ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਪਟਿਆਲੇ ਦੇ ਟੋਲ ਪਲਾਜਿਆਂ ਤੇ ਸ਼ਿਕੰਜਾ ਕਸਿਆ
ਹਰ ਦਸਵੇਂ ਦਿਨ ਹਰ ਟੋਲ ਪਲਾਜੇ ਤੇ ਵੱਡੇ ਇਕੱਠ ਹੋਣਗੇ।
ਪਟਿਆਲਾ 26 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸੰਯੁਕਤ ਕਿਸਾਨ ਮੋਰਚਾ (ਦਿੱਲੀ) ਵਿੱਚ ਸ਼ਾਮਿਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਅੱਜ ਧਰੇੜੀ ਟੋਲ ਪਲਾਜੇ ਉੱਤੇ ਵੱਡਾ ਇੱਕਠ ਕਰਕੇ ਬੀਜੇਪੀ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ ਗਈ। ਕਿਸਾਨਾਂ ਆਗੂਆਂ ਨੇ ਲਾਗਲੇ ਪਿੰਡਾਂ ਤੋਂ ਆਏ ਕਿਸਾਨਾਂ ਨੂੰ ਦਿੱਲੀ ਵਿੱਚ ਚਲ ਰਹੇ ਮੋਰਚੇ ਵਿੱਚ ਸ਼ਾਮਿਲ ਵਿੱਚ ਹੋਣ ਦੀ ਕੀਤੀ ਅਪੀਲ ਦੇ ਨਾਲ ਹੀ ਆਉਣ ਵਾਲੀ 5 ਸਤੰਬਰ ਨੂੰ ਮੁਜੱਫਰ ਨਗਰ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੀ ਜਾ ਰਹੀ ਮਹਾਂ ਰੈਲੀ ਵਿੱਚ ਸ਼ਾਮਿਲ ਹੋਣ ਲਈ ਤਿਆਰੀਆਂ ਆਰੰਭਣ ਲਈ ਅਪੀਲ ਵੀ ਕੀਤੀ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਿਲ੍ਹਾ ਸਕੱਤਰ ਗੁਰਮੀਤ ਸਿੰਘ ਦਿੱਤੂਪੁਰ ਨੇ ਵੱਡੀ ਗਿਣਤੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਮਹਾਂ ਰੈਲੀ ਵਿੱਚ ਇਕੱਲੇ ਪਟਿਆਲਾ ਜਿਲ੍ਹੇ ਤੋਂ ਲਗਭੱਗ 4 ਹਜਾਰ ਮਰਦ ਅਤੇ ਕਿਸਾਨ ਔਰਤਾਂ 5 ਤਾਰੀਖ ਨੂੰ ਮੁਜੱਫਰ ਨਗਰ ਵਿਖੇ ਪਹੁੰਚਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਖਿਲਾਫ ਕਾਲੇ ਕਾਨੂੰਨ ਬਣਾਉਣ ਵਾਲੀ ਬੀਜੇਪੀ ਸਰਕਾਰ ਦਾ ਵਿਰੋਧ ਜਾਰੀ ਰਹੇਗਾ। ਉਨ੍ਹਾਂ ਯੂ.ਪੀ. ਵਿੱਚ ਵੀ ਇਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ ਅਤੇ ਉਸੇ ਦਿਨ ਤੋਂ ਯੂ.ਪੀ. ਦੀਆਂ ਸੜਕਾਂ ਤੇ ਲੱਗੇ ਟੋਲ ਪਲਾਜੇ ਫਰੀ ਕਰ ਦਿੱਤੇ ਜਾਣਗੇ ਅਤੇ ਨਾਲ ਅਡਾਨੀਆਂ, ਅੰਬਾਨੀਆਂ ਦੇ ਮਾਲ ਅਤੇ ਪੈਟਰੋਲ ਪੰਪ ਵੀ ਬੰਦ ਕੀਤੇ ਜਾਣਗੇ। ਨਾਲ ਹੀ ਯੂ.ਪੀ. ਬੀਜੇਪੀ ਸਰਕਾਰ ਨੂੰ ਹਰਾਉਣ ਦਾ ਸੱਦਾ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਐਸ.ਕੇ.ਐਮ. ਦੇ ਸੱਦੇ ਤੇ ਯੂ.ਪੀ. ਦੀਆਂ ਵਿਰੋਧੀ ਪਾਰਟੀਆਂ ਬੀਜੇਪੀ ਸਰਕਾਰ ਨੂੰ ਹਰਾਉਣ ਲਈ ਇੱਕਜੁੱਟ ਹੋ ਰਹੀਆਂ ਹਨ ਅਤੇ ਸਾਂਝਾ ਫਰੰਟ ਵੀ ਬਣਨ ਦੇ ਅਸਾਰ ਬਣਦੇ ਜਾ ਰਹੇ ਹਨ। ਅੱਜ ਦੇ ਇਕੱਠ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਲਾਗਲੇ ਪਿੰਡ ਦੌਣ, ਆਕੜ, ਸਿਉਣਾ ਅਤੇ ਹੋਰ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਬੀਬੀਆਂ ਟੋਲ ਪਲਾਜੇ ਤੇ ਇਕੱਠੀਆਂ ਹੋਈਆਂ ਅਤੇ ਬੀਜੇਪੀ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ। ਉਨ੍ਹਾਂ ਵਿਚੋਂ ਬੀਬੀ ਹਰਦੇਵ ਕੌਰ, ਰਾਜਿੰਦਰ ਕੌਰ, ਜਸਵਿੰਦਰ ਕੌਰ, ਗੁਰਮੇਲ ਕੌਰ, ਬਲਵਿੰਦਰ ਕੌਰ ਸਿਉਣਾ ਤੋਂ ਇਲਾਵਾ ਕਿਸਾਨ ਆਗੂ ਧੰਨਾ ਸਿੰਘ, ਅਵਤਾਰ ਸਿੰਘ ਕੌਰਜੀਵਾਲਾ, ਦਾਰਾ ਸਿੰਘ ਪਹਾੜਪੁਰ, ਸ਼ੇਰ ਸਿੰਘ ਸਿੱਧੂਵਾਲ ਅਤੇ ਅਵਤਾਰ ਸਿੰਘ ਚਲੈਲਾ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ। ਬੁਲਾਰਿਆਂ ਨੇ ਜਾਣਕਾਰੀ ਦਿੱਤੀ ਕਿ ਪਟਿਆਲੇ ਦੇ ਲਾਗਲੇ ਟੋਲ ਪਲਾਜਿਆਂ ਕਲਿਆਣ, ਚੁਬਕੀ ਅਤੇ ਖਨੌਰੀ ਤੇ ਵੀ ਇਸੇ ਤਰ੍ਹਾਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਵੱਡੇ ਇਕੱਠ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਦਿੱਲੀ ਵਿਖੇ ਪਿੰਡਾਂ ਵਿਚੋਂ ਟਰਾਲੀਆਂ ਤੇ ਕਣਕ, ਦਾਲਾਂ, ਚੌਲ ਲੈ ਕੇ ਕਿਸਾਨ ਵੱਡੀ ਗਿਣਤੀ ਵਿੱਚ ਚਲ ਰਹੇ ਮੋਰਚੇ ਵਿੱਚ ਪਹੁੰਚ ਰਹੇ ਹਨ।

