ਪਟਿਆਲਾ

ਕੌਂਸਲ ਆਫ ਜੂਨੀਅਰ ਇੰਜੀਨੀਅਰਜ਼ ਵੱਲੋਂ ਕਾਲੀ ਦੀਵਾਲੀ ਮਨਾਉਣ ਸਮੇਤ 27 ਤੋਂ ਵੱਡਾ ਸੰਘਰਸ਼ ਵਿੱਢਣ ਦਾ ਐਲਾਨ

ਰੋਸ ਰੈਲੀਆਂ ਤੋਂ ਇਲਾਵਾ ਸਰਕਾਰੀ ਵਟਸਐਪ ਗਰੁੱਪ ਛੱਡਣ ਤੇ ਹੋਰ ਪ੍ਰੋਗਰਾਮਾਂ ਦਾ ਕੀਤਾ ਐਲਾਨ

ਪਟਿਆਲਾ, 25 ਅਕਤੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਕੌਂਸਲ ਆਫ ਜੂਨੀਅਰ ਇੰਜੀਨੀਅਰਜ਼ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਜੂਨੀਅਰ ਇੰਜੀਨੀਅਰਜ਼ ਕੇਡਰ ਦੀਆਂ ਪੈਂਡਿੰਗ ਮੰਗਾਂ ਪ੍ਰਤੀ ਪਾਵਰ ਮੈਨੇਜਮੈਂਟ ਦੇ ਕਥਿਤ ਗੈਰ ਸੰਜੀਦਾ ਰਵੱਈਏ ਵਿਰੁੱਧ ਕਾਲੀ ਦੀਵਾਲੀ ਮਨਾਉਣ ਸਮੇਤ 27 ਅਕਤੂਬਰ ਤੋਂ ਸੰਘਸ਼ ਪ੍ਰੋਗਰਾਮ ਵਿੱਢਣ ਦਾ ਐਲਾਨ ਕਰ ਦਿੱਤਾ ਹੈ।

ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਕੌਂਸਲ ਦੇ ਸੂਬਾ ਪ੍ਰਧਾਨ ਇੰਜ. ਪਰਮਜੀਤ ਸਿੰਘ ਖੱਟੜਾ ਅਤੇ ਸੂਬਾ ਜਨਰਲ ਸਕੱਤਰ ਇੰਜ. ਦਵਿੰਦਰ ਸਿੰਘ ਨੇ ਕਿਹਾ ਕਿ ਸੰਘਰਸ਼ ਪ੍ਰੋਗਰਾਮ ਤਹਿਤ ਪਹਿਲਾਂ 27 ਅਕਤੂਬਰ ਨੁੰ ਸਰਕਲ ਦਫਤਰਾਂ ਅੱਗੇ ਰੋਸ ਰੈਲੀਆਂ ਕੀਤੀਆਂ ਜਾਣਗੀਆ। ਇਸੇ ਦਿਨ ਦੁਪਹਿਰ ਬਾਅਦ 2.30 ਵਜੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਅਤੇ ਪੰਜਾਬ ਰਾਜ ਟਰਾਂਸਮਿਸ਼ਨ ਨਿਗਮ ਲਿਮਟਿਡ (ਟਰਾਂਸਕੋ) ਦੇ ਸਾਰੇ ਜੇ ਈ ਸਾਰੇ ਸਰਕਾਰੀ ਵਟਸਐਪ ਗਰੁੱਪ ਛੱਡ ਦੇਣਗੇ। ਇਸ ਉਪਰੰਤ 27 ਅਕਤੂਬਰ ਤੋਂ 10 ਨਵੰਬਰ ਤੱਕ ਰੋਜ਼ਾਨਾ ਸ਼ਾਮ 5 ਵਜੇ ਤੋਂ ਸਵੇਰੇ 9 ਵਜੇ ਤੱਕ ਸਾਰੇ ਜੇ ਈ ਆਪੋ ਆਪਣੇ ਸਰਕਾਰੀ ਮੋਬਾਈਲ ਬੰਦ ਰੱਖਣਗੇ। ਇਸ ਅਰਸੇ ਦੌਰਾਨ ਬਹੁਤ ਜ਼ਿਆਦਾ ਜ਼ਰੂਰੀ ਕੰਮ ਤੋਂ ਇਲਾਵਾ ਹੋਰ ਸਾਰੇ ਕੰਮ ਬੰਦ ਰੱਖੇ ਜਾਣਗੇ।

ਇਹਨਾਂ ਯੂਨੀਅਨ ਆਗੂਆਂ ਨੇ ਕਿਹਾ ਕਿ ਪਾਵਰ ਮੈਨੇਜਮੈਂਟ ਵੱਲੋਂ ਜੂਨੀਅਰ ਇੰਜੀਨੀਅਰਜ਼ ਦੀਆਂ ਮੰਗਾਂ ਨੁੰ ਦਸੰਬਰ 2011 ਤੋਂ ਲਗਾਤਾਰ ਅਣਡਿੱਠ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੋਰ ਵਿਭਾਗਾਂ ਦੇ ਜੇ ਈਜ਼ ਨੂੰ 18240 ਰੁਪਏ ਸ਼ੁਰੂਆਤੀ ਤਨਖਾਹ ਮਿਲਦੀ ਹੈ ਜਦਕਿ ਪਾਵਰ ਸੈਕਟਰ ਦੇ ਜੇ ਈਜ਼ ਨੁੰ ਇਹ ਤਨਖਾਹ 17 ਹਜ਼ਾਰ ਕੁਝ ਰੁਪਏ ਮਿਲਦੀ ਹੈ ਜਦਕਿ ਸਹੀ ਮੁਲਾਂਕਣ ਮੁਤਾਬਕ ਇਹ 19770 ਰੁਪਏ ਮਿਲਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਵਾਰ ਵਾਰ ਮੈਨੇਜਮੈਂਟ ਸਾਨੂੰ ਗੁੰਮਰਾਹ ਕਰਦੀ ਰਹੀ ਹੈ ਤੇ ਹੁਣ ਤੱਕ ਮਸਲਾ ਹੱਲ ਨਹੀਂ ਹੋਇਆ ਹਾਲਾਂਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਵਿਚ ਇਕ ਕਮੇਟੀ ਵੀ ਗਠਿਤ ਕੀਤੀ ਸੀ ਜਿਸਨੇ ਕੌਂਸਲ ਆਗੂਆਂ ਨਾਲ ਮੀਟਿੰਗ ਵੀ ਕੀਤੀ ਪਰ ਇੰਨੇ ਨੂੰ ਸਰਕਾਰ ਵਿਚ ਅਹਿਮ ਤਬਦੀਲੀਆਂ ਹੋ ਗਈਆਂ।
ਇਹਨਾਂ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਪੁਰਾਣੇ ਬਕਾਏ ਉਗਰਾਹੁਣ ਤੇ ਨਵੇਂ ਕੁਨੈਕਸ਼ਨ ਲਗਾਉਣ ਸਮੇਤ ਹਰ ਕਿਸਮ ਦੀ ਡਿਊਟੀ ਦਾ ਬਾਈਕਾਟ ਕਰਾਂਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਜੀਨੀਅਰ ਵਿਕਾਸ ਗਰਗ ਵੀ ਹਾਜ਼ਰ ਸਨ।

Leave a Reply

Your email address will not be published. Required fields are marked *