ਬਿਜਲੀ ਕਾਮਿਆਂ ਵਲੋਂ ਸੂਬਾ ਪੱਧਰ ਤੇ ਡਵੀਜਨ ਦਫਤਰਾਂ ਅੱਗੇ ਧਰਨੇ ਦੇ ਕੇ ਰੋਸ ਪ੍ਰਦਰਸ਼ਨ ਕੀਤੇ ਗਏ।
18 ਅਕਤੂਬਰ ਨੂੰ ਮੁੱਖ ਦਫਤਰ ਪਟਿਆਲਾ ਤੇ ਤਿੰਨੇ ਗੇਟਾਂ ਤੇ ਰੋਸ ਪ੍ਰਦਰਸ਼ਨ ਦਾ ਐਲਾਨ
27,28 ਅਕਤੂਬਰ ਨੂੰ ਮੈਨੇਜਮੈਂਟ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਰੋਸ ਵੱਜੋਂ ਮਾਸ ਕੈਜੂਅਲ ਲੀਵ ਲੈ ਕੇ ਬਿਜਲੀ ਦਫਤਰਾਂ ਦਾ ਕੰਮ ਠੱਪ ਕੀਤਾ ਜਾਵੇਗਾ।
ਪਟਿਆਲਾ : (ਰਮਨਦੀਪ/ਮਧੂਸਾਰ ਬਿਊਰੋ) ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ਤੇ ਬਿਜਲੀ ਮੁਲਾਜਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਟੈਕਨੀਕਲ ਸਰਵਿਸਜ਼ ਯੂਨੀਅਨ, ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ, ਵਰਕਰਜ ਫੈਡਰੇਸ਼ਨ ਇੰਟਕ ਪਾਵਰਕਾਮ ਅਤੇ ਟਰਾਂਸਕੋ, ਇੰਪਲਾਈਜ਼ ਫੈਡਰੇਸ਼ਨ (ਫਲਜੀਤ ਸਿੰਘ), ਮਨਿਸਟੀਰੀਅਲ ਸਰਵਿਸਜ਼ ਯੂਨੀਅਨ, ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ, ਥਰਮਲ ਇੰਪਲਾਈਜ਼ ਕੁਆਰਡੀਨੇਸ਼ਨ ਕਮੇਟੀ, ਹੈਡ ਆਫਿਸ ਇੰਪਲਾਈਜ਼ ਫੈਡਰੇਸ਼ਨ ਅਤੇ ਪੰਜਾਬ ਰਾਜ ਬਿਜਲੀ ਮਜਦੂਰ ਸੰਘ ਦੇ ਬਿਜਲੀ ਕਾਮਿਆਂ ਵਲੋਂ ਪੰਜਾਬ ਦੇ ਸਮੁੱਚੇ ਡਵੀਜਨ ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਗਏ। ਵੱਖ—ਵੱਖ ਥਾਵਾਂ ਤੇ ਡਵੀਜਨ ਦਫਤਰਾਂ ਅੱਗੇ ਕੀਤੇ ਰੋਸ ਧਰਨਿਆਂ ਨੂੰ ਸੰਬੋਧਨ ਕਰਦਿਆਂ ਜੁਆਇੰਟ ਫੋਰਮ ਦੇ ਸੂਬਾਈ ਆਗੂਆਂ ਸਰਬ ਸਾਥੀ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਹਰਪਾਲ ਸਿੰਘ, ਹਰਜਿੰਦਰ ਸਿੰਘ ਦੁਧਾਲਾ, ਬਲਵਿੰਦਰ ਸਿੰਘ ਸੰਧੂ, ਜਗਰੂਪ ਸਿੰਘ ਮਹਿਮਦਪੁਰ, ਰਵੇਲ ਸਿੰਘ ਸਹਾਏਪੁਰ, ਕੌਰ ਸਿੰਘ ਸੋਹੀ, ਅਸ਼ੋਕ ਕੁਮਾਰ, ਅਵਤਾਰ ਸਿੰਘ ਕੈਂਥ, ਜਗਜੀਤ ਸਿੰਘ ਕੋਟਲੀ,

ਪ੍ਰੀਤਮ ਸਿੰਘ ਪਿੰਡੀ, ਸਿਕੰਦਰ ਨਾਥ, ਸੁਖਵਿੰਦਰ ਸਿੰਘ ਦੁੰਮਨਾ, ਰਾਮ ਲੁਭਾਇਆ, ਹਰਜੀਤ ਸਿੰਘ, ਬ੍ਰਿਜ ਲਾਲ, ਕਮਲਜੀਤ ਸਿੰਘ, ਕਰਮ ਚੰਦ ਖੰਨਾ, ਮਨਜੀਤ ਕੁਮਾਰ, ਗੁਰਕਮਲ ਸਿੰਘ, ਨਛੱਤਰ ਸਿੰਘ ਅਤੇ ਗੁਰਦਿੱਤ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਰੋਸ ਧਰਨੇ ਪਾਵਰ ਮੈਨੇਜਮੈਂਟ ਪਾਸੋਂ ਮੁਲਾਜਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਅਤੇ ਰਹਿੰਦੀਆਂ ਮੰਗਾਂ ਦੇ ਨਿਪਟਾਰੇ ਲਈ ਦਿੱਤੇ ਗਏ ਇਨ੍ਹਾਂ ਆਗੂਆਂ ਨੇ ਪਾਵਰ ਮੈਨੇਜਮੈਂਟਾਂ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਉਹ ਮੁਲਾਜਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਦੀ ਥਾਂ ਲਗਾਤਾਰ ਇਨਕਾਰੀ ਹੈ ਅਤੇ ਮੁਲਾਜਮ ਵਿਰੋਧੀ ਸਰਕੂਲਰ ਜਾਰੀ ਕਰਕੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਮੁਲਾਜਮ ਮੰਗਾਂ ਜਿਵੇਂ ਮਿਤੀ 01—12—2011 ਤੋਂ ਪੇ ਬੈਂਡ ਵਿੱਚ ਵਾਧਾ ਦੇਣ, ਤਿੰਨ ਧਿਰੀ ਸਮਝੌਤਾ ਹੂਬਹੂ ਲਾਗੂ ਕਰਨ, 23 ਸਾਲਾਂ ਦੀ ਸੇਵਾ ਬਾਅਦ ਬਿਨਾਂ ਸ਼ਰਤ ਤਰੱਕੀ ਵਾਧੇ ਦੇਣ, ਕੰਟਰੈਕਟ ਤੇ ਕੱਚੇ ਕਾਮੇ ਪੱਕੇ ਕਰਨ, ਵੇਜ ਫਾਰਮੁਲੇਸ਼ਨ ਕਮੇਟੀ ਵਿੱਚ ਜਥੇਬੰਦੀ ਦੇ ਨੁਮਾਇੰਦੇ ਲੈ ਕੇ ਕਰਮਚਾਰੀਆਂ ਦੇ 1—1—2016 ਤੋਂ ਤਨਖਾਹ ਸਕੇਲ ਸੋਧਨ, ਮੁਲਾਜਮਾਂ ਦੀਆਂ ਵੱਖ—ਵੱਖ ਵਰਗਾਂ ਕਲੈਰੀਕਲ ਤੇ ਟੈਕਨੀਕਲ ਦੀਆਂ ਤਰੱਕੀਆਂ, ਮ੍ਰਿਤਕਾਂ ਦੇ ਆਸ਼ਰਿਤਾਂ ਨੂੰ ਨੌਕਰੀ ਦੇਣ, ਕੰਟਰੈਕਟ ਤੇ ਰਖੇ ਲਾਈਨਮੈਨ / ਐਸ.ਐਸ.ਏ. ਦੇ ਕੰਟਰੈਕਟ ਸਮੇਂ ਨੂੰ ਰੈਗੂਲਰ ਮੰਨ ਕੇ ਪੂਰਾ ਸਕੇਲ ਦੇਣ, ਸੀਨੀਆਰਤਾ ਸੂਚੀ ਬਣਾਉਣ, ਸ.ਲ.ਮ. ਤੋਂ ਬਣਦੀ ਡਿਊਟੀ ਲੈਣ, ਪੂਰੀ ਤਨਖਾਹ ਦੇਣ, ਗਰਿਡ, ਥਰਮਲਾਂ ਤੇ ਹਾਈਡਲ ਕਾਮਿਆਂ ਦੇ ਮਸਲੇ, ਗਰਿਡਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ, ਮੁਲਾਜਮਾਂ ਦੀਆਂ ਮਨਜੂਰਸ਼ੁਦਾ ਅਸਾਮੀਆਂ ਖਤਮ ਕਰਨ ਵਿਰੁੱਧ, ਸਰਕਾਰੀ ਥਰਮਲ ਬੰਦ ਕਰਨ ਦੀ ਥਾਂ ਸੁਪਰ ਕਰਿਟੀਕਲ ਥਰਮਲ ਪਲਾਂਟ ਅਤੇ ਪਰਾਲੀ ਵਾਲੇ ਪਲਾਂਟ ਲਗਾਉਣ, ਡੀ.ਏ. ਦੀਆਂ ਬਕਾਇਆ ਕਿਸ਼ਤਾਂ ਦੇਣ ਸਮੇਤ ਬਕਾਇਆ ਦੀ ਅਦਾਇਗੀ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਨਜਾਇਜ ਤਬਾਦਲੇ ਰੱਦ ਕਰਨ, ਆਦਿ ਮੰਗ ਪੱਤਰ ਅਨੁਸਾਰ ਹੱਲ ਕਰਨ ਦੀ ਮੰਗ ਕੀਤੀ। ਇਨ੍ਹਾਂ ਆਗੂਆਂ ਨੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ 2020 ਰੱਦ ਕਰਨ ਦੀ ਮੰਗ ਕੀਤੀ। ਉਹਨਾਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਅਤੇ ਮੁਲਾਜਮ ਵਿਰੋਧੀ ਕਾਰਵਾਈਆਂ ਅਤੇ ਨਿਜੀਕਰਨ ਕਰਨ ਦੀ ਸਖਤ ਨਿੰਦਾ ਕਰਦਿਆਂ ਕਿਹਾ ਸਰਕਾਰਾਂ ਕਾਰਪੋਰੇਟ ਘਰਾਣਿਆਂ ਨੂੰ ਉਤਸ਼ਾਹਤ ਕਰ ਰਹੀਆਂ ਹਨ। ਬਿਜਲੀ ਦੀ ਘਾਟ ਅਤੇ ਕੋਲੇ ਦੀ ਘਾਟ ਲਈ ਦੋਨੋ ਸਰਕਾਰਾਂ ਅਤੇ ਪਾਵਰ ਮੈਨੇਜਮੈਂਟ ਜਿੰਮੇਵਾਰ ਹੈ
ਜੋ ਸਮੇਂ ਸਿਰ ਇਸ ਦਾ ਪ੍ਰਬੰਧ ਕਰਨ ਵਿੱਚ ਨਾਕਾਮ ਰਹੀਆਂ ਅਤੇ ਪ੍ਰਾਈਵੇਟ ਥਰਮਲ ਪਲਾਟਾਂ ਨੂੰ ਖੁੱਲੀਆਂ ਛੋਟਾਂ ਦਿੱਤੀਆਂ ਗਈਆਂ। ਸਰਕਾਰੀ ਬਿਜਲੀ ਕੰਪਨੀਆਂ ਦੇ ਨਿਜੀਕਰਨ, ਬਿਜਲੀ ਉਤਪਾਦਨ, ਸੰਚਾਰ ਅਤੇ ਵੰਡ ਕੰਪਨੀਆਂ ਕਾਰਪੋਰੇਟਾਂ ਦੇ ਸੋਪਣ ਨਾਲ ਬਿਜਲੀ ਹੋਰ ਮਹਿੰਗੀ ਹੋਵੇਗਾ। ਜਿਸ ਨਾਲ ਆਪ ਖਪਤਕਾਰਾਂ ਤੇ ਕਿਸਾਨਾਂ ਨੂੰ ਸਸਤੀ ਬਿਜਲੀ ਦੀ ਥਾਂ ਮਹਿੰਗੀ ਬਿਜਲੀ ਮਿਲੇਗੀ, ਸਬਸਿਡੀਆਂ ਬੰਦ ਹੋਣਗੀਆਂ ਅਤੇ ਖਪਤਕਾਰਾਂ ਦੀ ਖੁੱਲੀ ਲੁੱਟ ਹੋਵੇਗੀ, ਸਾਥੀ ਕਰਮਚੰਦ ਭਾਰਦਵਾਜ ਨੇ ਦੱਸਿਆ ਕਿ ਜੁਆਇੰਟ ਫੋਰਮ ਵੱਲੋਂ ਪਹਿਲਾਂ ਐਲਾਨੇ ਸੰਘਰਸ਼ ਅਨੁਸਾਰ ਵਰਕ ਟੂ ਰੂਲ ਅਨੁਸਾਰ ਡਿਊਟੀ, ਪਾਵਰਕਾਮ ਅਤੇ ਟਰਾਂਸਕੋ ਦੇ ਚੇਅਰਮੈਨਾਂ ਅਤੇ ਡਾਇਰੈਕਟਰਜ਼ ਵਿਰੁੱਧ ਫੀਲਡ ਵਿੱਚ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਲਗਾਤਾਰ ਜਾਰੀ ਰਹਿਣਗੇ। 18 ਅਕਤੂਬਰ ਨੂੰ ਹੈਡ ਆਫਿਸ ਪਟਿਆਲਾ ਦੇ ਤਿੰਨੇ ਗੇਟਾਂ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। 27,28 ਅਕਤੂਬਰ ਨੂੰ ਸਮੁੱਚੇ ਬਿਜਲੀ ਕਾਮੇ ਮਾਸ ਕੈਜੂਅਲ ਲੀਵ ਲੈ ਕੇ ਦਫਤਰਾਂ ਦਾ ਕੰਮ ਠੱਪ ਕਰਨਗੇ। ਮੁਲਾਜਮ ਅਤੇ ਪੈਨਸ਼ਨਰਜ਼ ਤਾਲਮੇਲ ਸੰਘਰਸ਼ ਕਮੇਟੀ ਦੇ ਸੱਦੇ ਤੇ 21,22 ਅਕਤੂਬਰ ਨੂੰ ਹੈਡ ਆਫਿਸ ਅੱਗੇ ਪ੍ਰਤੀਨਿੱਧ ਧਰਨੇ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਇਨ੍ਹਾਂ ਆਗੂਆਂ ਨੇ ਸਮੁੱਚੇ ਮੁਲਾਜਮਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਯੂ.ਟੀ. ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ਤੇ ਪੰਜਾਬ ਸਰਕਾਰ ਵਿਰੁੱਧ ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਅਤੇ ਹੋਰ ਮੰਗਾਂ ਦੀ ਪੂਰਤੀ ਲਈ 16 ਅਕਤੂਬਰ ਨੂੰ ਮੁਰਿੰਡਾ ਵਿਖੇ ਸੁਬਾਈ ਧਰਨੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਅਤੇ ਸਾਂਝੇ ਮੋਰਚੇ ਵੱਲੋਂ ਉਲੀਕੇ ਪੱਕੇ ਮੋਰਚੇ ਵਿੱਚ ਸ਼ਮੂਲੀਅਤ ਕਰਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਜੇਕਰ ਆਪਸੀ ਗੱਲਬਾਤ ਰਾਹੀਂ ਮੁਲਾਜਮ ਮਸਲੇ ਹੱਲ ਨਾ ਕੀਤੇ ਗਏ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ।

