ਪੰਜਾਬਪਟਿਆਲਾ

ਸੁਪਰੀਮ ਕੋਰਟ ਵੱਲੋਂ ਪਟਾਕਿਆਂ ਦੀ ਵਿਕਰੀ ‘ਤੇ ਰੋਕ

ਨਵੀਂ ਦਿੱਲੀ 9 ਅਕਤੂਬਰ (ਚ.ਨ.ਸ.) ਦਿੱਲੀ ਐਨ. ਸੀ. ਆਰ. ‘ਚ ਇਸ ਸਾਲ ਦੀਵਾਲੀ ‘ਤੇ ਪਟਾਕਿਆਂ ਦੀ ਵਿਕਰੀ ‘ਤੇ ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਹੈ। ਆਪਣੇ ਤਾਜ਼ਾ ਹੁਕਮ ‘ਚ ਸੁਪਰੀਮ ਕੋਰਟ ਨੇ ਦਿੱਲੀ ‘ਚ ਸਾਰੇ ਸਥਾਈ ਅਤੇ ਅਸਥਾਈ ਲਾਈਸੰਸ 1 ਨਵੰਬਰ ਤੱਕ ਮੁਅੱਤਲ ਕਰਨ ਦਾ ਹੁਕਮ ਦਿੱਤਾ ਹੈ। ਸੁਪਰੀਮ ਕੋਰਟ ਦੇ ਇਸ ਆਦੇਸ਼ ਦਾ ਮਤਲਬ ਹੈ ਕਿ ਰਾਸ਼ਟਰੀ ਰਾਜਧਾਨੀ ‘ਚ ਪਟਾਕਾ ਕਾਰੋਬਾਰੀ ਇਕ ਨਵੰਬਰ ਤੋਂ ਬਾਅਦ ਪਟਾਕੇ ਵੇਚ ਸਕਦੇ ਹਨ। ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਪਟਾਕਾ ਕਾਰੋਬਾਰੀ ਬਹੁਤ ਨਿਰਾਸ਼ ਹਨ।

ਸਦਰ ਬਾਜ਼ਾਰ ਪਟਾਕਾ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਗੁਪਤਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਅਸੀਂ ਬਹੁਤ ਨਿਰਾਸ਼ ਹਾਂ। ਇਹ ਸਾਡੇ ਨਾਲ ਬੇਇਨਸਾਫੀ ਹੈ ਜੇਕਰ ਪਟਾਕਿਆਂ ਦੀ ਵਿਕਰੀ ‘ਤੇ ਪੂਰੀ ਤਰ੍ਹਾ ਪਾਬੰਦੀ ਕਰਨੀ ਹੀ ਸੀ ਤਾਂ 12 ਸਤੰਬਰ 2017 ਦੇ ਹੁਕਮ ‘ਚ ਪਾਬੰਦੀ ਨੂੰ ਕਿਉਂ ਹਟਾਇਆ ਗਿਆ। ਹੁਣ ਅਸੀਂ ਲੱਖਾਂ ਦਾ ਮਾਲ ਭਰ ਲਿਆ ਹੈ। ਜੇਕਰ ਵਿਕਰੀ ਨਹੀਂ ਹੋਵੇਗੀ ਤਾਂ ਇਸ ਨੂੰ ਲੈ ਕੇ ਅਸੀਂ ਕਿਥੇ ਜਾਵਾਂਗੇ? ਸਾਡਾ ਤਾਂ ਲੱਖਾਂ ਦਾ ਨੁਕਸਾਨ ਹੋ ਜਾਵੇਗਾ।
ਸੁਪਰੀਮ ਕੋਰਟ ਦਾ ਯੂ-ਟਰਨ
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੀਵਾਲੀ ਤੋਂ ਬਾਅਦ ਵਧੇ ਹੋਏ ਪ੍ਰਦੂਸ਼ਣ ਦੇ ਮੁੱਦੇ ‘ਤੇ ਪਟੀਸ਼ਨ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਦਿੱਲੀ-ਐਨ. ਸੀ. ਆਰ. ‘ਚ ਪਟਾਕਿਆਂ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ 12 ਸਤੰਬਰ 2017 ਨੂੰ ਸੁਪਰੀਮ ਕੋਰਟ ਨੇ ਪਟਾਕਿਆਂ ਦੀ ਵਿਕਰੀ ‘ਤੇ ਪਾਬੰਦੀ ਵਾਲੇ ਹੁਕਮ ‘ਚ ਸੰਸੋਧਨ ਕਰ ਦਿੱਤਾ ਅਤੇ ਕੁੱਝ ਸ਼ਰਤਾਂ ਦੇ ਨਾਲ ਪਟਾਕਾ ਕਾਰੋਬਾਰੀਆਂ ਦੇ ਅਸਥਾਈ ਲਾਈਸੰਸ ਦੀ ਗਿਣਤੀ ‘ਚ 50 ਫੀਸਦੀ ਕਟੌਤੀ ਕਰਨ ਦਾ ਆਦੇਸ਼ ਦਿੱਤਾ ਸੀ। ਨਾਲ ਹੀ ਦਿੱਲੀ ਐਨ. ਸੀ. ਆਰ ‘ਚ ਦੂਜੇ ਸੂਬੇ ਤੋਂ ਪਟਾਕੇ ਲਿਆਉਣ ‘ਤੇ ਵੀ ਪਾਬੰਦੀ ਲਗਾ ਦਿੱਤੀ ਸੀ ਪਰ ਸੋਮਵਾਰ ਨੂੰ ਸੁਪਰੀਮ ਕੋਰਟ ਨੇ ਇਕ ਵਾਰ ਫਿਰ ਨਵੰਬਰ 2016 ਦੇ ਪੁਰਾਣੇ ਹੁਕਮ ਨੂੰ ਬਹਾਲ ਕਰਦੇ ਹੋਏ ਦਿੱਲੀ-ਐਨ. ਸੀ. ਆਰ. ‘ਚ ਪਟਾਕਿਆਂ ਦੀ ਵਿਕਰੀ ‘ਤੇ ਪੂਰੀ ਤਰ੍ਹਾਂ ਰੋਕ ਲਗਾਉਣ ਦਾ ਹੁਕਮ ਦੇ ਦਿੱਤਾ ਹੈ।

Leave a Reply

Your email address will not be published. Required fields are marked *