ਪੰਜਾਬਪਟਿਆਲਾ

ਡੀ ਸੀ ਸੰਦੀਪ ਹੰਸ ਨੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨਾਲ ਸਾਂਝੀ ਮੀਟਿੰਗ ਕਰਕੇ ਲਿਆ ਸਥਿਤੀ ਦਾ ਜਾਇਜ਼ਾ

ਹੁਣ ਕੇਵਲ 7 ਪੀੜਤ ਹੀ ਇਲਾਜ ਅਧੀਨ

ਮੌਤਾਂ ਦਾ ਦਿੱਤਾ ਜਾਵੇਗਾ ਢੁਕਵਾਂ ਮੁਆਵਜ਼ਾ

ਸੀਵਰੇਜ ਬੋਰਡ ਨੂੰ ਤੁਰੰਤ ਪ੍ਰਭਾਵ ਨਾਲ ਪਾਣੀ ਸਪਲਾਈ ਲਈ ਕਲੋਨੀ ਚ ਜਨਤਕ ਟੂਟੀਆਂ ਦੇ ਪ੍ਰਬੰਧ ਕਰਨ ਦੇ ਆਦੇਸ਼

ਪਟਿਆਲਾ, 9 ਨਵੰਬਰ:(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਅੱਜ ਐਮ ਐਲ ਏ ਹਰਦਿਆਲ ਸਿੰਘ ਕੰਬੋਜ ਦੀ ਪਹਿਲਕਦਮੀ ਅਤੇ ਮੌਜੂਦਗੀ ਦੌਰਾਨ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ, ਰਾਜਪੁਰਾ ਦੀ ਮਿਰਚ ਮੰਡੀ ਦੀ ਢੇਹਾ ਬਸਤੀ ਚ ਉਲਟੀਆਂ ਅਤੇ ਦਸਤ ਤੋਂ ਬਾਅਦ ਦੇ ਹਾਲਾਤਾਂ ਦੀ ਸਮੀਖਿਆ ਕਰਦਿਆਂ, ਸੀਵਰੇਜ ਬੋਰਡ ਨੂੰ ਉੱਥੇ ਤੁਰੰਤ ਜਨਤਕ ਟੂਟੀਆਂ ਲਾਉਣ ਲਈ ਆਖਿਆ। ਇਸ ਤੋਂ ਬਿਨਾਂ ਮੋਬਾਈਲ ਟੋਇਲੇਟ ਦਾ ਪ੍ਰਬੰਧ ਕਰਨ ਲਈ ਵੀ ਕਿਹਾ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਵੇਂ ਪ੍ਰਸ਼ਾਸਨ ਵਲੋਂ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ ਪਰ ਇਸ ਦਾ ਪੱਕਾ ਹੱਲ ਵੀ ਕੀਤਾ ਜਾ ਰਿਹਾ ਹੈ। ਮੀਟਿੰਗ ਚ ਮੌਜੂਦ ਸਿਵਲ ਸਰਜਨ ਡਾਕਟਰ ਪ੍ਰਿੰਸ ਸੋਢੀ ਅਤੇ ਐਸ ਐਮ ਓ ਡਾਕਟਰ ਜਗਪਾਲ ਇੰਦਰ ਸਿੰਘ ਨੇ ਦੱਸਿਆ ਕਿ ਸਥਿਤੀ ਕਾਬੂ ਹੇਠ ਹੈ ਅਤੇ ਹੁਣ ਕੇਵਲ 7 ਮਰੀਜ਼ ਹੀ ਇਲਾਜ ਅਧੀਨ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ ਚਾਰ ਏ ਪੀ ਜੈਨ ਸਰਕਾਰੀ ਹਸਪਤਾਲ ਰਾਜਪੁਰਾ ਅਤੇ ਤਿੰਨ ਗੁਰੂ ਨਾਨਕ ਹਸਪਤਾਲ ਵਿਚ ਹਨ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਡਾਕਟਰਾਂ ਨੂੰ ਓ ਆਰ ਐਸ ਘੋਲ ਦੇ ਪੈਕਟਾਂ ਅਤੇ ਕਲੋਰੀਨ ਗੋਲੀਆਂ ਦੀ ਉਚਿਤ ਮਾਤਰਾ ਵਿਚ ਉਪਲਬਧਤਾ ਵੀ ਯਕੀਨੀ ਬਣਾਉਣ ਲਈ ਕਿਹਾ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਨ੍ਹਾਂ ਪੀੜਤ ਪਰਿਵਾਰਾਂ, ਜਿਨ੍ਹਾਂ ਦੇ ਜੀਅ ਇਸ ਬਿਮਾਰੀ ਨੇ ਉਨ੍ਹਾਂ ਪਾਸੋਂ ਖੋਹ ਲਏ ਹਨ, ਦੀ ਢੁਕਵੀਂ ਵਿੱਤੀ ਮਦਦ ਲਈ ਸਰਕਾਰ ਨੂੰ ਕੇਸ ਭੇਜ ਦਿੱਤਾ ਗਿਆ ਹੈ ਅਤੇ ਜਲਦ ਹੀ ਮੁਆਵਜ਼ਾ ਰਾਸ਼ੀ ਮਨਜ਼ੂਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਸਮੱਸਿਆ ਨੂੰ ਲੈ ਕੇ ਪੂਰੀ ਤਰਾਂ ਗੰਭੀਰ ਹਨ ਅਤੇ ਅਜਿਹੀਆਂ ਸਮੱਸਿਆਵਾਂ ਦੁਬਾਰਾ ਨਾ ਆਉਣ, ਇਸ ਲਈ ਯੋਜਨਾ ਵੀ ਉਲੀਕੀ ਜਾ ਰਹੀ ਹੈ, ਜਿਸ ਤਹਿਤ ਇਸ ਇਲਾਕੇ ਦੀ ਤਰਤੀਬਵਾਰ ਵਿਕਾਸ ਯੋਜਨਾ ਬਣਾ ਕੇ ਅਮਲ ਵਿਚ ਲਿਆਂਦੀ ਜਾਵੇਗੀ। ਇਸ ਯੋਜਨਾ ਤਹਿਤ ਸ਼ੁੱਧ ਪੀਣ ਵਾਲੇ ਪਾਣੀ ਅਤੇ ਨਿਕਾਸੀ ਲਈ ਸੀਵਰੇਜ ਦਾ ਪ੍ਰਬੰਧ ਵਿੱਚ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਇਸ ਬਸਤੀ ਦਾ ਨਾਮ ਬਦਲ ਕੇ ਬਸੇਰਾ -1, ਮਿਰਚ ਮੰਡੀ, ਰਾਜਪੁਰਾ ਰੱਖ ਦਿੱਤਾ ਗਿਆ ਹੈ ਅਤੇ ਇਸ ਦਾ ਪੜਾਅਵਾਰ ਵਿਕਾਸ ਪ੍ਰਮੁੱਖ ਏਜੰਡਾ ਰਹੇਗਾ।
ਐਮ ਐਲ ਏ ਸ. ਹਰਦਿਆਲ ਸਿੰਘ ਕੰਬੋਜ ਨੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੀੜਤ ਅਤੇ ਬਿਮਾਰ ਲੋਕਾਂ ਲਈ ਕੀਤੇ ਜਾ ਰਹੇ ਯਤਨਾਂ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਉਹ ਖੁਦ ਵੀ ਸਥਿਤੀ ਤੇ ਪੂਰੀ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਅਜਿਹੀ ਦੁਖਦਾਈ ਘਟਨਾ ਮੁੜ ਨਾ ਵਾਪਰੇ ਅਤੇ ਇਸ ਲਈ ਉਹ ਅਜਿਹੀਆਂ ਸਾਰੀਆਂ ਬਸਤੀਆਂ ਲਈ ਵਿਆਪਕ ਯੋਜਨਾ ਤਿਆਰ ਕਰਵਾਉਣਗੇ ਤਾਂ ਜੋ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਅਤੇ ਰਹਿਣ ਲਈ ਸਾਫ਼ ਸੁੱਥਰਾ ਵਾਤਾਵਰਣ ਉਪਲਬਧ ਹੋ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੌਤਮ ਜੈਨ, ਐਸ ਡੀ ਐਮ ਰਾਜਪੁਰਾ ਸੰਜੀਵ ਕੁਮਾਰ, ਯੂਥ ਆਗੂ ਨਿਰਭੈ ਸਿੰਘ ਮਿਲਟੀ, ਸਿਵਲ ਸਰਜਨ ਡਾਕਟਰ ਪ੍ਰਿੰਸ ਸੋਢੀ, ਐਸ ਐਮ ਓ ਡਾਕਟਰ ਜਗਪਾਲ ਇੰਦਰ ਸਿੰਘ, ਜ਼ਿਲ੍ਹਾ ਮਹਾਂਮਾਰੀ ਰੋਕੂ ਅਫ਼ਸਰ ਡਾਕਟਰ ਸੁਮੀਤ ਸਿੰਘ, ਕਾਰਜਕਾਰੀ ਇੰਜੀਨੀਅਰ ਸੀਵਰੇਜ ਤੇ ਜਲ ਸਪਲਾਈ ਬੋਰਡ, ਕਾਰਜ ਸਾਧਕ ਅਫ਼ਸਰ ਰਾਜਪੁਰਾ ਰਵਨੀਤ ਸਿੰਘ ਵੀ ਮੌਜੂਦ ਸਨ।

Leave a Reply

Your email address will not be published. Required fields are marked *