ਪੰਜਾਬ

ਐਸਜੀਪੀਸੀ ਦੀ ਵਰਲਡ ਯੂਨੀਵਰਸਿਟੀ ਵਿੱਚ ਦਾਖਲਿਆਂ ਦੇ ਨਵੇਂ ਰਿਕਾਰਡ ਕਾਇਮ

ਫਤਿਹਗੜ੍ਹ ਸਾਹਿਬ (ਰਮਨਦੀਪ/ਮਧੂਸਾਰ ਬਿਊਰੋ)ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸੰਚਾਲਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵਿਚ ਵਿਦਿਆਰਥੀਆਂ ਦਾ ਦਾਖਲੇ ਪ੍ਰਤੀ ਭਰਵਾ ਹੁੰਗਾਰਾ ਦੇਖਣ ਨੂੰ ਮਿਲ ਰਿਹਾ ਹੈ। ਯੂਨੀਵਰਸਿਟੀ ਨੇ ਇਸ ਸਾਲ ਅਪਣੇ ਪਿਛਲੇ ਸਾਲਾਂ ਦੇ ਦਾਖਲਿਆਂ ਦੇ ਰਿਕਾਰਡ ਨੂੰ ਤੋੜ ਨਵਾਂ ਰਿਕਾਰਡ ਕਾਇਮ ਕੀਤਾ। ਵਿਦਿਆਰਥੀਆਂ ਦੇ ਇਸ ਉਤਸ਼ਾਹ ਦਾ ਕਾਰਨ ਯੂਨੀਵਰਸਿਟੀ ਵਿਚ ਸਰਵਉੱਚ ਵਿੱਦਿਆ ਅਤੇ ਨਵੀਂ ਪੀੜ੍ਹੀ ਦੇ ਉਜਵਲ ਭਵਿੱਖ ਲਈ ਸਮੇਂ ਸਮੇਂ ਤੇ ਪਲੇਸਮੈਂਟ ਡਰਾਈਵ ਦਾ ਆਯੋਜਨ ਦੱਸਿਆ ਜਾ ਰਿਹਾ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਨੇ ਅਪਣੇ ਦਸ ਵਿਦਿਅਕ ਸੈਸ਼ਨਾਂ ਵਿਚ ਹੀ ਨਾ ਸਿਰਫ ਪੰਜਾਬ ਬਲਕਿ ਅੰਤਰ ਰਾਸ਼ਟਰੀ ਪੱਧਰ ਤੇ ਵੀ ਨਾਮ ਬਣਾ ਲਿਆ ਹੈ ਅਤੇ ਯੂਨੀਵਰਸਿਟੀ ਦੇ ਕਈ ਵਿਦਿਆਰਥੀ ਬਾਹਰਲੇ ਮੁਲਕਾਂ ਵਿੱਚ ਖੋਜ ਕਾਰਜ ਕਰ ਰਹੇ ਹਨ। ਯੂਨੀਵਰਸਿਟੀ ਦੀ ਅਲੂਮਨੀ ਵੱਖ ਵੱਖ ਖੇਤਰਾਂ ਵਿਚ ਅਪਣਾ ਅਤੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕਰ ਰਹੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵਿੱਦਿਆ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿਚ ਵੀ ਮੱਲ੍ਹਾਂ ਮਾਰੀਆਂ ਹਨ। ਹਾਕੀ, ਫੁੱਟਬਾਲ ਵਰਗੀਆਂ ਖੇਡਾਂ ਤੋਂ ਇਲਾਵਾ ਸਿੱਖ ਮਾਰਸ਼ਲ ਆਰਟ ਗੱਤਕਾ ਵਿਚ ਵੀ ਵਿਦਿਆਰਥੀਆਂ ਨੂੰ ਉਚੇਰੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਸਬੰਧਿਤ ਕੋਰਸ ਵੀ ਯੂਨੀਵਰਸਿਟੀ ਵਿਖੇ ਚੱਲ ਰਿਹਾ ਹੈ। ਯੂਨੀਵਰਸਿਟੀ ਵਿਚ ਪ੍ਰੰਪਰਿਕ ਅਤੇ ਪ੍ਰੋਫੈਸ਼ਨਲ ਕੋਰਸ ਤੋਂ ਇਲਾਵਾ ਬੈਚਲਰ ਇਨ ਗੁਰਦੁਆਰਾ ਮੈਨੇਜਮੈਂਟ ਕੋਰਸ ਵੀ ਕਰਵਾਇਆ ਜਾ ਰਿਹਾ ਹੈ।

ਵਿਦਿਆਰਥੀਆਂ ਦੀ ਹਰ ਜ਼ਰੂਰਤ ਦਾ ਖਿਆਲ ਰੱਖਦਿਆਂ ਸਟੇਟ ਆਫ ਦਾ ਆਰਟ ਕਲਾਸਰੂਮ, ਆਧੁਨਿਕ ਤਕਨੀਕਾਂ ਨਾਲ ਲੈਸ ਲੈਬਾਂ ਅਤੇ ਉੱਚ ਕੋਟੀ ਦੀ ਲਾਇਬ੍ਰੇਰੀ ਦੀ ਸਹੂਲਤ ਯੂਨੀਵਰਸਿਟੀ ਵਲੋਂ ਪ੍ਰਦਾਨ ਕੀਤੀ ਗਈ ਹੈ। ਵਿਦਿਆਰਥੀਆਂ ਨੂੰ ਉਚੇਰੀ ਖੋਜ ਨਾਲ ਜੋੜਨ ਲਈ ਸਮੇਂ ਸਮੇਂ ਤੇ ਸੈਮੀਨਾਰ ਅਤੇ ਕਾਨਫਰੰਸਾਂ, ਅਤੇ ਟ੍ਰੇਨਿੰਗ ਲਈ ਵਰਕਸ਼ਾਪ ਦਾ ਆਯੋਜਨ ਕੀਤਾ ਜਾਂਦਾ ਹੈ। ਯੂਨੀਵਰਸਿਟੀ ਵਿਚ ਲਗਭਗ ਸਾਰਾ ਹੀ ਸਟਾਫ ਪੀ ਐਚ ਡੀ ਅਤੇ ਯੂ ਜੀ ਸੀ ਨੇਟ ਕਵਾਲਿਫਾਇਡ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਆਨਲਾਈਨ ਕਲਾਸਾਂ ਵਿਚ ਵੀ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਨਾਲ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ ਅਤੇ ਉਨ੍ਹਾਂ ਨੇ ਅਪਣੀ ਪੜ੍ਹਾਈ ਪੂਰੀ ਸੰਤੁਸ਼ਟੀ ਨਾਲ ਪੂਰੀ ਕੀਤੀ। ਇਹ ਹੀ ਕਾਰਨ ਹੈ ਕਿ ਸੈਸ਼ਨ 2021-22 ਵਿਚ ਵਿਦਿਆਰਥੀਆਂ ਨੇ ਇਲਾਕੇ ਦੇ ਸਾਰੇ ਵਿਦਿਅਕ ਅਦਾਰਿਆਂ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੂੰ ਪਹਿਲ ਦੇਂਦਿਆਂ ਯੂਨੀਵਰਸਿਟੀ ਵਿਚ ਦਾਖਲਾ ਲੈਣ ਨੂੰ ਤਰਜ਼ੀਹ ਦਿੱਤੀ।

ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਪ੍ਰਿਤਪਾਲ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਯੂਨੀਵਰਸਿਟੀ ਦੇ ਸਟਾਫ ਨੇ ਮਹਾਮਾਰੀ ਦੇ ਸਮੇਂ ਵਿਚ ਵੀ ਵਿਦਿਆਰਥੀਆਂ ਦੇ ਭਵਿੱਖ ਨੂੰ ਤਰਜ਼ੀਹ ਦਿੱਤੀ ਅਤੇ ਪੂਰੀ ਤਨਦੇਹੀ ਨਾਲ ਸੱਚੇ ਅਧਿਆਪਕ ਦੀ ਜਿੰਮੇਵਾਰੀ ਨੂੰ ਨਿਭਾਇਆ। ਉਹਨਾਂ ਖੁਸ਼ੀ ਜ਼ਾਹਿਰ ਕੀਤੀ ਕਿ ਵਿਦਿਆਰਥੀਆਂ ਨੇ ਵੀ ਅਧਿਆਪਕਾਂ ਦੀ ਮਦਦ ਨਾਲ ਅਪਣੀ ਪੜ੍ਹਾਈ ਚੰਗੇ ਅੰਕਾਂ ਨਾਲ ਪੂਰੀ ਕੀਤੀ ਅਤੇ ਵਿੱਦਿਆ ਹਾਸਿਲ ਕਰਨ ਵਿਚ ਕਿਸੇ ਵੀ ਕਿਸਮ ਦੀ ਅਣਗਹਿਲੀ ਨਹੀਂ ਹੋਣ ਦਿੱਤੀ। ਇਹ ਹੀ ਕਾਰਨ ਹੈ ਕਿ ਇਸ ਸਾਲ ਪਿਛਲੇ ਕਈ ਸਾਲਾਂ ਨਾਲੋਂ ਵੱਧ ਦਾਖਲੇ ਯੂਨੀਵਰਸਿਟੀ ਵਿਚ ਹੋਏ ਹਨ।
ਡਾ. ਪ੍ਰਿਤਪਾਲ ਸਿੰਘ ਜੀ ਨੇ ਯੂਨੀਵਰਸਿਟੀ ਦੇ ਚਾਂਸਲਰ ਬੀਬੀ ਜਗੀਰ ਕੌਰ ਜੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵਿਚ ਦਾਖਲਿਆਂ ਦੇ ਵਾਧੇ ਪਿੱਛੇ ਮੁਖ ਕਾਰਨ ਬੀਬੀ ਜੀ ਦੇ ਵਿੱਦਿਆ ਪ੍ਰਤੀ ਦ੍ਰਿਸ਼ਟੀਕੋਣ ਅਤੇ ਸ਼੍ਰੋਮਣੀ ਕਮੇਟੀ ਦੀ ਇਕਲੌਤੀ ਯੂਨੀਵਰਸਿਟੀ ਨੂੰ ਅੰਤਰ ਰਾਸ਼ਟਰੀ ਪੱਧਰ ‘ਤੇ ਸਰਵਉੱਚ ਸਥਾਨ ‘ਤੇ ਪਹੁੰਚਾਉਣ ਦੀ ਦ੍ਰਿੜਤਾ ਹੈ। ਉਹਨਾਂ ਕਿਹਾ ਕਿ ਬੀਬੀ ਜੀ ਦੇ ਆਸ਼ੀਰਵਾਦ ਅਤੇ ਸਹਿਯੋਗ ਨਾਲ ਹੀ ਯੂਨੀਵਰਸਿਟੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਹੀ ਹੈ।

ਉਹਨਾਂ ਯੂਨੀਵਰਸਿਟੀ ਦੇ ਟਰੱਸਟ ਸਕੱਤਰ ਸ. ਦਰਬਾਰਾ ਸਿੰਘ ਗੁਰੂ ਦਾ ਵੀ ਧੰਨਵਾਦ ਕੀਤਾ ਜਿਨਾਂ ਦੀ ਅਗਵਾਈ ਹੇਠ ਯੂਨੀਵਰਸਿਟੀ ਨੂੰ ਹਰ ਖੇਤਰ ਵਿਚ ਅੱਗੇ ਵਧਣ ਦਾ ਮੌਕਾ ਮਿਲ ਰਿਹਾ ਹੈ ਅਤੇ ਕਿਸੇ ਵੀ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਂਦੀ। ਡਾ. ਪ੍ਰਿਤਪਾਲ ਸਿੰਘ ਨੇ ਸਮੂਹ ਟਰੱਸਟ ਮੈਂਬਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੀ ਰਹਿਨੁਮਾਈ ਸਦਕਾ ਅੱਜ ਯੂਨੀਵਰਸਿਟੀ ਨੇ ਪਿਛਲੇ ਕਈ ਸਾਲਾਂ ਦੇ ਦਾਖਲਿਆਂ ਵਿਚ ਰਿਕਾਰਡ ਤੋੜਿਆ।

Leave a Reply

Your email address will not be published. Required fields are marked *