ਅੱਤਵਾਦ ਦੇ ਦਮ ’ਤੇ ਤੋੜਨ ਵਾਲੀਆਂ ਸ਼ਕਤੀਆਂ ਦੀ ਹੋਂਦ ਸਥਾਈ ਨਹੀਂ ਹੁੰਦੀ : ਮੋਦੀ
ਸੋਮਨਾਥ- (ਮਧੂਸਾਰ ਬਿਊਰੋ)ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅੱਤਵਾਦ ਦੇ ਦਮ ’ਤੇ ਤੋੜਨ ਵਾਲੀਆਂ ਸ਼ਕਤੀਆਂ ਭਾਵੇਂ ਹੀ ਕੁਝ ਸਮੇਂ ਲਈ ਹਾਵੀ ਹੋ ਜਾਣ ਪਰ ਉਨ੍ਹਾਂ ਦੀ ਹੋਂਦ ਕਦੇ ਸਥਾਈ ਨਹੀਂ ਹੁੰਦੀ ਅਤੇ ਉਹ ਮਨੁੱਖਤਾ ਨੂੰ ਦਬਾ ਕੇ ਨਹੀਂ ਰੱਖ ਸਕਦੀਆਂ। ਪ੍ਰਸਿੱਧ ਸੋਮਨਾਥ ਮੰਦਰ ਨਾਲ ਜੁੜੇ ਕਈ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਆਪਣੇ ਸੰਬੋਧਨ ’ਚ ਮੋਦੀ ਨੇ ਇਹ ਗੱਲ ਕਹੀ। ਪ੍ਰਧਾਨ ਮੰਤਰੀ ਦਾ ਇਹ ਬਿਆਨ ਬੇਹੱਦ ਮਹੱਤਵੱਪੂਰਨ ਹੈ, ਕਿਉਂਕਿ ਇਹ ਅਜਿਹੇ ਸਮੇਂ ਆਇਆ ਹੈ, ਜਦੋਂ ਗੁਆਂਢੀ ਦੇਸ਼ ਅਫ਼ਗਾਨਿਸਤਾਨ ’ਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ। ਪ੍ਰਧਾਨ ਮੰਤਰੀ ਦੇ ਇਸ ਬਿਆਨ ਨੂੰ ਅਫ਼ਗਾਨਿਸਤਾਨ ਦੇ ਹਾਲਾਤਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸੋਮਨਾਥ ਮੰਦਰ ਨੂੰ ਵਿਦੇਸ਼ੀ ਹਮਲਾਵਰਾਂ ਵਲੋਂ ਵਾਰ-ਵਾਰ ਤੋੜੇ ਜਾਣ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੁਨੀਆ ’ਚ ਕੋਈ ਵੀ ਵਿਅਕਤੀ ਇਸ ਸ਼ਾਨਦਾਰ ਬੁਨਿਆਦੀ ਢਾਂਚੇ ਨੂੰ ਦੇਖਦਾ ਹੈ ਤਾਂ ਉਸ ਨੂੰ ਸਿਰਫ਼ ਇਕ ਮੰਦਰ ਹੀ ਨਹੀਂ ਦਿਖਾਈ ਦਿੰਦਾ ਸਗੋਂ ਉਸ ਨੂੰ ਇਕ ਅਜਿਹੀ ਹੋਂਦ ਦਿਖਾਈ ਦਿੰਦਾ ਹੈ, ਜੋ ਸੈਂਕੜੇ ਹਜ਼ਾਰਾਂ ਸਾਲਾਂ ਤੋਂ ਪ੍ਰੇਰਨਾ ਦਿੰਦੀ ਆ ਰਹੀ ਹੈ ਅਤੇ ਜੋ ਮਨੁੱਖਤਾ ਦੇ ਮੁੱਲਾਂ ਦਾ ਐਲਾਨ ਕਰਦੀ ਹੈ। ਮੋਦੀ ਨੇ ਕਿਹਾ,‘‘ਇਹ ਸਥਾਨ ਅੱਜ ਵੀ ਪੂਰੇ ਵਿਸ਼ਵ ਦੇ ਸਾਹਮਣੇ ਇਹ ਅਪੀਲ ਕਰ ਰਿਹਾ ਹੈ ਕਿ ਸੱਚ ਨੂੰ ਝੂਠ ਨਾਲ ਹਰਾਇਆ ਨਹੀਂ ਜਾ ਸਕਦਾ। ਆਸਥਾ ਨੂੰ ਅੱਤਵਾਦ ਨਾਲ ਕੁਚਲਿਆ ਨਹੀਂ ਜਾ ਸਕਦਾ। ਇਸ ਮੰਦਰ ਨੂੰ ਸੈਂਕੜੇ ਸਾਲਾਂ ਦੇ ਇਤਿਹਾਸ ’ਚ ਕਿੰਨੀ ਹੀ ਵਾਰ ਤੋੜਿਆ ਗਿਆ, ਇੱਥੇ ਦੀਆਂ ਮੂਰਤੀਆਂ ਨੂੰ ਖੰਡਿਤ ਕੀਤਾ ਗਿਆ, ਇਸ ਦੀ ਹੋਂਦ ਮਿਟਾਉਣ ਦੀ ਹਰ ਕੋਸ਼ਿਸ਼ ਕੀਤੀ ਗਈ ਪਰ ਇਸ ਨੂੰ ਜਿੰਨੀ ਵਾਰ ਵੀ ਸੁੱਟਿਆ ਗਿਆ, ਉਹ ਓਨੀ ਹੀ ਵਾਰ ਉੱਠ ਖੜ੍ਹਾ ਹੋਇਆ।’’

