ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਵਿਖੇ ਅੱਜ 43ਵੇਂ ਦਿਨ ਪਟਿਆਲਾ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲਿਆਂ ਦੇ ਕਾਲਜ ਅਧਿਆਪਕਾਂ ਨੇ ਕੀਤੀ ਲੜੀਵਾਰ ਭੁੱਖ ਹੜਤਾਲ
ਚੰਡੀਗੜ੍ਹ (17 ਅਕਤੂਬਰ) (ਮਧੂਸਾਰ ਬਿਊਰੋ) ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀ ਸੀ ਸੀ ਟੀ ਯੂ) ਅਤੇ ਪੀਫੈਕਟੋ ਦੇ ਸੱਦੇ ਤੇ
ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਵਿਖੇ ਆਪਣੀਆਂ ਮੰਗਾ ਮੰਨਣਵਾਉ ਲਈ ਪੰਜਾਬ ਸਰਕਾਰ ਵਿਰੁੱਧ ਪਿਛਲੇ 43 ਦਿਨਾਂ ਤੋਂ ਜਾਰੀ ਲੜੀਵਾਰ ਭੁੱਖ ਹੜਤਾਲ ਵਿੱਚ ਅੱਜ ਪਟਿਆਲਾ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲਿਆਂ ਦੇ ਕਾਲਜ ਅਧਿਆਪਕ ਸ਼ਾਮਿਲ ਹੋਏ।
ਭੁੱਖ ਹੜਤਾਲ ਵਿੱਚ ਭਾਗ ਲੈਣ ਵਾਲੇ ਪਟਿਆਲਾ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਕੌਂਸਲ ਦੇ ਸਕੱਤਰ ਪ੍ਰੋ. ਰਾਜਦੀਪ ਸਿੰਘ ਧਾਲੀਵਾਲ ਸਮੇਤ ਖ਼ਾਲਸਾ ਕਾਲਜ ਪਟਿਆਲਾ ਦੇ
ਡਾ. ਪੂਨਮਦੀਪ ਸਿੰਘ , ਡਾ. ਬਲਦੇਵ ਸਿੰਘ ,ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਦੇ ਡਾ. ਹਰਸਿਮਰਨ ਸਿੰਘ ਅਤੇ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਡਾ. ਹਰਜਿੰਦਰ ਸਿੰਘ ਸ਼ਾਮਿਲ ਹੋਏ।
ਇਸ ਦੌਰਾਨ ਅਧਿਆਪਕਾਂ ਨੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਅਧਿਆਪਕਾਂ ਨੇ ਕਿਹਾ ਕਿ ਸਰਕਾਰ ਉਚੇਰੀ ਸਿੱਖਿਆ ਦਾ ਘਾਣ ਕਰਨ ਤੇ ਤੁਲੀ ਹੋਈ ਹੈ।
ਪ੍ਰੋ.ਰਾਜਦੀਪ ਸਿੰਘ ਧਾਲੀਵਾਲ ਨੇ ਇਸ ਮੌਕੇ ਗੱਲਬਾਤ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਜਥੇਬੰਦੀ ਦੀਆਂ ਮੰਗਾਂ ਵਿੱਚ ਸੱਤਵਾਂ ਵੇਤਨ ਕਮਿਸ਼ਨ ਲਾਗੂ ਕਰਨਾ , ਯੂ.ਜੀ.ਸੀ. ਪੇ-ਸਕੇਲ ਨਾਲੋਂ ਪੰਜਾਬ ਸਰਕਾਰ ਵੱਲੋਂ ਵੇਤਨ ਸਕੇਲ ਡੀਲਿੰਕ ਕਰਨ ਦਾ ਫੈਸਲਾ ਵਾਪਿਸ ਲੈਣ ਦੀ ਮੰਗ ਅਤੇ ਅਨਕਵਰਡ ਪੋਸਟਾਂ ਤੇ ਕੰਮ ਕਰਨ ਵਾਲੇ ਅਧਿਆਪਕਾਂ ਤੇ ਸਕਿਓਰਟੀ ਆਫ ਸਰਵਿਸ ਐਕਟ ਲਾਗੂ ਕਰਨ ਦੀਆਂ ਮੰਗਾਂ ਸ਼ਾਮਿਲ ਹਨ।
ਪੀ ਸੀ ਸੀ ਟੀ ਯੂ ਦੇ ਪ੍ਰਧਾਨ ਡਾ.ਵਿਨੇ ਸੋਫਤ ਨੇ ਕਿਹਾ ਕਿ ਚੰਡੀਗੜ੍ਹ ਵਿਖੇ ਲੜੀਵਾਰ ਭੁੱਖ ਹੜਤਾਲ 43ਵੇਂ ਦਿਨ ਵੀ ਜਾਰੀ ਹੈ ਅਤੇ ਲੋੜ ਪੈਣ ਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਪੰਜਾਬ ਸਰਕਾਰ ਦੇ ਅਧਿਆਪਕ ਮਾਰੂ ਰਵੱਈਏ ਦੀ ਨਿਖੇਧੀ ਕਰਦਿਆਂ ਡਾ. ਸੋਫਤ ਨੇ ਉਚੇਰੀ ਸਿੱਖਿਆ ਨੂੰ ਬਚਾਉਣ ਲਈ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਤੁਰੰਤ ਮੰਨਣ ਦੀ ਅਪੀਲ ਕੀਤੀ।
ਇਸ ਮੌਕੇ ਮੌਜੂਦ ਹੋਰ ਅਧਿਆਪਕਾਂ ਨੇ ਵੀ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਬਾਰੇ ਅੜੀਅਲ ਵਤੀਰੇ ਦੀ ਨਿਖੇਧੀ ਕਰਦਿਆਂ ਆਪਣੇ ਵਿਚਾਰ ਪੇਸ਼ ਕੀਤੇ।

