ਗੁਰਪੁਰਬ ਮੌਕੇ ਵਰਲਡ ਯੂਨੀਵਰਸਿਟੀ ਵਿਖੇ ਪੂਰਾ ਹਫਤਾ ਸਮਾਗਮਾਂ ਦਾ ਆਯੋਜਨ
ਫ਼ਤਹਿਗੜ੍ਹ ਸਾਹਿਬ 15 ਨਵੰਬਰ (ਰਮਨਦੀਪ/ਮਧੂਸਾਰ ਬਿਊਰੋ) ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਫ਼ਤਾ ਭਰ ਚੱਲਣ ਵਾਲੇ ਸਮਾਗਮ ਅੱਜ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਵਿਖੇ ਸ਼ੁਰੂ ਹੋਣ ਜਾ ਰਹੇ ਹਨ। ਗੁਰੂ ਸਾਹਿਬ ਨੂੰ ਸਮਰਪਿਤ ਵੱਖ-ਵੱਖ ਸਮਾਗਮਾਂ, ਮੁਕਾਬਲਿਆਂ ਅਤੇ ਕੈਂਪਾਂ ਦਾ ਆਯੋਜਨ ਕੀਤਾ ਗਿਆ ਹੈ। ਸਮਾਗਮਾਂ ਦੀ ਸ਼ੁਰੂਆਤ ਫਿਜ਼ੀਓਥੈਰੇਪੀ ਵਿਭਾਗ ਵੱਲੋਂ ਲਗਾਏ ਗਏ ਮੈਡੀਕਲ ਕੈਂਪ ਦੇ ਉਦਘਾਟਨ ਨਾਲ ਕੀਤੀ ਜਾਵੇਗੀ। ਇਸ ਕੈਂਪ ਵਿੱਚ ਵੱਖ ਵੱਖ ਖੇਤਰਾਂ ਦੇ ਡਾਕਟਰ ਮਰੀਜ਼ਾਂ ਨੂੰ ਮੁਫ਼ਤ ਸਲਾਹ ਦੇਣਗੇ, ਇਸ ਲਈ ਮਰੀਜ਼ਾਂ ਨੂੰ ਆਪਣੀਆਂ ਪਿਛਲੀਆਂ ਰਿਪੋਰਟਾਂ ਨਾਲ ਲਿਆਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਕੈਂਪ ਵਿੱਚ ਡਾ. ਨਿਰਮਲ ਭਸੀਨ (ਗਾਇਨੀ ਅਤੇ ਬਾਂਝਪਨ ਦੇ ਮਾਹਿਰ), ਡਾ. ਅਭਿਨਾਸ਼ ਪਾਲ (ਮੈਡੀਸਨ ਅਤੇ ਪਲਮੋਨੋਲੋਜੀ), ਡਾ. ਪ੍ਰਭਲੀਨ ਕੌਰ (ਡੈਂਟਿਸਟ), ਡਾ. ਕੁਲਵਿੰਦਰ ਜੌਹਰ (ਈ.ਐਨ.ਟੀ. ਸਪੈਸ਼ਲਿਸਟ), ਡਾ. ਪੰਕਜਪ੍ਰੀਤ ਸਿੰਘ (ਫਿਜ਼ੀਓਥੈਰੇਪੀ), ਡਾ. ਸੁਪ੍ਰੀਤ ਬਿੰਦਰਾ (ਫਿਜ਼ੀਓਥੈਰੇਪੀ), ਡਾ. ਅਜੈ ਕੁਮਾਰ (ਫਿਜ਼ੀਓਥੈਰੇਪੀ) ਅਤੇ ਡਾ. ਸਿਰਤਾਜ ਸਿੰਘ (ਹੋਮੀਓਪੈਥੀ) ਆਪਣੀਆਂ ਸੇਵਾਵਾਂ ਦੇਣਗੇ | ਕੈਂਪ ਤੋਂ ਬਾਅਦ ਸਫਾਈ ਅਭਿਆਨ ਅਤੇ ਸੋਲੋ ਸ਼ਬਦ ਗਾਇਨ ਮੁਕਾਬਲੇ ਕਰਵਾਏ ਜਾਣਗੇ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪ੍ਰਿਤਪਾਲ ਸਿੰਘ ਨੇ ਸਮੁੱਚੀ ਸਿੱਖ ਕੌਮ ਅਤੇ ਨਾਨਕ ਨਾਮ ਲੇਵਾ ਸੰਗਤ ਨੂੰ ਵਧਾਈ ਦਿੱਤੀ। ਉਨ੍ਹਾਂ ਯੂਨੀਵਰਸਿਟੀ ਦੇ ਸਟਾਫ਼ ਮੈਂਬਰਾਂ ਵੱਲੋਂ ਕਰਵਾਏ ਗਏ ਸਮਾਗਮਾਂ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਯੂਨੀਵਰਸਿਟੀ ਦਾ ਸਟਾਫ਼ ਅਤੇ ਵਿਦਿਆਰਥੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੀ ਪਾਲਣਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਹ ਸਾਰੇ ਮੁਕਾਬਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਮਾਨਵਤਾਵਾਦੀ ਕਦਰਾਂ ਕੀਮਤਾਂ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਕਰਵਾਏ ਗਏ ਹਨ।
ਡਾ. ਐਸ ਐਸ ਬਿਲਿੰਗ, ਡੀਨ ਅਕਾਦਮਿਕ ਮਾਮਲੇ ਨੇ ਵੀ ਵਧਾਈ ਦੇਂਦੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਸਹੀ ਮਾਰਗ ‘ਤੇ ਤੋਰਨਾ ਇਹ ਸਮੇਂ ਦੀ ਮੁੱਖ ਲੋੜ ਹੈ, ਅਤੇ ਨੌਜਵਾਨ ਪੀੜ੍ਹੀ ਨੂੰ ਸਿੱਖ ਗੁਰੂਆਂ ਦੇ ਫਲਸਫੇ ਤੋਂ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਡਾ. ਪ੍ਰੀਤ ਕੌਰ, ਡੀਨ ਵਿਦਿਆਰਥੀ ਭਲਾਈ ਨੂੰ ਵੀ ਸਮਾਗਮ ਕਰਵਾਉਣ ਲਈ ਵਧਾਈ ਦਿੱਤੀ। ਡਾ. ਪ੍ਰੀਤ ਕੌਰ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਬੂਟੇ ਲਗਾਉਣ ਦੀ ਮੁਹਿੰਮ, ਖੂਨਦਾਨ ਕੈਂਪ, ਸੱਭਿਆਚਾਰਕ ਵਿਕਾਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਯੋਗਦਾਨ ਵਿਸ਼ੇ ਤੇ ਸੈਮੀਨਾਰ, ਪੁਸਤਕ ਪ੍ਰਦਰਸ਼ਨੀ, ਧਾਰਮਿਕ ਪੇਂਟਿੰਗ ਪ੍ਰਦਰਸ਼ਨੀ, ਗੱਤਕਾ ਪ੍ਰਦਰਸ਼ਨ, ਨੁੱਕੜ ਨਾਟਕ ਅਤੇ ਵੱਖ-ਵੱਖ ਮੁਕਾਬਲੇ ਜਿਵੇਂ ਕਿ ਭਾਸ਼ਣ, ਪੋਸਟਰ ਮੇਕਿੰਗ ਅਤੇ ਸਲੋਗਨ ਲੇਖਣ ਸ਼ਾਮਲ ਹੋਣਗੇ। ਅਖੀਰਲੇ ਦਿਨ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਕੀਰਤਨ ਸਮਾਗਮ ਉਪਰੰਤ ਅਰਦਾਸ ਨਾਲ ਸਮਾਗਮ ਦੀ ਸਮਾਪਤੀ ਕੀਤੀ ਜਾਵੇਗੀ।

