ਪੰਜਾਬਪਟਿਆਲਾ

ਮਾੜੇ ਪੜ੍ਹਾਈ ਪ੍ਰਬੰਧ ਖ਼ਿਲਾਫ਼ ਮਾਪਿਆਂ ਵੱਲੋਂ ਕੀਤਾ ਰੋਸ ਪ੍ਰਦਰਸ਼ਨ

ਸੇਂਟ ਮੇਰੀ ਸਕੂਲ ਵੱਲੋਂ ਬੱਚਿਆਂ ਦੇ ਭਵਿੱਖ ਨਾਲ ਕੀਤਾ ਜਾ ਰਿਹਾ ਹੈ ਖਿਲਵਾੜ

ਪਟਿਆਲਾ, 03 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਸ਼ਹਿਰ ਦੇ ਨਾਮੀ ਪ੍ਰਾਈਵੇਟ ਸਕੂਲ ਸੇਂਟ ਮੇਰੀ ਵਿਖੇ ਮਾੜੇ ਪੜ੍ਹਾਈ ਪ੍ਰਬੰਧਾਂ ਖ਼ਿਲਾਫ਼ ਮਾਪਿਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਮਾਪਿਆਂ ਵੱਲੋਂ ਸਕੂਲ ਮੈਨੇਜਮੈਂਟ ਖ਼ਿਲਾਫ਼ ਭੜਾਸ ਕੱਢਦਿਆਂ ਕਿਹਾ ਗਿਆ ਕਿ ਸਕੂਲ ਮੈਨੇਜਮੈਂਟ ਵੱਲੋਂ ਅਧਿਆਪਨ ਦਾ ਪੱਧਰ ਬਹੁਤ ਹੇਠਾਂ ਡੇਗ ਦਿੱਤਾ ਗਿਆ ਹੈ । ਬਹੁਤ ਘੱਟ ਤਨਖਾਹਾਂ ਤੇ ਅਨਟ੍ਰੇਂਡ ਅਧਿਆਪਕ ਰੱਖੇ ਜਾ ਰਹੇ ਹਨ, ਕੋਈ ਵੀ ਚੰਗਾ ਅਧਿਆਪਕ ਇਸ ਸਕੂਲ ਵਿਚ ਬਹੁਤੀ ਜ਼ਿਆਦਾ ਦੇਰ ਨਹੀਂ ਟਿਕਦਾ ਅਤੇ ਸਕੂਲ ਛੱਡ ਕੇ ਜਾਣ ਵਿੱਚ ਹੀ ਬਿਹਤਰੀ ਸਮਝਦਾ ਹੈ।

ਇਸੇ ਕਾਰਨ ਬਹੁਤ ਸਾਰੇ ਅਧਿਆਪਕਾਂ ਵੱਲੋਂ ਇਸ ਸਕੂਲ ਨੂੰ ਛੱਡ ਦਿੱਤਾ ਗਿਆ ਹੈ, ਜਿਸ ਕਾਰਨ ਸਿੱਖਿਆ ਦਾ ਮਿਆਰ ਬਹੁਤ ਹੇਠਾਂ ਡਿੱਗਿਆ ਹੈ । ਜਿਸ ਬਾਰੇ ਸਕੂਲ ਮੈਨੇਜਮੈਂਟ ਵੱਲੋਂ ਵਾਰ ਵਾਰ ਕਹਿਣ ਤੇ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ । ਮਾੜੇ ਸਿੱਖਿਆ ਪ੍ਰਬੰਧ ਸਬੰਧੀ ਜੋ ਮਾਂ ਬਾਪ ਸ਼ਿਕਾਇਤ ਕਰਦੇ ਹਨ ਉਨ੍ਹਾਂ ਦੇ ਬੱਚਿਆਂ ਨੂੰ ਬਿਨਾਂ ਵਜ੍ਹਾ ਗਰੁੱਪਾਂ ਵਿਚੋਂ ਕੱਢ ਦਿੱਤਾ ਜਾਂਦਾ ਹੈ ਅਤੇ ਸਕੂਲ ਪ੍ਰਿੰਸੀਪਲ ਵੱਲੋਂ ਧਮਕੀ ਭਰੇ ਅੰਦਾਜ਼ ਵਿੱਚ ਕਿਹਾ ਜਾਂਦਾ ਹੈ ਕਿ ਜੇ ਸਾਡਾ ਸਕੂਲ ਮਾੜਾ ਹੈ ਤਾਂ ਕਿਤੇ ਹੋਰ ਬੱਚੇ ਲਗਾ ਲਵੋ । ਇਹ ਇੱਕ ਬਹੁਤ ਹੀ ਗ਼ੈਰ ਜ਼ਿੰਮੇਵਾਰਾਨਾ ਵਿਵਹਾਰ ਹੈ।

ਸਕੂਲ ਫ਼ੀਸ ਲੇਟ ਹੋਣ ਸੰਬੰਧੀ ਮੈਨੇਜਮੈਂਟ ਵਲੋਂ ਕਲਾਸਾਂ ਵਿੱਚ ਹੀ ਬੱਚਿਆਂ ਨੂੰ ਡਾਂਟ ਕੇ ਫੀਸ ਤੁਰੰਤ ਲਿਆਉਣ ਲਈ ਕਿਹਾ ਜਾਂਦਾ ਹੈ ਜਿਸ ਕਾਰਨ ਬੱਚਿਆਂ ਨੂੰ ਗਹਿਰਾ ਮਾਨਸਿਕ ਸਦਮਾ ਲੱਗਦਾ ਹੈ। ਮਾਪਿਆਂ ਵੱਲੋਂ ਵਿਰੋਧ ਪ੍ਰਦਰਸ਼ਨ ਕਰਦਿਆਂ ਕਿਹਾ ਗਿਆ ਕਿ ਸਕੂਲ ਨੂੰ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ । ਸਕੂਲ ਵੱਲੋਂ ਆਨਲਾਈਨ ਸਿੱਖਿਆ ਦੇ ਨਾਂ ਤੇ ਲੱਖਾਂ ਰੁਪਏ ਬੱਚਿਆਂ ਤੋਂ ਇਕੱਠੇ ਕੀਤੇ ਗਏ ਹਨ ਪਰ ਆਨਲਾਈਨ ਸਿੱਖਿਆ ਦੇ ਨਾਂ ਤੇ ਕੋਈ ਵੀ ਕਲਾਸਾਂ ਨਹੀਂ ਦਿੱਤੀਆਂ ਗਈਆਂ, ਇਸ ਬਾਰੇ ਵੀ ਸਕੂਲ ਮੈਨੇਜਮੈਂਟ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ । ਬੱਚਿਆਂ ਨੂੰ ਕੋਈ ਕਰੀਕੁਲਮ ਐਕਟੀਵਿਟੀਜ਼ ਨਹੀਂ ਕਰਵਾਈਆਂ ਜਾਂਦੀਆਂ ਅਤੇ ਉਨ੍ਹਾਂ ਨੂੰ ਅਕਸਰ ਹੀ ਡੀ ਗਰੇਡ ਕੀਤਾ ਜਾਂਦਾ ਹੈ । ਇਸ ਸਭ ਤੋਂ ਤੰਗ ਆ ਕੇ ਅੱਜ ਮਾਪਿਆਂ ਵੱਲੋਂ ਸਕੂਲ ਕੈਂਪਸ ਵਿੱਚ ਹੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਸਕੂਲ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਗਈ ਕਿ ਜੇ ਉਨ੍ਹਾਂ ਆਪਣਾ ਵਤੀਰਾ ਸਹੀ ਨਾ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿਚ ਇਹ ਸੰਘਰਸ਼ ਬਹੁਤ ਵੱਡੇ ਪੱਧਰ ਤੇ ਕੀਤਾ ਜਾਵੇਗਾ ਅਤੇ ਇਸ ਦਾ ਜ਼ਿੰਮੇਵਾਰ ਸਕੂਲ ਡਾਇਰੈਕਟਰ ਅਤੇ ਪ੍ਰਿੰਸੀਪਲ ਹੋਣਗੇ ਇਸ ਮੌਕੇ ਪਰਵੀਨ ਸ਼ਰਮਾ, ਰਮਨ ਸਚਦੇਵਾ, ਚਮਕੌਰ ਸਿੰਘ, ਆਸ਼ਾ ਰਾਣੀ , ਪੂਰਨਾ ਰਾਣਾ, ਗੁਰਧਿਆਨ ਸਿੰਘ, ਪ੍ਰਦੀਪ ਕੁਮਾਰ , ਨਰੇਸ਼ ਕੁਮਾਰ ਆਦਿ ਹਾਜ਼ਰ ਰਹੇ

Leave a Reply

Your email address will not be published. Required fields are marked *