੜੀਆਂ ਹਨ। ‘ਦੁਖ ਭੰਜਨੀ ਬੇਰੀ ਬੀਬੀ ਰਜਨੀ ਨਾਲ ਵਾਪਰੇ ਚਮਤਕਾਰੀ ਕੌਤਕ ਦੀ ਚਸ਼ਮਦੀਦ ਹੈ। ‘ਬੇਰ ਬਾਬਾ ਬੁੱਢਾ ਜੀ ਸੇਵਾ-ਸਿਮਰਨ, ਸ਼ਰਧਾ-ਭਾਵਨਾ ਨੂੰ ਪ੍ਰਗਟ ਕਰਦੀ ਹੈ। “ਲਾਚੀ ਬੇਰੀ ਮੱਸੇ ਰੰਗੜ ਦੇ ਕੀਤੇ ਨੂੰ ਸਜਾ ਦੇਣ ਲਈ, ਸ. ਸੁੱਖਾ ਸਿੰਘ ਤੇ ਸ. ਮਹਿਤਾਬ ਸਿੰਘ ਦੀ ਸੂਰਬੀਰਤਾ ਦੀ ਸ਼ਾਹਦੀ ਭਰਦੀ ਹੈ। ਜੂਨ, 1984 ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹੋਏ ਫੌਜੀ ਹਮਲੇ ਸਮੇਂ ਇਤਿਹਾਸਕ ਗੁਰੂ ਕੇ ਬਾਗ ਨੂੰ ਵੀ ਸੰਤਾਪ ਝਲਣਾ ਪਿਆ।ਕਿਤਾਬਚਾ ਰਲੀਜ਼ ਕਰਨ ਸਮੇਂ ਸ੍ਰ. ਸਤਿਬੀਰ ਸਿੰਘ ਧਾਮੀ, ਸ੍ਰ. ਬਲਵਿੰਦਰ ਸਿੰਘ ਜੋੜਾ ਸਿੰਘਾ, ਸ੍ਰ. ਰਣਜੀਤ ਸਿੰਘ ਸਾਰੇ ਸਾਬਕਾ ਸਕੱਤਰ, ਸ੍ਰ. ਪ੍ਰਮਿੰਦਰ ਸਿੰਘ ਸੰਧੂ, ਸ੍ਰ. ਹਰਿੰਦਰਪਾਲ ਸਿੰਘ, ਸ੍ਰ. ਪ੍ਰਮਿੰਦਰ ਸਿੰਘ ਡੰਡੀ, ਸ੍ਰ. ਗੁਰਦੇਵ ਸਿੰਘ ਢਿੱਲੋਂ ਆਦਿ ਹਾਜ਼ਰ ਸਨ।

