ਸ਼ਹਿਰ ਦੇ ਨਾਕਿਆਂ ਤੋਂ ਹਟਾਈ ਟਰੈਫਿਕ ਪੁਲਿਸ, ਸਰਕਾਰ ਦੇ ਖਜ਼ਾਨੇ ’ਤੇ ਪਵੇਗਾ ਅਸਰ !
ਲਾਲ ਬੱਤੀਆਂ ਦੇ ਸਹਾਰੇ ਚੱਲ ਰਹੀ ਟਰੈਫਿਕ ਗੜਬੜਾਈ
ਕੰਵਰ ਸਿੰਘ ਬੇਦੀ
ਪਟਿਆਲਾ 19 ਅਗਸਤ (ਮਧੂਸਾਰ ਬਿਊਰੋ) ਸ਼ਾਹੀ ਸ਼ਹਿਰ ਦੇ ਵੱਖ-ਵੱਖ ਚੌਂਕਾਂ ’ਚ ਚਲਾਨ ਕੱਟਣ ਵਾਲੀ ਟਰੈਫਿਕ ਪੁਲਿਸ ਦੇ ਵਿਖਾਈ ਨਾ ਦੇਣ ਕਾਰਨ ਚੌਂਕ ਸੁੰਨੇ ਨਜ਼ਰ ਆ ਰਹੇ ਹਨ ਅਤੇ ਸੁਚਾਰੂ ਰਹਿਣ ਵਾਲੀ ਟਰੈਫਿਕ ਵੀ ਹੁਣ ਬੇਲਗਾਮ ਹੋਈ ਨਜ਼ਰ ਆ ਰਹੀ ਹੈ। ਵੱਖ-ਵੱਖ ਚੌਂਕਾਂ ਤੋਂ ਪੁਲਿਸ ਅਧਿਕਾਰੀਆਂ ਨੂੰ ਹਟਾ ਲੈਣਾ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਚਲਾਨ ਬੁੱਕਾਂ ਦਾ ਜਮਾਂ ਕਰ ਲੈਣਾ ਜਿਥੇ ਵੱਡਾ ਸਵਾਲ ਖੜ੍ਹੇ ਕਰ ਰਿਹਾ ਹੈ, ਉਥੇ ਟਰੈਫਿਕ ਪੁਲਿਸ ਕਰਮਚਾਰੀਆਂ ਦੀ ਕਾਰਗੁਜ਼ਾਰੀ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਅਕਸਰ ਹੀ ਟਰੈਫਿਕ ਪੁਲਿਸ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਣ ਵਿਚ ਰੁੱਝੀ ਨਜ਼ਰ ਆਉਂਦੀ ਸੀ ਅਤੇ ਪੁਲਿਸ ਪ੍ਰਸ਼ਾਸਨ ਦੇ ਖਜ਼ਾਨੇ ਦੇ ਖਜ਼ਾਨੇ ਨੂੰ ਭਰਦੀ ਵਿਖਾਈ ਦਿੰਦੀ ਸੀ, ਪ੍ਰੰਤੂ ਬੀਤੇ ਇਕ ਹਫਤੇ ਤੋਂ ਟਰੈਫਿਕ ਪੁਲਿਸ ਕਰਮਚਾਰੀਆਂ ਨੂੰ ਚੌਂਕਾਂ ਤੋਂ ਹਟਾ ਲੈਣ ਅਤੇ ਚੈਕ ਬੁੱਕਾਂ ਜਮਾਂ ਕਰ ਲੈਣ ਨਾਲ ਜਿਥੇ ਚਰਚਾ ਦਾ ਵਿਸ਼ਾ ਬਣ ਗਈ ਹੈ, ਉਥੇ ਹੀ ਕਈ ਦਿਨਾਂ ਤੋਂ ਖਜ਼ਾਨੇ ’ਚ ਆ ਰਹੀ ਤੋਟ ਇਹ ਸਪੱਸ਼ਟ ਕਰਦੀ ਹੈ ਕਿ ਜਿਹੜੇ ਉਚ ਪੁਲਿਸ ਅਧਿਕਾਰੀਆਂ ਵੱਲੋਂ ਚਲਾਨ ਬੁੱਕਾਂ ਜਮਾਂ ਕਰਵਾਉਣ ਅਤੇ ਟਰੈਫਿਕ ਪੁਲਿਸ ਕਰਮਚਾਰੀ ਹਟਾ ਲੈਣ ਦੇ ਕੀਤੇ ਫੈਸਲੇ ਨੇ ਖਜ਼ਾਨੇ ਦੀ ਭਰਪਾਈ ਵੀ ਰੋਕ ਦਿੱਤੀ ਹੈ ਅਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਚਲਾਨ ਕੱਟਣ ਨਾਲ ਹਰ ਮਹੀਨੇ ਹੁੰਦੀ ਲੱਖਾਂ ਰੁਪਏ ਦੀ ਕਮਾਈ ਨੂੰ ਵੱਡਾ ਖੋਰਾ ਲੱਗਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਭਾਵੇਂ ਉਚ ਪੁਲਿਸ ਅਧਿਕਾਰੀਆਂ ਵੱਲੋਂ ਚਲਾਨ ਬੁੱਕਾਂ ਜਮਾਂ ਕਰਨ ਅਤੇ ਟਰੈਫਿਕ ਪੁਲਿਸ ਕਰਮਚਾਰੀਆਂ ਨੂੰ ਚੌਂਕਾਂ ਤੋਂ ਹਟਾ ਲੈਣ ਦਾ ਫੈਸਲਾ ਸ਼ਿਕਾਇਤ ਦੇ ਆਧਾਰ ’ਤੇ ਲਿਆ ਹੈ, ਪਰ ਇਸ ਫੈਸਲੇ ਨਾਲ ਆਉਣ ਵਾਲੇ ਦਿਨਾਂ ’ਚ ਸਰਕਾਰ ਦੇ ਖਜ਼ਾਨੇ ’ਤੇ ਵੱਡਾ ਅਸਰ ਪਵੇਗਾ।
ਜਾਣਕਾਰੀ ਅਨੁਸਾਰ ਸ਼ਹਿਰ ਵਿਚ ਟਰੈਫਿਕ ਨੂੰ ਸੁਚਾਰੂ ਰੱਖਣ ਲਈ 25 ਦੇ ਕਰੀਬ ਵੱਖ-ਵੱਖ ਥਾਵਾਂ ’ਤੇ ਨਾਕੇ ਲਗਾਏ ਜਾਂਦੇ ਹਨ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਜਾਂਦੇ ਹਨ। ਸੂਤਰਾਂ ਅਨੁਸਾਰ ਵੱਖ ਵੱਖ ਚੌਂਕਾਂ ’ਤੇ ਕੱਟੇ ਜਾਂਦੇ ਚਲਾਨ ਨਾਲ ਹਰ ਮਹੀਨੇ 11 ਲੱਖ ਦੇ ਕਰੀਬ ਇਕੱਤਰ ਕੀਤੇ ਜਾਂਦੇ ਹਨ ਅਤੇ ਰੋਜ਼ ਦੀ ਰੋਜ਼ ਇਕੱਤਰ ਕੀਤੀ ਚਲਾਨ ਰਾਸ਼ੀ ਨੂੰ ਟਰੈਫਿਕ ਮੁਨਸ਼ੀ ਅਤੇ ਇੰਚਾਰਜ ਰਾਹੀਂ ਖਜ਼ਾਨੇ ਵਿਚ ਜਮਾਂ ਕਰਵਾਇਆ ਜਾਂਦਾ ਹੈ।
ਸ਼ਹਿਰ ਵਿਚ ਕਈ ਦਿਨਾਂ ਤੋਂ ਟਰੈਫਿਕ ਵਿਵਸਥਾ ਡਗਮਗਾਉਣ ਨਾਲ ਸੁੰਨੇ ਪਏ ਚੌਂਕ ਅਤੇ ਟਰੈਫਿਕ ਪੁਲਿਸ ਅਧਿਕਾਰੀਆਂ ਦੀ ਕਾਰਗੁਜ਼ਾਰੀ ਦੀ ਚਰਚਾ ਨਾਲ ਟਰੈਫਿਕ ਪੁਲਿਸ ਪ੍ਰਸ਼ਾਸਨ ਦੀ ਵਿਵਸਥਾ ’ਤੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਹਨ। ਟਰੈਫਿਕ ਪੁਲਿਸ ਕਰਮਚਾਰੀਆਂ ਨੇ ਆਪਣਾ ਨਾਂ ਛਾਪਣ ਦੀ ਸ਼ਰਤ ’ਤੇ ਆਖਿਆ ਕਿ ਉਚ ਪੁਲਿਸ ਅਧਿਕਾਰੀਆਂ ਦਾ ਫੈਸਲਾ ਹੈ, ਜੋ ਮੰਨਿਆ ਜਾ ਰਿਹਾ ਹੈ। ਪੁਲਿਸ ਦੇ ਉਚ ਅਧਿਕਾਰੀਆਂ ਦੇ ਫੈਸਲੇ ਨਾਲ ਸ਼ਹਿਰ ਦੇ ਚੌਂਕਾਂ ਨੂੰ ਲਾਲ ਬੱਤੀਆਂ ਦੇ ਸਹਾਰੇ ਛੱਡ ਦਿੱਤਾ ਗਿਆ। ਵੱਖ ਵੱਖ ਥਾਵਾਂ ’ਤੇ ਲੱਗਦੇ ਨਾਕਿਆਂ ਕਾਰਨ ਜਿਥੇ ਲੋਕ ਅਕਸਰ ਟਰੈਫਿਕ ਨਿਯਮਾਂ ਨੂੰ ਤਰਜੀਹ ਦੇ ਦਿੰਦੇ ਨਜ਼ਰ ਆਉਂਦੇ ਸਨ, ਉਥੇ ਹੀ ਕਈ ਅਪਰਾਧਕ ਵਿਅਕਤੀਆਂ ਦਾ ਬੇਖੌਫ ਨਿਕਲ ਜਾਣਾ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਹੌਂਸਲੇ ਬੁਲੰਦ ਹੋਣਾ ਅਤੇ ਬਿਨਾਂ ਕਿਸੇ ਡਰ ਭੈਅ ਤੋਂ ਸ਼ਹਿਰ ਵਿਚ ਲੱਗੀਆਂ ਲਾਲ ਲਾਈਟਾਂ ਦੇ ਪਰਵਾਹ ਕੀਤੇ ਟਰੈਫਿਕ ਨਿਯਮਾਂ ਦੀ ਧੱਜੀਆਂ ਉਡਦੀਆਂ ਵੀ ਵਿਖਾਈ ਦਿੰਦੀਆਂ ਹਨ।
ਕੀ ਆਖਦੇ ਹਨ ਡੀਐਸਪੀ ਰਾਜੇਸ਼ ਸਨੇਹੀ
ਡੀਐਸਪੀ ਰਾਜੇਸ਼ ਸਨੇਹੀ ਦਾ ਕਹਿਣਾ ਹੈ ਕਿ ਪੁਲਿਸ ਜਨਤਾ ਦੀ ਸੇਵਾ ਲਈ ਹੈ ਅਤੇ ਪਬਲਿਕ ਡੀਲਿੰਗ ਦੀਆਂ ਸ਼ਿਕਾਇਤਾਂ ਪੁੱਜਣ ਕਾਰਨ ਉਚ ਅਧਿਕਾਰੀਆਂ ਨੇ ਇਹ ਫੈਸਲਾ ਕੀਤਾ ਹੈ ਕਿ ਜਨਤਾ ਨਾਲ ਚੰਗਾ ਵਿਵਹਾਰ ਰੱਖਣ ਵਾਲਿਆਂ ਨੂੰ ਚਲਾਨ ਕੱਟਣ ਦੀ ਪਾਵਰ ਦਿੱਤੀ ਜਾਵੇ,ਜਿਸ ਕਾਰਨ ਅਜਿਹੇ ਪੁਲਿਸ ਕਰਮਚਾਰੀਆਂ ਦੀ ਚੋਣ ਕਰਕੇ ਸਿੱਧਾ ਚਲਾਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਪੁਲਿਸ ਅਧਿਕਾਰੀ ਚਲਾਨ ਕੱਟਣ ਦੀ ਕਾਰਵਾਈ ਤੋਂ ਪਹਿਲਾਂ ਜਨਤਾ ਦੇ ਪੱਖ ਨੂੰ ਵੀ ਤਰਜੀਹ ਦੇਵੇ, ਜਿਸ ਕਾਰਨ ਕਿਸੇ ਦਾ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵੱਖ ਵੱਖ ਲੱਗੇ ਨਾਕਿਆਂ ਤੋਂ ਪੁਲਿਸ ਕਰਮਚਾਰੀਆਂ ਨੂੰ ਹਟਾਉਣ ਕਾਰਨ ਇਕ ਇਹ ਵੀ ਹੈ ਕਿ ਸਬ ਇੰਸਪੈਕਟਰ ਦੀ ਭਰਤੀ ਚੱਲ ਰਹੀ ਹੈ ਅਤੇ ਜਨਤਾ ਨੂੰ ਕੋਵਿਡ ਲਾਗ ਤੋਂ ਬਚਾਉਣ ਲਈ ਇਹ ਫੈਸਲਾ ਕੀਤਾ ਗਿਆ ਹੈ।
ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਨਹੀਂ ਬਖਸ਼ਾਂਗੇ : ਜਗਰਾਜ ਸਿੰਘ
ਸ਼ਹਿਰ ’ਚ ਗੜਬੜਾਈ ਟਰੈਫਿਕ ਵਿਵਸਥਾ ਸਬੰਧੀ ਗੱਲਬਾਤ ਕਰਦਿਆਂ ਸਿਟੀ-1 ਦੇ ਇੰਚਾਰਜ ਜਗਰਾਜ ਸਿੰਘ ਨੇ ਕਿਹਾ ਕਿ ਸ਼ਹਿਰ ਦੀ ਪੁਲਿਸ ਟਰੈਫਿਕ ਵਿਵਸਥਾ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ’ਤੇ ਉਚ ਪੁਲਿਸ ਅਧਿਕਾਰੀਆਂ ਵੱਲੋਂ ਫੈਸਲੇ ਕੀਤੇ ਜਾਂਦੇ ਹਨ, ਜਿਨ੍ਹਾਂ ਨੂੰ ਇਨ-ਬਿਨ ਲਾਗੂ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਟਰੈਫਿਕ ਪੁਲਿਸ ਸ਼ਹਿਰ ਵਿਚ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਕੋਈ ਵੀ ਨਿਯਮਾਂ ਦੀ ਉਲੰਘਣਾ ਕਰੇਗਾ ਤਾਂ ਬਖਸ਼ਿਆ ਨਹੀਂ ਜਾਵੇਗਾ।

