ਖ਼ਾਲਸਾ ਕਾਲਜ ਦੀ ਸਾਬਕਾ ਵਿਦਿਆਰਥਣ ਤੇ ਫ਼ੌਜ ’ਚ ਲੈਫਟੀਨੈਂਟ ਕਰਨਲ ਜਸਮੀਤ ਚੌਹਾਨ ਕਾਲਜ ਪੁੱਜੀ
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਕੀਤਾ ਸਵਾਗਤ
ਅੰਮ੍ਰਿਤਸਰ, 6 ਨਵੰਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਦੀ ਸਾਬਕਾ ਵਿਦਿਆਰਥਣ ਅਤੇ ਭਾਰਤੀ ਫ਼ੌਜ ਦੀ ਸ਼ਾਰਪ ਸ਼ੂਟਰ ਰਹੀ ਦੇਸ਼ ਦੀ ਪਹਿਲੀ ਮਹਿਲਾ ਫੌਜੀ ਅਫ਼ਸਰ ਤੇ ਹਾਲ ਹੀ ’ਚ 35 ਸਾਲ ਤੋਂ ਲੈ ਕੇ 50 ਸਾਲ ਤਕ ਉਮਰ ਵਰਗ ਦੀਆਂ ਮਹਿਲਾਵਾਂ ਦੇ ਗੁੜਗਾਉਂ (ਗੁਰੂਗ੍ਰਾਮ) ਹਰਿਆਣਾ ਵਿਖੇ ਆਯੋਜਿਤ ਮਿਸਿਜ਼ ਇੰਡੀਆ‐2021 ਦੌਰਾਨ 100 ਦੇ ਕਰੀਬ ਖੂਬਸੂਰਤ ਮਹਿਲਾ ਮੁਕਾਬਲੇਬਾਜ਼ਾਂ ਨੂੰ ਪਛਾੜ ਕੇ ਸੈਂਟਰਲ ਗੋਲਡ ਚੁਣੀ ਗਈ ਅੰਮ੍ਰਿਤਸਰ ਵਾਸੀ ਕੈਪਟਨ (ਰਿਟਾ )ਜਸਮੀਤ ਚੌਹਾਨ ਨੇ ਕਾਲਜ ਦਾ ਦੌਰਾ ਕੀਤਾ। ਕੈਪਟਨ ਚੌਹਾਨ ਜੋ ਕਿ ਵਿਸ਼ਵ ਪੱਧਰੀ ਖਿਤਾਬ ਹਾਸਲ ਕਰ ਚੁੱਕੀ ਹੈ ਨੇ ਕਾਲਜ ’ਚ ਸਾਲ 2001 ’ਚ ਗ੍ਰੈਜ਼ਏਸ਼ਨ ਦੀ ਵਿੱਦਿਆ ਹਾਸਲ ਕੀਤੀ।
ਕੈਪਟਨ ਚੌਹਾਨ ਦਾ ਕਾਲਜ ਦੇ ਵਿਹੜੇ ਪੁੱਜਣ ’ਤੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਕੈਪਟਨ ਜਸਮੀਤ ਜੋ ਕਿ ਅੱਜਕੱਲ੍ਹ ਕ੍ਰਾਈਮ ਇਨਵੈਸਟੀਗੇਸ਼ਨ ਬਿਓਰੋ (ਐੱਨ. ਜੀ. ਓ.) ਦੇ ਪੰਜਾਬ ਸਟੇਟ ਦੇ ਐਡੀਸ਼ਨਲ ਡਾਇਰੈਕਟਰ ਦੇ ਅਹੁਦੇ ’ਤੇ ਤੈਨਾਤ ਹਨ ਨੇ ਬਤੌਰ ਐੱਨਸੀਸੀ ਕੈਡਿਟ ਵਿਚਰਦਿਆਂ ਸੰਨ 2005 ’ਚ ਭਾਰਤੀ ਫ਼ੌਜ ਦੇ ਕਮਿਸ਼ਨ ਰਾਹੀਂ ਇਲੈਕਟ੍ਰੀਕਲ ਮਕੈਨੀਕਲ ਇੰਜਨੀਅਰਿੰਗ ਵਿੰਗ ’ਚ ਬਤੌਰ ਲੈਫਟੀਨੈਂਟ ਕਰਨਲ ਭਰਤੀ ਹੋ ਕੇ 6 ਸਾਲ ਤੱਕ ਸ਼ਾਨਦਾਰ ਤੇ ਬੇਮਿਸਾਲ ਸੇਵਾਵਾਂ ਦੇਣ ਦੇ ਨਾਲ ਨਾਲ ਦੇਸ਼ ਦੀ ਪਹਿਲੀ ਸ਼ਾਰਪ ਸ਼ੂਟਰ ਹੋਣ ਦਾ ਸਬੂਤ ਦਿੱਤਾ।
ਉਨ੍ਹਾਂ ਕਿਹਾ ਕਿ ਹੁਣ ਕੈਪਟਨ (ਰਿਟਾ.) ਜਸਮੀਤ ਚੌਹਾਨ ਅਗਲੇ ਵਰ੍ਹੇ ਸੰਨ 2022 ਦੇ ਵਿਚ ਹੋਣ ਵਾਲੀ ਵਿਸ਼ਵ ਸੁੰਦਰੀ ਪ੍ਰਤੀਯੋਗਤਾ ’ਚ ਹਿੱਸਾ ਲੈਣਗੇ। ਉਨ੍ਹਾਂ ਉਮੀਦ ਜਾਹਿਰ ਕਰਦਿਆਂ ਕਿਹਾ ਕਿ ਵਿਸ਼ਵ ਪੱਧਰੀ ਚੈਂਪੀਅਨ ਖਿਤਾਬ ਉਨ੍ਹਾਂ ਦੇ ਨਾਮ ਹੀ ਹੋਵੇਗਾ ਜਿਸ ਲਈ ਉਹ ਕਾਲਜ ਦਾ ਨਾਮ ਰੌਸ਼ਨਾਉਣ ਲਈ ਦਿਨ ਰਾਤ ਸਖਤ ਅਭਿਆਸ ਕਰ ਰਹੇ ਹਨ। ਪਿਤਾ ਲਖਬੀਰ ਸਿੰਘ ਤੇ ਮਾਂ ਹਰਪ੍ਰੀਤ ਕੌਰ ਦੀ ਇਸ ਲਾਡਲੀ ਧੀ ਦਾ ਬਚਪਨ ਗੁਰੂ ਦੀ ਪਾਕ ਪਵਿੱਤਰ ਨਗਰੀ ’ਚ ਹੀ ਬੀਤਿਆ ਤੇ ਮੁੱਢਲੀ ਵਿੱਦਿਆ ਵੀ ਇੱਥੋਂ ਹੀ ਹਾਸਲ ਕੀਤੀ।
ਇਸ ਮੌਕੇ ਕੈਪਟਨ ਚੌਹਾਨ ਨੇ ਕਿਹਾ ਕਿ ਉਨ੍ਹਾਂ ਜ਼ਿੰਦਗੀ ਦੇ ਹਰੇਕ ਮੁਕਾਮ ਨੂੰ ਸਰ ਕਰਨ ਲਈ ਸਖਤ ਮਿਹਨਤ ਕੀਤੀ ਹੈ। ਉਨ੍ਹਾਂ ਇਸ ਮੌਕੇ ਆਪਣੀ ਜਨਮ ਭੂਮੀ ਅੰਮ੍ਰਿਤਸਰ ਨਾਲ ਦਿਲੋਂ ਆਪਣੇ ਪਿਆਰ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਬਹੁਤ ਹੀ ਲਗਾਵ ਤੇ ਦਿਲਚਸਪੀ ਰੱਖਦੇ ਹਨ।
ਇਸ ਮੌਕੇ ਉਨ੍ਹਾਂ ਆਪਣੀ ਜ਼ਿੰਦਗੀ ਦੀਆਂ ਉਪਲਬੱਧੀਆਂ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਸੰਨ 2011 ’ਚ ਆਈ. ਆਈ. ਐਮ. ਇੰਦੌਰ ਵਿੱਚ ਚੰਗੇ ਅਹੁਦੇ ’ਤੇ ਤੈਨਾਤ ਹੋਈ ਤੇ ਫਿਰ ਸੰਨ 2012 ਵਿੱਚ ਰਾਜਸਥਾਨ ਵਿਖੇ ਇਕ ਬਹੁਰਾਸ਼ਟਰੀ ਕੰਪਨੀ ਦੀ ਮੁਖੀ ਵਜੋਂ ਕੰਪਨੀ ਦੀ ਕਾਰਜਸ਼ੈਲੀ ਨੂੰ ਬੁਲੰਦੀਆਂ ’ਤੇ ਲੈ ਕੇ ਜਾਣ ਲਈ ਯਤਨ ਕੀਤਾ। ਸੰਨ 2014 ਵਿੱਚ ਆਰਮੀ ਵਾਈਵਜ਼ ਵੈੱਲਫ਼ੇਅਰ ਐਸੋਸੀਏਸ਼ਨ ਦੇ ਨਾਲ ਜੁੜ ਕੇ ਜਵਾਨਾਂ ਦੇ ਪਰਿਵਾਰਾਂ ਦੀ ਹਰੇਕ ਸੰਭਵ ਸਹਾਇਤਾ ਕਰਨ ਦਾ ਬੀੜਾ ਚੁੱਕਦਿਆਂ ਆਰਥਿਕ ਪੱਖੋਂ ਬੇਰੁਜ਼ਗਾਰ ਨੌਜਵਾਨਾਂ ਖ਼ਾਸ ਕਰ ਔਰਤਾਂ ਨੂੰ ਆਨਲਾਈਨ/ਆਫਲਾਈਨ ਮੁਫ਼ਤ ਕੌਂਸਲਿੰਗ ’ਤੇ ਕੋਚਿੰਗ ਦੇਣ ਦੀ ਸ਼ੁਰੂਆਤ ਕੀਤੀ।
ਕੈਪਟਨ ਚੌਹਾਨ ਦਾ ਕਹਿਣਾ ਹੈ ਕਿ ਮਹਿਲਾਵਾਂ ਨੂੰ ਪ੍ਰਮਾਤਮਾ ਨੇ ਸਰਵ ਗੁਣ ਭਰਪੂਰ ਬਣਾਇਆ ਹੈ ਇਸ ਲਈ ਕਿਸਮਤ ਦੇ ਉੱਪਰ ਵਿਸ਼ਵਾਸ ਰੱਖਣਾ ਚਾਹੀਦਾ ਹੈ ਜੋ ਕਿ ਚੰਗੇ ਕਰਮਾਂ ਨਾਲ ਬਣਦੀ ਹੈ। ਉਨ੍ਹਾਂ ਕਿਹਾ ਕਿ ਸਫ਼ਲਤਾ ਲਈ ਅਨੁਸ਼ਾਸਨ ਬੰਦ ਹੋਣਾ ਵੀ ਬਹੁਤ ਜ਼ਰੂਰੀ ਮੰਨਿਆ ਗਿਆ ਹੈ। ਉਨ੍ਹਾਂ ਧੀਆਂ ਨੂੰ ਕੁਝ ਬਣਨ ਤੇ ਕਰ ਦਿਖਾਉਣ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਜੋ ਦਿਲ ਕਰਦਾ ਹੈ ਉਹ ਕਰੋ ਜ਼ਿੰਦਗੀ ਇਕ ਵਾਰ ਮਿਲਦੀ ਹੈ ਬਾਰ ਬਾਰ ਨਹੀਂ ਪਰ ਮਾਪਿਆਂ ਦੇ ਮਾਨ ਸਨਮਾਨ ਤੇ ਆਪਣੇ ਚਰਿੱਤਰ ਉੱਚਾ ਸੁੱਚਾ ਤੇ ਕਾਇਮ ਰੱਖਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਆਸ ਜਤਾਈ ਕਿ ਸੰਨ 2022 ’ਚ ਹੋਣ ਵਾਲੀ ਵਿਸ਼ਵ ਸੁੰਦਰੀ ਪ੍ਰਤੀਯੋਗਤਾ ਦਾ ਚੈਂਪੀਅਨ ਤਾਜ ਮੁੜ ਉਨ੍ਹਾਂ ਦੇ ਸਿਰ ਹੀ ਸਜੇਗਾ। ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਕੈਪਟਨ ਚੌਹਾਨ ਨੂੰ ਕਾਲਜ ਦੀ ਤਸਵੀਰ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ।

