ਪੰਜਾਬ

ਯੂਥ ਅਕਾਲੀ ਦਲ ਨੇ ਕਾਂਗਰਸੀ ਆਗੂਆਂ ਨੁੰ ਪੰਜ ਪਿਆਰੇ ਦੱਸ ਕੇ ਸਿੱਖ ਭਾਵਨਾਵਾਂ ਨੁੰ ਸੱਟ ਮਾਰਨ ’ਤੇ ਹਰੀਸ਼ ਰਾਵਤ ਖਿਲਾਫ ਦਰਜ ਕਰਵਾਈ ਫੌਜਦਾਰੀ ਸ਼ਿਕਾਇਤ

ਯੂਥ ਆਗੂਆਂ ਨੇ ਰਾਵਤ ਖਿਲਾਫ ਸਾਰੇ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਕੀਤੀ ਸ਼ਿਕਾਇਤ

ਫਤਿਹਗੜ੍ਹ ਸਾਹਿਬ, 3 ਸਤੰਬਰ : (ਮਧੂਸਾਰ ਬਿਊਰੋ) ਯੂਥ ਅਕਾਲੀ ਦਲ ਨੇ ਅੱਜ ਆਲ ਇੰਡੀਆ ਕਾਂਗਰਸ ਕਮੇਟੀ (ਏ ਆਈ ਸੀ ਸੀ) ਦੇ ਜਨਰਲ ਸਕੱਤਰ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ ਕਾਂਗਰਸੀ ਆਗੂਆਂ ਨੁੰ ‘ਪੰਜ ਪਿਆਰੇ’ ਦੱਸ ਕੇ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ’ਤੇ ਉਹਨਾਂ ਖਿਲਾਫ ਫੌਜਦਾਰੀ ਸ਼ਿਕਾਇਤ ਦਰਜ ਕਰਵਾਈ।

ਯੂਥ ਅਕਾਲੀ ਦਲ ਦੇ ਆਗੂਆਂ ਨੇ ਫਤਿਹਗੜ੍ਹ ਸਾਹਿਬ ਸਮੇਤ ਸਮੁੱਚੇ ਜ਼ਿਲ੍ਹਾ ਮੁਕਾਮਾਂ ’ਤੇ ਐਸ ਐਸ ਪੀਜ਼ ਨੁੰ ਰਾਵਤ ਖਿਲਾਫ ਮੰਗ ਪੱਤਰ ਦਿੱਤੇ।

ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਰਾਵਤ ਉੱਤਰਾਖੰਡ ਦੇ ਮੁੱਖ ਮੰਤਰੀ ਰਹੇ ਹਨ ਜਿਥੇ ਗੁਰਦੁਆਰਾ ਹੇਮਕੁੰਟ ਸਾਹਿਬ ਸਥਿਤ ਹੈ। ਉਹਨਾਂ ਕਿਹਾ ਕਿ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ, ਉਹਨਾਂ ਦੇ ਧਰਮ ਲਈ ਪ੍ਰਚਾਰ ਤੇ ਸਿੱਖਿਆਵਾਂ ਤੋਂ ਰਾਵਤ ਭਲੀ ਭਾਂਤ ਜਾਣੂ ਹਨ। ਉਹਨਾਂ ਕਿਹਾ ਕਿ 1699 ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਦੀ ਸਾਜਣਾ ਕੀਤੀ ਸੀ। ਉਹਨਾਂ ਕਿਹਾ ਕਿ ਸਿੱਖ ਧਰਮ ਵਿਚ ਖਾਲਸਾ ਦੀ ਸਾਜਣਾ ਦਾ ਅਹਿਮ ਮਹੱਤਵ ਹੈ। ਇਸੇ ਦਿਨ ਸਿੱਖ ਵਿਸਾਖੀ ਮਨਾਉਂਦੇ ਹਨ। ਉਹਨਾਂ ਕਿਹਾ ਕਿ ਸਿੱਖ ਧਰਮ ਵਿਚ ਪੰਜ ਪਿਆਰੇ ਸ਼ਬਦ ਉਹਨਾ ਪੰਜ ਪਿਆਰਿਆਂ ਲਈ ਵਰਤਿਆ ਜਾਦਾ ਹੈ ਜਿਹਨਾਂ ਨੇ ਦਸਵੇਂ ਗੁਰੂ ਵੱਲੋਂ ਸ਼ੁਰੂ ਕੀਤੇ ਖਾਲਸਾ ਨੁੰ ਸ਼ੁਰੂ ਕੀਤਾ। ਉਹਨਾਂ ਕਿਹਾ ਕਿ ਪੰਜ ਪਿਆਰਿਆਂ ਦਾ ਸਿੱਖ ਧਰਮ ਵਿਚ ਬਹੁਤ ਆਦਰ ਤੇ ਸਤਿਕਾਰ ਹੈ। ਉਹਨਾਂ ਕਿਹਾ ਕਿ ਅਸਲ ਪੰਜ ਪਿਆਰਿਆਂ ਨੇ ਹੀ ਸਿੱਖ ਇਤਿਹਾਸ ਨੁੰ ਰੂਪ ਦਿੱਤਾ ਤੇ ਸਿੱਖੀ ਨੁੰ ਪਰਿਭਾਸ਼ਤ ਕੀਤਾ। ਉਹਨਾਂ ਕਿਹਾ ਕਿ ਜਿਹੜੇ ਜੰਗਜੂਆਂ ਨੇ ਨਾ ਸਿਰਫ ਜੰਗੀ ਮੈਦਾਨ ਵਿਚ ਲੜਾਈ ਲੜੀ ਬਲਕਿ ਅੰਦਰੂਨੀ ਦੁਸ਼ਮਣਾਂ, ਹਊਮੇ ਤੇ ਮਨੁੱਖਤਾ ਲਈ ਸੇਵਾ ਕੀਤੀ ਤੇ ਜਾਤ ਪਾਤ ਖਤਮ ਕੀਤੀ, ਉਹਨਾਂ ਲਈ ਉਹਨਾਂ ਹੀ ਉਹ ਜਾਣੇ ਜਾਂਦੇ ਹਨ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ 1699 ਦੀ ਵਿਸਾਖੀ ਨੂੰ ਇਹਨਾਂ ਪੰਜ ਪਿਆਰਿਆਂ ਦੇ ਨਾਲ 80 ਹਜ਼ਾਰ ਹੋਰ ਲੋਕਾਂ ਨੂੰ ਅੰਮ੍ਰਿਤ ਛਕਾਇਆ। ਉਹਨਾਂ ਕਿਹਾ ਕਿ ਸਿੱਖ ਧਰਮ ਵਿਚ ਕੋਈ ਵੀ ਇਹਨਾਂ ਦਾ ਅਪਮਾਨ ਨਹੀਂ ਕਰ ਸਕਦਾ।

ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹਰੀਸ਼ ਰਾਵਤ ਪੰਜ ਪਿਆਰਿਆਂ ਦੀ ਮਹੱਤਤਾ ਤੋਂ ਭਲੀ ਭਾਂਤ ਜਾਣੂ ਹਨ ਤੇ ਜਾਣ ਬੁੱਝ ਕੇ ਉਹਨਾਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੇ ਹੋਰ ਵਰਕਿੰਗ ਪ੍ਰਧਾਨਾਂ ਨੁੰ ਪੰਜ ਪਿਆਰੇ ਕਰਾਰ ਦਿੱਤਾ।

ਉਹਨਾਂ ਕਿਹਾ ਕਿ ਇਸ ਗੱਲ ਤੋਂ ਅਗਲੇ ਹੀ ਦਿਨ ਭਰ ਵਿਚ ਸਿੱਖਾਂ ਦੇ ਮਨਾਂ ਵਿਚ ਰੋਸ ਦੀ ਲਹਿਰ ਦੌੜ ਗਈ। ਉਹਨਾਂ ਕਿਹਾ ਕਿ ਭਾਵੇਂ ਹਰੀਸ਼ ਰਾਵਤ ਨੇ ਮੁਆਫੀ ਤਾਂ ਮੰਗ ਲਈ ਪਰ ਫਿਰ ਇਹ ਗੱਲ ਕਹੀ ਕਿ ਉਹ ਇਤਿਹਾਸ ਦੇ ਵਿਦਿਆਰਥੀ ਹਨ ਅਤੇ ਇਸ ਲਈ ਸਿੱਖ ਧਰਮ ਦੇ ਇਤਿਹਾਸ ਤੋਂ ਜਾਣੂ ਹਨ। ਉਹਨਾਂ ਕਿਹਾ ਕਿ ਹਰੀਸ਼ ਰਾਵਤ ਦੀ ਗਲਤੀ ਨੁੰ ਮੁਆਫ ਨਹੀਂ ਕੀਤੀਆਂ ਜਾ ਸਕਦੀਆਂ ਤੇ ਦੁਨੀਆਂ ਭਰ ਦੀ ਸਿੱਖ ਸੰਗਤ ਰਾਵਤ ਨੂੰ ਮੁਆਫ ਨਹੀਂ ਕਰ ਸਕਦੀ।

ਸਰਦਾਰ ਰੋਮਾਣਾ ਨੇ ਕਿਹਾ ਕਿ ਰਾਵਤ  ਦੇ ਖਿਲਾਫ ਧਾਰਾ 295 ਏ ਆਈ ਪੀ ਸੀ ਦੇ ਤਹਿਤ ਦਰਜ ਹੋਣੀ ਚਾਹੀਦੀ ਹੈ ਤੇ ਤਾਂ ਹੀ ਸਿੱਖਾਂ ਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਨੁੰ ਇਨਸਾਫ ਮਿਲ ਸਕਦਾ ਹੈ। 

Leave a Reply

Your email address will not be published. Required fields are marked *