ਜਥੇਦਾਰ ਭਾਈ ਹਵਾਰਾ ਦਾ ਹਰ ਆਦੇਸ਼ ਸਵੀਕਾਰ ਹੋਵੇਗਾ : ਜਸਵਿੰਦਰ ਸਿੰਘ ਗਿੱਲ
ਨਾਨਕ ਮਤਾ ਦੇ ਮੀਤ ਪ੍ਰਧਾਨ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਅਸਲ ਜਥੇਦਾਰ ਮੰਨਦਿਆਂ ਲਿਖਿਆ ਪੱਤਰ।
ਅੰਮ੍ਰਿਤਸਰ 14 ਅਗਸਤ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਉਤਰਾਖੰਡ ਦੇ ਗੁਰਦੁਆਰਾ ਨਾਨਕ ਮਤਾ ਸਾਹਿਬ ’ਚ ਹੋਈ ਮਰਯਾਦਾ ਦੀ ਉਲੰਘਣਾ ਦੇ ਮਾਮਲੇ ’ਚ ਬੀਤੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੰਘ ਸਾਹਿਬਾਨ ਵੱਲੋਂ ਤਨਖ਼ਾਹੀਆ ਕਰਾਰ ਦਿੱਤੇ ਗਏ ਗੁ: ਨਾਨਕ ਮਤਾ ਪ੍ਰਬੰਧਕੀ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਗਿੱਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਅਸਲ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਮੰਨਦਿਆਂ ਉਸ ਨੂੰ ਇਕ ਪੱਤਰ ਲਿਖਿਆ ਹੈ। ਉਨ੍ਹਾਂ ਪੱਤਰ ’ਚ ਕਿਹਾ ਕਿ ਉਸ ਦਾ ਗੁ: ਨਾਨਕ ਮਤਾ ਸਾਹਿਬ ਵਿਖੇ ਹੋਈ ਮਰਯਾਦਾ ਉਲੰਘਣਾ ਦੇ ਮਾਮਲੇ ਵਾਲੇ ਸਮਾਗਮ ਵਿਚ ਕਿਸੇ ਤਰਾਂ ਦੀ ਕੋਈ ਸ਼ਮੂਲੀਅਤ ਨਹੀਂ ਸੀ, ਪ੍ਰੰਤੂ ਫਿਰ ਵੀ ਇਕ ਨਿਮਾਣੇ ਸਿੱਖ ਵਜੋਂ ਉਹ ਵੀ ਉਕਤ ਭੁੱਲ ਨੂੰ ਪ੍ਰਵਾਨ ਕਰਦਾ ਹੈ। ਉਨ੍ਹਾਂ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਪੀਲ ਕੀਤੀ ਕਿ ਉਕਤ ਮਾਮਲੇ ’ਚ ਜੋ ਵੀ ਸਿੰਘ ਸਾਹਿਬਾਨ ਦਾ ਹੁਕਮ ਹੋਵੇਗਾ ਉਸ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਜਾਵੇਗਾ।
ਸ: ਗਿੱਲ ਨੇ ਕਿਹਾ ਕਿ ਉਨ੍ਹਾਂ ਨੇ 12 ਅਗਸਤ 2021 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਨਮੁੱਖ ਪੇਸ਼ ਹੋ ਕੇ ਆਪਣੀ ਭੁੱਲ ਬਖ਼ਸ਼ਾਈ ਹੈ। ਪ੍ਰੰਤੂ ਬਾਦਲਾਂ ਦੇ ਜਥੇਦਾਰ ਹਰਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਕੋਈ ਵੀ ਗਲ ਪ੍ਰਵਾਨ ਨਹੀਂ ਕਰ ਸਕਦਾ। ਉਨਾਂ ਭਾਈ ਹਵਾਰਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਮੈਨੂੰ ਛੇਵੇਂ ਪਾਤਸ਼ਾਹ ਜੀ ਦਾ ਹੁਕਮ ਹੈ, ਆਪ ਜੀ ਸਿੱਖ ਪੰਥ ਦੀ ਸ਼ਾਨ ਹੋ। ਪੰਥ ਨੇ ਸਰਬੱਤ ਖ਼ਾਲਸਾ ਰਾਹੀਂ ਆਪ ਜੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਜਥੇਦਾਰ ਚੁਣਿਆ ਹੈ। ਆਪ ਜੀ ਅੱਗੇ ਮੇਰਾ ਸਿਰ ਝੁਕਦਾ ਹੈ , ਆਪ ਜੀ ਵੱਲੋਂ ਜੋ ਵੀ ਸੇਵਾ ਲਗਾਈ. ਜਾਏਗੀ ਦਾਸ ਖਿੜੇ ਮੱਥੇ ਪ੍ਰਵਾਨ ਕਰੇਗਾ।
ਉਨ੍ਹਾਂ ਇਹ ਵੀ ਕਿ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਗਿਆਨੀ ਮਲਕੀਤ ਸਿੰਘ ਦੀ ਅਗਵਾਈ ’ਚ ਭੇਜੀ ਗਈ ਟੀਮ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਵਾਲੇ ਨਾਲ ਪ੍ਰਬੰਧਕੀ ਕਮੇਟੀ ਤੋਂ ਅਸਤੀਫ਼ਾ ਲੈ ਲਿਆ ਅਤੇ ਉਨ੍ਹਾਂ ’ਤੇ ਦਾੜ੍ਹੀ ਰੰਗਣ ਦਾ ਦੋਸ਼ ਮੜ੍ਹਦਿਆਂ ਗਿ: ਮਲਕੀਤ ਸਿੰਘ ਨੇ ਪਸ਼ਚਾਤਾਪ ਵਜੋਂ 100 ਗੋਲਕ ਵਿਚ ਪਾ ਕੇ ਭੁੱਲ ਦੀ ਅਰਦਾਸ ਕਰਨ ਲਈ ਕਿਹਾ ਜਿਸ ਨੂੰ ਉਨ੍ਹਾਂ ਉਸੇ ਵੇਲੇ ਕਬੂਲ ਕੀਤਾ। ਉਨ੍ਹਾਂ ਸਵਾਲ ਉਠਾਇਆ ਕਿ ਜੋ ਉਸ ਵਕਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਹਵਾਲੇ ਨਾਲ ਪਸ਼ਚਾਤਾਪ ਕਰਾਇਆ ਗਿਆ ਕੀ ਉਹ ਮਰਯਾਦਾ ਵਿਚ ਨਹੀਂ ਆਉਂਦਾ? ਉਨ੍ਹਾਂ ਕਿਹਾ ਕਿ ਉਨ੍ਹਾਂ ’ਤੇ ਦਾੜ੍ਹੀ ਰੰਗਣ ਦਾ ਦੋਸ਼ ਵੀ ਸਹੀ ਨਹੀਂ ਹੈ ਕਿਉਂਕਿ ਉਨ੍ਹਾਂ ਅੰਮ੍ਰਿਤ ਛਕਣ ਤੋਂ ਬਾਅਦ ਰੋਮਾਂ ਦੀ ਬੇਅਦਬੀ ਨਹੀਂ ਕੀਤੀ। ਉਨਾਂ ਇਹ ਵੀ ਕਿਹਾ ਕਿ ਉਹ ਹਰੇਕ ਗੁਰਸਿਖ ਦੀ ਤਰਾਂ ਸ੍ਰੀ ਅਕਾਲ ਤਖਤ ਸਾਹਿਬ ਦਾ ਮਾਨ ਸਨਮਾਨ ਕਰਦਾ ਹੈ। ਪੰਥ ਦੀ ਸ਼ਾਨ ਲਈ ਜੇਲਾਂ ਕਟੀਆਂ ਅਤੇ ਕੁਰਬਾਨੀਆਂ ਕਰਨ ਦਾ ਅਵਸਰ ਪ੍ਰਾਪਤ ਹੁੰਦਾ ਰਿਹਾ, ਜਿਸ ਨੂੰ ਸੇਵਾ ਅਤੇ ਫਰਜ ਸਮਝਦਿਆਂ ਨਿਭਾਉਦਾ ਰਿਹਾ ਹੈ।
( ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਲਿਖੀ ਗਈ ਚਿੱਠੀ ਦਾ ਮੂਲ ਪਾਠ )
ਅਤਿ ਸਨਮਾਨ ਯੋਗ, ਸਿੱਖ ਪੰਥ ਦੀ ਸਨਮਾਨਯੋਗ ਸ਼ਖ਼ਸੀਅਤ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ, – ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਪਿਛਲੇ ਦਿਨੀਂ ਗੁਰਦੁਆਰਾ ਸਾਹਿਬ ਗੁਰੂ ਨਾਨਕ ਮਤਾ ਸਾਹਿਬ ਉਤਰਾਖੰਡ ਵਿਖੇ ਮਰਯਾਦਾ ਦੇ ਪੱਖ ਤੋਂ ਉਲੰਘਣਾ ਹੋਈ ਪ੍ਰੰਤੂ ਦਾਸ ਦੀ ਉਸ ਸਮਾਗਮ ਵਿਚ ਕਿਸੇ ਤਰਾਂ ਦੀ ਸ਼ਮੂਲੀਅਤ ਨਹੀਂ ਸੀ। ਪ੍ਰੰਤੂ ਫਿਰ ਵੀ ਗੁਰੂ ਘਰ ਦਾ ਨਿਮਾਣਾ ਸੇਵਕ ਹੋਣ ਨਾਤੇ ਮੈ ਵੀ ਏਸ ਭੁੱਲ ਨੂੰ ਪ੍ਰਵਾਨ ਕਰਦਾ ਹਾਂ। 12-08-2021 ਵੀਰਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਨਮੁੱਖ ਪੇਸ਼ ਹੋ ਕੇ ਆਪਣੀ ਭੁੱਲ ਬਖ਼ਸ਼ਾਈ ਹੈ। ਪ੍ਰੰਤੂ ਬਾਦਲਾ ਪੰਥੀ ਜਥੇਦਾਰ ਹਰਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਕੋਈ ਵੀ ਗਲ ਦਾਸ ਪ੍ਰਵਾਨ ਨਹੀਂ ਕਰ ਸਕਦਾ। ਇਹ ਮੈਨੂੰ ਛੇਵੇਂ ਪਾਤਸ਼ਾਹ ਜੀ ਦਾ ਹੁਕਮ ਹੈ, ਭਾਈ ਹਵਾਰਾ ਸਾਹਿਬ ਆਪ ਜੀ ਸਿੱਖ ਪੰਥ ਦੀ ਸ਼ਾਨ ਹੋ। ਪੰਥ ਨੇ ਸਰਬੱਤ ਖ਼ਾਲਸਾ ਰਾਹੀਂ ਆਪ ਜੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਜਥੇਦਾਰ ਚੁਣਿਆ ਹੈ। ਆਪ ਜੀ ਅੱਗੇ ਮੇਰਾ ਸਿਰ ਝੁਕਦਾ ਹੈ , ਆਪ ਜੀ ਵੱਲੋਂ ਜੋ ਵੀ ਸੇਵਾ ਲਗਾਈ. ਜਾਏਗੀ ਦਾਸ ਖਿੜੇ ਮੱਥੇ ਪ੍ਰਵਾਨ ਕਰੇਗਾ। ਆਪ ਜੀ ਦਾ ਦਾਸ ਜਸਵਿੰਦਰ ਸਿੰਘ ਗਿੱਲ ਮੀਤ ਪ੍ਰਧਾਨ ।

