ਦੇਸ਼-ਵਿਦੇਸ਼ਪੰਜਾਬ

ਕਿਸਾਨ ਮਹਾਪੰਚਾਇਤ: ਇਤਿਹਾਸਕ ਕਿਸਾਨ ਰੈਲੀ ’ਚ ਸੱਦਾ 27 ਨੂੰ ਕਰੋ ਭਾਰਤ ਬੰਦ

ਮੁਜ਼ੱਫਰਨਗਰ 5 ਸਤੰਬਰ (ਮਧੂਸਾਰ ਬਿਊਰੋ) ਖੇਤੀ ਕਾਨੂੰਨਾਂ ਖ਼ਿਲਾਫ਼ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਜੀ. ਆਈ. ਸੀ. ਮੈਦਾਨ ’ਚ ਅੱਜ ਕਿਸਾਨ ਮਹਾਪੰਚਾਇਤ ਹੋਈ। ਇਸ ਮਹਾਪੰਚਾਇਤ ਵਿਚ ਲੱਖਾਂ ਦੀ ਤਾਦਾਦ ’ਚ ਕਿਸਾਨ ਪਹੁੰਚੇ। ਇਸ ਵਿਚ ਕਿਸਾਨ ਬੀਬੀਆਂ ਨੇ ਵੀ ਵਧ-ਚੜ੍ਹ ਕੇ ਹਿੱਸਾ ਲਿਆ। ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਕਿਸਾਨ ਖੇਤੀ ਕਾਨੂੰਨਾਂ ਅਤੇ ਮੋਦੀ-ਯੋਗੀ ਸਰਕਾਰ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ ਲਈ ਇੱਥੇ ਇਕੱਠੇ ਹੋਏ ਸਨ। ਉੱਤਰ ਪ੍ਰਦੇਸ਼ ਤੋਂ ਇਲਾਵਾ ਪੰਜਾਬ, ਹਰਿਆਣਾ, ਕਰਨਾਟਕ ਵਰਗੇ 15 ਸੂਬਿਆਂ ਤੋਂ ਕਿਸਾਨ ਇਕੱਠੇ ਹੋਏ।

ਮਹਾਪੰਚਾਇਤ ਦੇ ਮੰਚ ’ਤੇ ਰਾਕੇਸ਼ ਟਿਕੈਤ, ਯੋਗੇਂਦਰ ਯਾਦਵ, ਬਲਬੀਰ ਸਿੰਘ ਰਾਜੇਵਾਲ ਸਮੇਤ ਕਈ ਹੋਰ ਕਿਸਾਨ ਆਗੂ ਮੌਜੂਦ ਰਹੇ। ਉਨ੍ਹਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਚੋਣਾਂ ਨਹੀਂ ਲੜਨਗੇ। ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਤਕ ਉਨ੍ਹਾਂ ਦੀ ਘਰ ਵਾਪਸੀ ਨਹੀਂ ਹੋਵੇਗੀ। ਜੀ. ਆਈ. ਸੀ. ਮੈਦਾਨ ’ਚ ਹੋਈ ਇਸ ਮਹਾਪੰਚਾਇਤ ’ਚ ਕਿਸਾਨ ਮੰਚ ਤੋਂ ਸੰਯੁਕਤ ਕਿਸਾਨ ਮੋਰਚੇ ਨੇ ਆਪਣੀ ਅੱਗੇ ਦੀ ਰਣਨੀਤੀ ਘੜ੍ਹੀ ਹੈ। ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਨੇ 4 ਅਹਿਮ ਐਲਾਨ ਕੀਤੇ ਹਨ।

‘ਉਦੋਂ ਤੱਕ ਡਟੇ ਰਹਾਂਗੇ, ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੋਣਗੇ’
ਮੁਜੱਫਰਨਗਰ- ਉੱਤਰ ਪ੍ਰਦੇਸ਼ ਦੇ ਮੁਜੱਫਰਨਗਰ ’ਚ ਅੱਜ ਯਾਨੀ ਐਤਵਾਰ ਨੂੰ ਕਿਸਾਨਾਂ ਵਲੋਂ ਮਹਾਪੰਚਾਇਤ ਸੱਦੀ ਗਈ ਹੈ। ਇਸ ਮਹਾਪੰਚਾਇਤ ’ਚ 15 ਸੂਬਿਆਂ ਦੇ ਕਿਸਾਨ ਵੱਡੀ ਗਿਣਤੀ ’ਚ ਸ਼ਮੂਲੀਅਤ ਕਰ ਰਹੇ ਹਨ। ਇਹ ਕਿਸਾਨ ਮਹਾਪੰਚਾਇਤ ਜੀ.ਆਈ.ਸੀ. ਗਰਾਊਂਡ ’ਚ ਹੋ ਰਹੀ ਹੈ, ਜਿਸ ’ਤੇ ਕਈ ਵੱਡੇ ਕਿਸਾਨ ਆਗੂ ਵੀ ਸ਼ਾਮਲ ਹੋਏ ਹਨ। ਇਸ ਦੌਰਾਨ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅੱਜ ਸਾਰਾ ਦੇਸ਼ ਸੰਕਟ ’ਚ ਹੈ। ਜੋ ਆਦਮੀ ਸਖਤ ਮਿਹਨਤ ਕਰਦਾ ਹੈ, ਉਹ ਭੁੱਖਾ ਮਰ ਰਿਹਾ ਹੈ। ਜੋ ਆਦਮੀ ਏ.ਸੀ. ’ਚ ਬੈਠਾ ਹੈ, ਕਾਰਪੋਰੇਟ ਹਾਊਸ ਚਲਾਉਂਦਾ ਹੈ, ਦੇਸ਼ ਦੀ ਸਾਰੀ ਦੌਲਤ ਉਸ ਵੱਲ ਧੱਕੇ ਨਾਲ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਿੰਦੂ ਮੁਸਲਮਾਨ ਦਾ ਨਾਮ ਲੈ ਕੇ ਭਾਜਪਾ ਸੱਤਾ ’ਚ ਆ ਗਈ ਹੈ। ਮੋਦੀ ਸਰਕਾਰ ਨੇ ਖੇਤੀ ਸੈਕਟਰ ਨੂੰ ਵੀ ਕਾਰਪੋਰੇਟ ਹਾਊਸ ਸਾਹਮਣੇ ਪਰੋਸ ਦਿੱਤਾ ਹੈ। ਰਾਜੇਵਾਲ ਨੇ ਕਿਹਾ ਕਿ ਤਿੰਨੋਂ ਖੇਤੀ ਕਾਨੂੰਨਾਂ ਵਿਰੁੱਧ ਅਸੀਂ 11 ਵਾਰ ਬਹਿਸ ਕੀਤੀ ਪਰ ਸਰਕਾਰ ਕੋਲ ਕੋਈ ਜਵਾਬ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ, ਉਦੋਂ ਤੱਕ ਸਾਡਾ ਅੰਦੋਲਨ ਜਾਰੀ ਰਹੇਗਾ।
ਦੱਸਣਯੋਗ ਹੈ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਪਿਛਲੇ 10 ਮਹੀਨਿਆਂ ਤੋਂ ਡਟੇ ਕਿਸਾਨ ਮੁਜੱਫਰਨਗਰ ’ਚ ਮਹਾਪੰਚਾਇਤ ਵਿਚ ਪਹੁੰਚੇ ਹਨ। ਕਿਸਾਨਾਂ ਦੇ ਵੱਡੇ ਕਾਫਲੇ ਬੀਤੀ ਰਾਤ ਤੋਂ ਹੀ ਇੱਥੇ ਪਹੁੰਚ ਗਏ। ਇਸ ਮਹਾਪੰਚਾਇਤ ’ਚ ਕਿਸਾਨ ਬੀਬੀਆਂ ਨੇ ਹਿੱਸਾ ਲਿਆ ਹੈ। ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਹੋਇਆ ਹੈ ਕਿ ਮੁਜ਼ੱਫਰਨਗਰ ਵਿਚ 5 ਸਤੰਬਰ ਨੂੰ ਹੋਣ ਵਾਲੀ ਕਿਸਾਨ ਮਹਾਪੰਚਾਇਤ, ’ਮਿਸ਼ਨ ਉੱਤਰ ਪ੍ਰਦੇਸ਼-ਉੱਤਰਾਖੰਡ’ ਦੀ ਸ਼ੁਰੂਆਤ ਕਰੇਗੀ। ਇਨ੍ਹਾਂ ਸੂਬਿਆਂ ਵਿਚ ਖੇਤੀਬਾੜੀ ਵਿਰੋਧੀ ਕਾਨੂੰਨ ਰੱਦ ਕਰਨ, ਬਿਜਲੀ ਸੋਧ ਬਿੱਲ 2020 ਵਾਪਸ ਲੈਣ ਤੇ ਸਾਰੇ ਖੇਤੀ ਉਤਪਾਦਾਂ ਦੀ ਵਿਆਪਕ ਲਾਗਤ ਦੇ ਡੇਢ ਗੁਣਾਂ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦ ਦੀ ਕਾਨੂੰਨੀ ਗਾਰੰਟੀ ਦੀ ਮੰਗ ਪੂਰੀ ਕਰਨ ਲਈ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਜਾਵੇਗਾ।

Leave a Reply

Your email address will not be published. Required fields are marked *