ਬਿਜਲੀ ਕਾਮਿਆਂ ਵੱਲੋਂ ਦੂਜੇ ਦਿਨ ਹੈਡ ਆਫਿਸ ਪਟਿਆਲਾ ਦੇ ਤਿੰਨੇ ਮੁੱਖ ਗੇਟਾਂ ਤੇ ਰੋਸ ਪ੍ਰਦਰਸ਼ਨ।
ਮੁੱਖ ਗੇਟਾਂ ਤੇ ਤਾਲੇ ਲੱਗੇ ਰਹੇ, ਹੈਡ ਆਫਿਸ ਦਾ ਕੰਮ ਠੱਪ।
ਮੈਨੇਜਮੈਂਟ ਨਾਲ ਗੱਲਬਾਤ ਟੁੱਟੀ।
17, 18 ਨਵੰਬਰ ਨੂੰ ਹੈਡ ਆਫਿਸ ਦੇ ਤਿੰਨੇ ਗੇਟਾਂ ਤੇ ਰੋਸ ਪ੍ਰਦਰਸ਼ਨ ਜਾਰੀ ਰਹੇਗਾ।
ਬਿਜਲੀ ਮੁਲਾਜਮ 17, 18 ਨਵੰਬਰ ਨੁੰ ਮਾਸ ਕੈਜੂਅਲ ਲੀਵ ਤੇ ਰਹਿਣਗੇ ਅਤੇ ਸਮੁੱਚੇ ਪੰਜਾਬ ਦੇ ਬਿਜਲੀ ਦਫਤਰਾਂ ਅੱਗੇ ਰੈਲੀਆਂ ਅਤੇ ਧਰਨੇ ਜਾਰੀ ਰੱਖਣਗੇ।
ਚੇਅਰਮੈਨ ਸਮੇਤ ਡਾਇਰੈਕਟਰਜ ਵਿਰੁੱਧ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਅਤੇ ਵਰਕ ਟੂ ਰੂਲ ਅਨੁਸਾਰ ਕੰਮ ਕੀਤਾ ਜਾਵੇਗਾ।
2 ਦਸੰਬਰ ਨੂੰ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਅੱਗੇ ਮੋਰਿੰਡਾ ਵਿਖੇ ਸੂਬਾ ਪੱਧਰੀ ਧਰਨਾ ਲਗਾਇਆ ਜਾਵੇਗਾ।
ਪਟਿਆਲਾ, 16 ਨਵੰਬਰ (ਮਧੂਸਾਰ ਬਿਊਰੋ) ਅੱਜ ਦੂਜੇ ਦਿਨ ਬਿਜਲੀ ਮੁਲਾਜਮਾਂ ਦੀਆਂ 12 ਪ੍ਰਮੁੱਖ ਜੱਥੇਬੰਦੀਆਂ ਟੈਕਨੀਕਲ ਸਰਵਿਸਿਜ ਯੂਨੀਅਨ, ਪੀ.ਐਸ.ਈ.ਬੀ. ਇੰਪਲਾਈਜ ਫੈਡਰੇਸ਼ਨ, ਮਨਿਸਟੀਰੀਅਲ ਸਰਵਿਸਿਜ ਯੂਨੀਅਨ, ਇੰਪਲਾਈਜ ਫੈਡਰੇਸ਼ਨ (ਫਲਜੀਤ ਸਿੰਘ), ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ, ਥਰਮਲ ਇੰਪਲਾਈਜ ਕੁਆਰਡੀਨੇਸ਼ਨ ਕਮੇਟੀ, ਪੰਜਾਬ ਰਾਜ ਬਿਜਲੀ ਮਜ਼ਦੂਰ ਸੰਘ, ਇੰਪਲਾਈਜ ਫੈਡਰੇਸ਼ਨ (ਪਹਿਲਵਾਨ), ਹੈਡ ਆਫਿਸ ਇੰਪਲਾਈਜ ਫੈਡਰੇਸ਼ਨ, ਵਰਕਰਜ ਫੈਡਰੇਸ਼ਨ (ਇੰਟਕ) ਪਾਵਰਕਾਮ ਤੇ ਟਰਾਂਸਕੋ, ਗਰਿੱਡ ਸਬ ਸਟੇਸ਼ਨ ਇੰਪਲਾਈਜ ਯੂਨੀਅਨ, ਆਈ.ਟੀ.ਆਈ. ਇੰਪਲਾਈਜ ਯੂਨੀਅਨ ਦੇ ਫਿਰੋਜਪੁਰ, ਫਰੀਦਕੋਟ, ਮੁਕਤਸਰ, ਬਠਿੰਡਾ, ਲਹਿਰਾ ਮੁਹੱਬਤ ਥਰਮਲ ਪਲਾਂਟ, ਪਟਿਆਲਾ, ਸੰਗਰੂਰ, ਰੋਪੜ ਥਰਮਲ ਹਾਈਡਲ ਪ੍ਰੋਜੈਕਟ, ਬਰਨਾਲਾ, ਰੋਪੜ, ਮੋਹਾਲੀ ਸਰਕਲਾਂ ਤੋਂ ਵੱਡੀ ਗਿਣਤੀ ਵਿੱਚ ਬਿਜਲੀ ਕਾਮਿਆਂ ਨੇ ਪੀ.ਐਸ.ਈ. ਬੀ. ਇੰਪਲਾਈਜ ਜੁਆਇੰਟ ਫੋਰਮ ਦੇ ਸੱਦੇ ਤੇ ਹੈਡ ਆਫਿਸ ਪਟਿਆਲਾ ਦੇ ਤਿੰਨੇ ਮੁੱਖ ਗੇਟਾਂ ਤੇ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ । ਇਹਨਾਂ ਤੋਂ ਇਲਾਵਾ ਗਰਿੱਡ ਸਬ ਸਟੇਸ਼ਨ ਇੰਪਲਾਈਜ ਯੂਨੀਅਨ, ਮੁਲਾਜਮ ਯੂਨਾਇਟਿਡ ਆਰਗੇਨਾਈਜੇਸ਼ਨ, ਆਈ.ਟੀ.ਆਈ. ਇੰਪਲਾਈਜ ਯੂਨੀਅਨ ਨੇ ਵੀ ਸ਼ਮੂਲੀਅਤ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਜੁਆਇੰਟ ਫੋਰਮ ਦੇ ਆਗੂਆਂ ਸਰਬ ਸਾਥੀ ਕਰਮ ਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਬਲਵਿੰਦਰ ਸਿੰਘ ਸੰਧੂ, ਜਗਰੂਪ ਸਿੰਘ ਮਹਿਮਦਪੁਰ, ਬਲਦੇਵ ਸਿੰਘ ਮੰਢਾਲੀ, ਹਰਪਾਲ ਸਿੰਘ, ਸਿਕੰਦਰ ਨਾਥ, ਰਾਮ ਲੁਭਾਇਆ, ਇੰਦਰਜੀਤ ਸਿੰਘ ਢਿੱਲੋਂ, ਜਗਜੀਤ ਸਿੰਘ, ਕਮਲਜੀਤ ਸਿੰਘ, ਅਵਤਾਰ ਸਿੰਘ ਕੈਂਥ, ਮਨਜੀਤ ਕੁਮਾਰ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਉਹ ਜੱਥਬੰਦੀ ਨਾਲ ਕੀਤੇ ਸਮਝੋਤੇ ਲਾਗੂ ਕਰਨ ਤੋਂ ਇਨਕਾਰੀ ਹੈ ਜਿਸ ਕਰਕੇ ਮੁਲਾਜਮ ਮਸਲੇ ਜਿਵੇਂ ਮਿਤੀ 1-12-2011 ਤੋਂ ਪੇ ਬੈਂਡ ਵਿੱਚ ਵਾਧਾ, 23 ਸਾਲਾਂ ਦੀ ਸੇਵਾ ਬਾਅਦ ਤਰੱਕੀ ਵਾਧੇ, ਕੱਚੇ ਮੁਲਾਜਮ ਪੱਕੇ ਕਰਨ, ਮ੍ਰਿਤਕਾਂ ਦੇ ਆਸ਼ਰਿਤਾਂ ਨੂੰ ਨੋਕਰੀ, ਕਲੈਰੀਕਲ ਤੇ ਟੈਕਨੀਕਲ ਕਾਮਿਆਂ ਦੀ ਤਰੱਕੀ, ਸਬ ਸਟੇਸ਼ਨ ਸਟਾਫ ਨੂੰ ਓਵਰਟਾਈਮ ਤੇ ਤਰੱਕੀਆਂ, ਥਰਮਲ ਹਾਈਡਲ ਦੇ ਕਾਮਿਆਂ ਦੀਆਂ ਮੰਗਾਂ, ਸ.ਲ.ਮ. ਵਿਰੋਧੀ ਸਰਕੂਲਰ ਵਾਪਸ ਲੈਣ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਮੁਲਾਜਮਾਂ ਦਾ ਪ੍ਰੋਬੇਸ਼ਨ ਪੀਰੀਅਡ ਖਤਮ ਕਰਨ ਆਦਿ 22 ਨੁਕਤੀ ਮੰਗ ਪੱਤਰ ਅਨੁਸਾਰ ਮੰਗਾਂ ਲਾਗੂ ਕਰਨ ਦੀ ਮੰਗ ਕੀਤੀ। ਇਸੇ ਦਰਮਿਆਨ ਪਾਵਰ ਮੈਨੇਜਮੈਂਟ ਦੀ ਚੰਡੀਗੜ੍ਹ ਵਿਖੇ ਜੁਆਇੰਟ ਫੋਰਮ ਦੇ ਨੁਮਾਇੰਦਿਆਂ ਨਾਲ ਮੀਟਿੰਗ ਹੋਈ ਜਿਸ ਵਿੱਚ ਮੈਨੇਜਮੈਂਟ ਦਾ ਰਵੱਈਆ ਟਾਲ ਮਟੋਲ ਵਾਲਾ ਅਤੇ ਅੜੀਅਲ ਸੀ। ਮੈਨੇਜਮੈਂਟ ਨੇ ਮੰਗਾਂ ਲਾਗੂ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਜਿਸ ਤੇ ਗੱਲਬਾਤ ਟੁੱਟ ਗਈ।
ਜਿਸ ਕਾਰਨ ਮੁਲਾਜਮਾਂ ਵਿੱਚ ਭਾਰੀ ਰੋਸ ਹੈ। ਅੱਜ ਸਮੁੱਚੇ ਪੰਜਾਬ ਦੇ ਉਪ ਮੰਡਲ/ਮੰਡਲ ਦਫਤਰਾਂ ਅੱਗੇ ਦੋ ਦਿਨ ਦੀ ਪਾਸ ਕੈਜੂਅਲ ਲੀਵ ਲੈ ਕੇ ਰੈਲੀਆਂ ਅਤੇ ਧਰਨੇ ਲਗਾਏ। ਧਰਨੇ ਨੂੰ ਹੋਰਨਾਂ ਤੋਂ ਇਲਾਵਾ ਸਰਬ ਸਾਥੀ ਕ੍ਰਿਸ਼ਨ ਭਾਰਦਵਾਜ ਸਕੱਤਰ ਗਰਿੱਡ ਸਬ ਸਟੇਸ਼ਨ, ਧਨਵੰਤ ਸਿੰਘ ਭੱਠਲ, ਸੁਖਵਿੰਦਰ ਭਗਤ, ਅਵਤਾਰ ਸਿੰਘ ਸ਼ੇਰਗਿੱਲ, ਸਤਨਾਮ ਸਿੰਘ, ਪੂਰਨ ਸਿੰਘ ਗੁਮਟੀ ਅਤੇ ਕੁਲਵੰਤ ਸਿੰਘ ਅਟਵਾਲ ਆਦਿ ਨੇ ਸੰਬੋਧਨ ਕੀਤਾ। ਪਾਵਰ ਮੈਨੇਜਮੈਂਟ ਦੇ ਮੁਲਾਜਮ ਵਿਰੋਧੀ ਰਵੱਈਏ ਨੂੰ ਦੇਖਦਿਆਂ ਆਗੂਆਂ ਨੇ ਸੰਘਰਸ਼ ਨੂੰ ਤੇਜ ਕਰਨ ਦਾ ਫੈਸਲਾ ਕੀਤਾ ਜਿਸ ਅਨੁਸਾਰ ਮਾਸ ਕੈਜੂਅਲ ਲੀਵ 17, 18 ਨਵੰਬਰ ਤੱਕ ਵਧਾ ਕੇ ਹੈਡ ਆਫਿਸ ਅੱਗੇ ਦੋਨੋਂ ਦਿਨ ਰੋਸ ਵਿਖਾਵਾ ਕਰਨ ਦਾ ਫੈਸਲਾ ਕੀਤਾ । ਜੁਆਇੰਟ ਫੋਰਮ ਵੱਲੋਂ ਇਹ ਵੀ ਫੈਸਲਾ ਕੀਤਾ ਗਿਆ ਕਿ 2 ਦਸੰਬਰ ਨੂੰ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਮੋਰਿੰਡਾ ਵਿਖੇ ਸੂਬਾ ਪੱਧਰੀ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਜੁਆਇੰਟ ਫੋਰਮ ਵੱਲੋਂ ਪਹਿਲਾਂ ਦਿੱਤੇ ਸੰਘਰਸ਼ ਅਨੁਸਾਰ ਦੋਨੋਂ ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਅਤੇ ਡਾਇਰੈਕਟਰਜ਼ ਵਿਰੁੱਧ ਫੀਲਡ ਵਿੱਚ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਅਤੇ ਵਰਕ ਟੂ ਰੂਲ ਅਨੁਸਾਰ ਕੰਮ ਜਾਰੀ ਰੱਖਿਆ ਜਾਵੇਗਾ। ਜੇਕਰ ਫਿਰ ਵੀ ਮੁਲਾਜਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਅਤੇ ਰਹਿੰਦੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਮੈਨੇਜਮੈਂਟ ਦੀ ਹੋਵੇਗੀ।

