ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਿੱਖਿਆ ਖੇਤਰ ਤੇ ਲਗਾਏ ਜੀ.ਐੱਸ.ਟੀ. ਅਤੇ ਫੀਸ ਵਾਧੇ ਵਿਰੁੱਧ ਸੰਘਰਸ਼ ਦਾ ਆਗਾਜ਼।
ਪੰਜਾਬ ਭਰ ਵਿੱਚ ਕੀਤਾ ਡੀ.ਸੀ. ਦਫਤਰਾਂ ਵਿਖੇ ਪ੍ਰਦਰਸ਼ਨ।
ਪਟਿਆਲਾ 15 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਵਿਦਿਆਰਥੀ ਮੰਗਾਂ ਨੂੰ ਲੈ ਕੇ ਪੀ.ਐੱਸ.ਯੂ. ਵੱਲੋਂ ਜ਼ਿਲ੍ਹਾ ਕੇਂਦਰਾਂ ਤੇ ਦਿੱਤੇ ਜਾ ਰਹੇ ਸੂਬਾ ਪੱਧਰੀ ਧਰਨਿਆਂ ਦੀ ਲੜੀ ਤਹਿਤ ਪਟਿਆਲਾ ਵਿਖੇ ਡੀ.ਸੀ. ਦਫਤਰ ਪਟਿਆਲਾ ਅੱਗੇ ਰੋਸ ਮਾਰਚ ਤੋਂ ਬਾਅਦ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਅਮਨਦੀਪ ਸਿੰਘ, ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ, ਜਿਲ੍ਹਾ ਸਕੱਤਰ ਖੁਸ਼ਵਿੰਦਰ ਸਿੰਘ, ਰਿਪੁਦਮਨ ਕਾਲਜ ਨਾਭਾ ਤੋਂ ਅਰਵਿੰਦਰ ਕੌਰ, ਕਿਰਤੀ ਕਾਲਜ ਨਿਆਲ ਤੋਂ ਗੁਰਮੀਤ ਨਾਈਵਾਲਾ, ਪਬਲਿਕ ਕਾਲਜ ਸਮਾਣਾ ਤੋਂ ਅਕਸ਼ੈ ਘੱਗਾ, ਯੂਨੀਵਰਸਿਟੀ ਕਾਲਜ ਮੂਨਕ ਤੋਂ ਗੁਰਵੀਰ ਅਤੇ ਮਹਿੰਦਰਾ ਕਾਲਜ ਪਟਿਆਲਾ ਤੋਂ ਸੰਜੈ ਸਿੰਘ ਨੇ ਮੰਗਾਂ ਬਾਰੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।
ਆਗੂਆਂ ਨੇ ਕਿਹਾ ਕਿ ਕੇਂਦਰ ਵਿੱਚ ਰਾਜ ਕਰ ਰਹੀ ਮੋਦੀ ਸਰਕਾਰ ਜਿੱਥੇ ਪਹਿਲਾਂ ਲੋਕ ਮਾਰੂ ਨੀਤੀਆਂ ਲਾਗੂ ਕਰਨ ਵਾਲਾ ਗੈਰ ਲੋਕਤਾਂਤਰਿਕ ਸੰਗਠਨ ਬਣ ਚੁੱਕਾ ਹੈ ਤਾਂ ਪੰਜਾਬ ਅੰਦਰ ਕਾਂਗਰਸ ਦੀ ਅਗਵਾਈ ਹੇਠ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ ਉਸੇ ਸੋਚ ਅਤੇ ਵਿਦਿਆਰਥੀ ਮਾਰੂ ਕਦਮਾਂ ਉੱਤੇ ਚੱਲ ਰਹੀ ਹੈ ਜਿਸ ਦੀ ਉਦਾਹਰਣ ਹੈ ਕਿ ਲੜਕੀਆਂ ਦੀ ਪੀ.ਐਚ.ਡੀ. ਤੱਕ ਮੁਫਤ ਸਿੱਖਿਆ ਸੰਬੰਧੀ ਕਾਨੂੰਨ ਵਿਧਾਨ ਸਭਾ ਵਿੱਚ ਪੇਸ਼ ਕਰਕੇ ਵੀ ਲਾਗੂ ਨਹੀਂ ਕੀਤਾ ਜਾ ਰਿਹਾ। ਘਰ ਘਰ ਨੌਕਰੀ ਦਾ ਵਾਅਦਾ ਕੀਤਾ ਗਿਆ ਪਰੰਤੂ ਅਧਿਆਪਕਾਂ ਦੀ ਭਰਤੀ ਗੈਸਟ ਫੈਕਲਟੀ ਵੱਜੋਂ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਅਧਿਆਪਕਾਂ ਨੂੰ ਪੀ.ਟੀ.ਏ. ਫੰਡ ਵਿੱਚੋਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ ਜੋ ਕਿ ਗੈਰ ਕਾਨੂੰਨੀ ਹੈ। ਕੇਂਦਰ ਪੱਧਰ ਤੇ ਇਹ ਫੈਸਲਾ ਹੋ ਚੁੱਕਿਆ ਹੈ ਕਿ ਆਰਥਿਕ ਤੌਰ ਤੇ ਪੱਛੜੇ ਵਰਗ (ਈ.ਬੀ.ਸੀ.) ਤਹਿਤ ਜਿਨ੍ਹਾਂ ਦੀ ਆਮਦਨ 1.5 ਲੱਖ ਤੋਂ ਘੱਟ ਹੈ ਉਨ੍ਹਾਂ ਦੇ ਬੱਚਿਆਂ ਦੀ ਫੀਸ ਮਾਫ ਕੀਤੀ ਜਾਵੇਗੀ ਪਰੰਤੂ ਪੰਜਾਬ ਸਰਕਾਰ ਇਸ ਫੈਸਲੇ ਨੂੰ ਲਾਗੂ ਨਹੀਂ ਕਰ ਰਹੀ ਅਤੇ ਇਸ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਪੋਰਟਲ ਉੱਪਰ ਸ਼ਾਮਲ ਨਹੀਂ ਕੀਤਾ ਗਿਆ।
ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਜੋ ਕਿ ਦੇਸ਼ ਭਗਤਾਂ ਪ੍ਰਤੀ ਆਪਣੇ ਆਪ ਨੂੰ ਬਹੁਤ ਹਿਤੈਸ਼ੀ ਕਹਾਉਂਦੇ ਹਨ ਪਰ ਉਨ੍ਹਾਂ ਦੇ ਕਾਰਜਕਾਲ ਵਿੱਚ ਜਲਿ੍ਹਆਂਵਾਲਾ ਬਾਗ ਦੀ ਪੁਰਾਤਨ ਦਿੱਖ ਨੂੰ ਖਤਮ ਕਰਕੇ ਇਤਿਹਾਸਕ ਨਿਸ਼ਾਨੀਆਂ ਨੂੰ ਮਿਟਾਇਆ ਗਿਆ ਹੈ। ਤੂੜੀ ਬਜਾਰ ਫਿਰੋਜਪੁਰ ਅੰਦਰ ਸ਼ਹੀਦ ਭਗਤ ਸਿੰਘ ਨਾਲ ਸਬੰਧਤ ਗੁਪਤ ਟਿਕਾਣੇ ਜਿਸਨੂੰ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਮਿਊਜੀਅਮ ਅਤੇ ਲਾਇਬਰੇਰੀ ਬਣਾਉਣ ਦਾ ਐਲਾਨ ਵੀ ਕੀਤਾ ਜਾ ਚੁੱਕਿਆ ਸੀ ਪਰੰਤੂ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਬੱਬਰ ਅਕਾਲੀ ਲਹਿਰ ਜੋ ਕਿ ਦੇਸ਼ ਨੂੰ ਅਜਾਦ ਕਰਵਾਉਣ ਲਈ ਲਾਮਿਸਾਲ ਕੁਰਬਾਨੀਆਂ ਵਾਲੀ ਲਹਿਰ ਸੀ, ਦੇ ਸੂਰਬੀਰਾਂ ਸਬੰਧੀ ਵਾਰ—ਵਾਰ ਮੰਗ ਕਰਨ ਦੇ ਬਾਵਜੂਦ ਵੀ ਉਨ੍ਹਾਂ ਦੀ ਨਾ ਹੀ ਕੋਈ ਯਾਦਗਾਰ ਬਣਾਈ ਗਈ ਹੈ ਅਤੇ ਨਾ ਹੀ ਉਨ੍ਹਾਂ ਦੇ। ਸੰਘਰਸ਼ ਨੂੰ ਵਿਦਿਆਰਥੀਆਂ ਦੇ ਸਿਲੇਬਸ ਦਾ ਹਿੱਸਾ ਬਣਾਇਆ ਗਿਆ ਹੈ। ਲੋਕ ਜਿੱਥੇ ਪਹਿਲਾਂ ਹੀ ਨੋਟਬੰਦੀ, ਜੀ.ਐਸ.ਟੀ. ਅਤੇ ਲੋਕ ਡਾਊਨ ਕਾਰਨ ਆਰਥਿਕ ਤੌਰ ਤੇ ਬਹੁਤ ਹੀ ਨੁਕਸਾਨ ਵਿੱਚ ਹਨ ਤਾਂ ਅਜਿਹੇ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਵਿਦਿਆਰਥੀਆਂ ਦੀਆਂ ਫੀਸਾਂ ਵਿੱਚ 10 ਪ੍ਰਤੀਸ਼ਤ ਵਾਧਾ ਅਤੇ 18 ਪ੍ਰਤੀਸ਼ਤ ਜੀ.ਐਸ.ਟੀ. ਲਗਾ ਦਿੱਤਾ ਗਿਆ ਹੈ। ਵਿਦਿਆਰਥੀ ਆਗੂਆਂ ਨੇ ਜੋਰਦਾਰ ਮੰਗ ਕੀਤੀ ਕਿ ਪਬਲਿਕ ਕਾਲਜ ਸਮਾਣਾ ਨੂੰ ਸਰਕਾਰੀ ਕਾਲਜ ਦਾ ਦਰਜਾ ਦਿੱਤਾ ਜਾਵੇ। ਬੁਲਾਰਿਆਂ ਨੇ ਮੰਗ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਜਿੱਥੇ ਪੰਜਾਬ ਦੇ ਸਮੂਹ ਵਰਗ ਪਹਿਲਾਂ ਹੀ ਸੰਘਰਸ਼ਾਂ ਦੇ ਰਾਹ ਤੇ ਹਨ ਤਾਂ ਵਿਦਿਆਰਥੀਟਾ ਵੱਲੋਂ ਆਉਂਦੇ ਦਿਨਾਂ ਵਿੱਚਸਖਤ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।

