ਸੂਬੇ ਦੇ ਨੌਜਵਾਨਾਂ ਨੂੰ ਹੁਨਰਮੰਦ ਅਤੇ ਰੁਜ਼ਗਾਰ ਦੇ ਯੋਗ ਬਣਾਉਣ ਲਈ ਨਵੀਂਆਂ ਭਵਿੱਖ ਮੁਖੀ ਯੋਜਨਾਵਾਂ ਉਲੀਕਾਂਗੇ: ਚਰਨਜੀਤ ਸਿੰਘ ਚੰਨੀ
ਤਕਨੀਕੀ ਸਿੱਖਿਆ ਮੰਤਰੀ ਨੇ ਹੁਨਰ ਵਿਕਾਸ ਦੀਆਂ ਵੱਖ-ਵੱਖ ਪੇਸ਼ਕਾਰੀਆਂ ਰਾਹੀਂ ਲਿਆ ਜਾਇਜਾ
ਚੰਡੀਗੜ੍ਹ, 17 ਮਈ (ਮਧੂਸਾਰ ਬਿਊਰੋ) ਪੰਜਾਬ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਸੂਬੇ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਅਤੇ ਉਨ੍ਹਾਂ ਨੂੰ ਰੁਜ਼ਗਾਰ ਪ੍ਰਾਪਤੀ ਦੇ ਯੋਗ ਬਣਾਉਣ ਲਈ ਦੇਸ਼ ਅਤੇ ਵਿਦੇਸ਼ ਦੀਆਂ ਵਿਭਿੰਨ ਹੁਨਰ ਵਿਕਾਸ ਸੰਸਥਾਵਾਂ ਦਾ ਸਹਿਯੋਗ ਲੈ ਕੇ ਨਵੀਂਆਂ ਯੋਜਨਾਵਾਂ ਉਲੀਕੀਆਂ ਜਾਣਗੀਆਂ।
ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਵਿਖੇ ਹੁਨਰਮੰਦ ਸਿਖਲਾਈ ਸਬੰਧੀ ਦਿੱਤੀਆਂ ਗਈਆਂ ਵੱਖ-ਵੱਖ ਪੇਸ਼ਕਾਰੀਆਂ ਵੇਖਣ ਉਪਰੰਤ ਤਕਨੀਕੀ ਸਿੱਖਿਆ ਮੰਤਰੀ ਨੇ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਮੌਜੂਦਾ ਸਿੱਖਿਆ ਕੋਰਸਾਂ ਅਤੇ ਸਿੱਖਿਆ ਦੇ ਢੰਗ ਤਰੀਕਿਆਂ ‘ਚ ਵਿਸਥਾਰ ਕਰਨਾ ਪਵੇਗਾ। ਸ. ਚੰਨੀ ਨੇ ਕਿਹਾ ਕਿ ਸਾਡੀ ਤਰਜੀਹ ਹੈ ਕਿ ਸੂਬੇ ਦੇ ਨੌਜਵਾਨਾਂ ਨੂੰ ਕਿੱਤਾਮੁਖੀ ਸਿਖਲਾਈ ਦੇ ਕੇ ਆਪਣੇ ਪੈਰਾਂ ‘ਤੇ ਖੜ੍ਹਾ ਕੀਤਾ ਜਾਵੇਗਾ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਮਿਲਣ ‘ਚ ਸਹਾਇਤਾ ਮਿਲ ਸਕੇ। ਉਨ੍ਹਾਂ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਪ੍ਰਤੀ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਅਤੇ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਮੌਜੂਦਾ ਪ੍ਰਬੰਧਾਂ ‘ਚ ਸੁਧਾਰ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਤਕਨੀਕੀ ਸਿੱਖਿਆ ਸੰਸਥਾਵਾਂ ‘ਚ ਮੌਜੂਦਾ ਲਾਗੂ ਸਿਲੇਬਸ ਅਤੇ ਚਲ ਰਹੇ ਕੋਰਸਾਂ ਦਾ ਮੁਲਾਂਕਣ ਵੀ ਕੀਤਾ ਜਾਵੇਗਾ।
ਇਸ ਮੌਕੇ ਸ. ਨਰਿੰਦਰਜੀਤ ਸਿੰਘ ਕਲਸੀ, ਵਧੀਕ ਮੁੱਖ ਸਕੱਤਰ, ਗ੍ਰਹਿ ਵਿਭਾਗ, ਪੰਜਾਬ ਸਰਕਾਰ, ਫੁੱਟਵੀਅਰ ਡਿਜ਼ਾਈਨ ਐਂਡ ਡਿਵੈਲਪਮੈਂਟ ਇੰਸਟੀਚਿਊਟ, ਕਮਰਸ ਅਤੇ ਉਦਯੋਗ ਮੰਤਰਾਲਾ, ਭਾਰਤ ਸਰਕਾਰ ਅਤੇ ਨੈਸ਼ਨਲ ਇੰਸਟੀਚਿਊਟ ਆਫ ਇਲੈਕਟ੍ਰੋਨਿਕਸ ਐਂਡ ਇਨਫਰਮੇਸ਼ਨ ਤਕਨਾਲੋਜੀ, ਇਲੈਕਟ੍ਰੋਨਿਕਸ ਤੇ ਸੁਚਨਾ ਤਕਨਾਲੋਜੀ ਮੰਤਰਾਲਾ, ਭਾਰਤ ਸਰਕਾਰ ਦੇ ਨੁਮਾਇੰਦਿਆਂ ਨੇ ਆਪੋ-ਆਪਣੀ ਪੇਸ਼ਕਾਰੀਆਂ ਦਿੱਤੀਆਂ। ਇਨ੍ਹਾਂ ਪੇਸ਼ਕਾਰੀਆਂ ਰਾਹੀਂ ਨੌਜਵਾਨਾਂ ਨੂੰ ਆਉਣ ਵਾਲੇ ਅਤੀ ਆਧਨਿਕ ਯੁਗ ‘ਚ ਰੁਜ਼ਗਾਰ ਹਾਸਲ ਕਰਕੇ ਦੇਸ਼ ਦੇ ਵਿਕਾਸ ‘ਚ ਭੂਮਿਕਾ ਨਿਭਾਉਣ ਦੇ ਯੋਗ ਬਣਾਉਣ ‘ਤੇ ਧਿਆਨ ਕੇਂਦਰਿਤ ਕੀਤਾ ਗਿਆ।
ਇਸ ਮੌਕੇ ਸ੍ਰੀ ਐਮ.ਪੀ. ਸਿੰਘ, ਵਧੀਕ ਮੁੱਖ ਸਕੱਤਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਸ. ਕਾਹਨ ਸਿੰਘ ਪੰਨੂ, ਸਕੱਤਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਸ੍ਰੀ ਪਰਵੀਨ ਕੁਮਾਰ ਥਿੰਦ, ਡਾਇਰੈਕਟਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਸ. ਮੋਹਨ ਬੀਰ ਸਿੰਘ, ਵਧੀਕ ਡਾਇਰੈਕਟਰ, ਸ੍ਰੀਮਤੀ ਦਲਜੀਤ ਕੌਰ, ਵਧੀਕ ਡਾਇਰੈਟਰ, ਸ. ਐਚ.ਪੀ. ਸਿੰਘ, ਵਧੀਕ ਡਾਇਰੈਕਟਰ ਸਮੇਤ ਸਮੂਹ ਡਿਪਟੀ ਡਾਇਰੈਕਟਰ ਵੀ ਹਾਜ਼ਰ ਸਨ।

