ਅੱਜ ਛੇਵੇਂ ਦਿਨ ਬਿਜਲੀ ਮੁਲਾਜਮਾਂ ਵਲੋਂ ਹੈਡ ਆਫਿਸ ਦੇ ਮੁੱਖ ਗੇਟਾਂ ਤੇ ਰੋਸ ਪ੍ਰਦਰਸ਼ਨ ਜਾਰੀ
ਸੰਘਰਸ਼ ਜਾਰੀ ਰੱਖਣ ਅਤੇ 26 ਨਵੰਬਰ ਤੱਕ ਸਮੂਹਿਕ ਛੁੱਟੀ ਤੇ ਰਹਿਣ, 2 ਦਸੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਮੁਰਿੰਡਾ ਵਿਖੇ ਧਰਨੇ ਦੀਆਂ ਜੋਰਦਾਰ ਤਿਆਰੀਆਂ।
ਪਟਿਆਲਾ 20 ਨਵੰਬਰ(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਬਿਜਲੀ ਮੁਲਾਜਮਾਂ ਦੀਆਂ 14 ਜਥੇਬੰਦੀਆਂ ਸਮੇਤ ਭਰਾਤਰੀ ਜਥੇਬੰਦੀਆਂ ਦੇ ਬਿਜਲੀ ਕਾਮਿਆਂ ਵੱਲੋਂ ਅੱਜ ਛੇਵੇਂ ਦਿਨ ਛੁੱਟੀ ਦੇ ਬਾਵਜੂਦ ਹੈਡ ਆਫਿਸ ਦੇ ਗੇਟਾਂ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਬਿਜਲੀ ਕਾਮੇ ਇਹ ਰੋਸ ਪ੍ਰਦਰਸ਼ਨ ਪਾਵਰ ਮੈਨੇਜਮੈਂਟ ਵਲੋਂ ਮੁਲਾਜਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਕਰ ਰਹੇ ਹਨ। ਪਾਵਰ ਮੈਨੇਜਮੈਂਟ ਮੁਲਾਜਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਦੀ ਥਾਂ ਟਾਲ ਮਟੋਲ ਦੀ ਨੀਤੀ ਅਪਣਾ ਕੇ ਅਣਫੇਅਰ ਲੇਬਰ ਪ੍ਰੈਕਟਿਸ ਕਰ ਰਹੀ ਹੈ। ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਆਗੂਆਂ ਸਰਬ ਸਾਥੀ ਕਰਮਚੰਦ ਭਾਰਦਵਾਜ, ਬਲਦੇਵ ਸਿੰਘ ਮੰਢਾਲੀ, ਬਲਵਿੰਦਰ ਸਿੰਘ ਸੰਧੂ, ਪ੍ਰਮੋਦ ਕੌਸ਼ਲ, ਵਿਸ਼ਵ ਨਾਥ, ਨਗੇਂਦਰ ਪਾਲ, ਕੁਲਵੰਤ ਸਿੰਘ, ਧਰਮਿੰਦਰ ਦੂਬੇ, ਅਤਰ ਸਿੰਘ ਅਤੇ ਸਰਬਜੀਤ ਸਿੰਘ ਆਦਿ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਨੇਜਮੈਂਟ ਤਿੰਨ ਧਿਰੀ ਸਮਝੌਤੇ ਦੀ ਉਲੰਘਣਾ ਕਰਕੇ ਤਨਖਾਹ ਸਕੇਲ ਸੋਧਕੇ ਧੱਕੇ ਨਾਲ ਇੱਕ ਤਰਫਾ ਤਨਖਾਹ ਸਕੇਲ ਜਾਰੀ ਕਰ ਰਹੀ ਹੈ। ਜਿਸ ਨਾਲ ਮੁਲਾਜਮਾਂ ਨੂੰ ਲਾਭ ਦੀ ਥਾਂ ਘਾਟਾ ਪਵੇਗਾ।
ਜੋ ਕਿ ਕਰਮਚਾਰੀਆਂ ਨਾਲ ਧੋਖਾ ਅਤੇ ਬੇਇਨਸਾਫੀ ਹੈ। ਉਨ੍ਹਾਂ 16—07—2020 ਤੋਂ ਬਾਅਦ ਨਵ ਨਿਯੁਕਤ ਕਰਮਚਾਰੀਆਂ ਉਪਰ ਕੇਂਦਰੀ ਤਨਖਾਹ ਸਕੇਲ ਲਾਗੂ ਕਰਨ ਦੀ ਸਖਤ ਨਿੰਦਾ ਕੀਤੀ। ਇਨ੍ਹਾਂ ਆਗੂਆਂ ਨੇ ਕਿਹਾ ਕਿ ਪਾਵਰ ਮੈਨੇਜਮੈਂਟ ਮੀਟਿੰਗਾਂ ਵਿੱਚ ਬਣੀਆਂ ਸਹਿਮਤੀਆਂ ਅਨੁਸਾਰ ਪੇ ਬੈਂਡ ਵਿੱਚ ਵਾਧਾ, 23 ਸਾਲਾਂ ਦੀ ਸੇਵਾ ਬਾਅਦ ਤਰੱਕੀ ਵਾਧੇ, ਨਵੀਂ ਭਰਤੀ, ਮਨਜੂਰਸ਼ੁਦਾ ਅਸਾਮੀਆਂ ਖਤਮ ਨਾ ਕਰਨ, ਮੁਲਾਜਮਾਂ ਦੀਆਂ ਬਣਦੀਆਂ ਤਰੱਕੀ ਕਰਨ, ਨਵ ਨਿਯੁਕਤ ਕਰਮਚਾਰੀਆਂ ਨੂੰ ਪੂਰਾ ਤਨਖਾਹ ਸਕੇਲ ਦੇਣ, ਪਰਖ ਕਾਲ ਸਮਾਂ ਖਤਮ ਕਰਨ ਅਤੇ ਕੱਚੇ ਕਾਮੇ ਪੱਕੇ ਕਰਨ, ਮੁਲਾਜਮਾਂ ਤੋਂ ਵਾਧੂ ਡਿਊਟੀ ਲੈਣ ਆਦਿ 22 ਨੁਕਾਤੀ ਮੰਗ ਪੱਤਰ ਅਨੁਸਾਰ ਮੰਗਾਂ ਲਾਗੂ ਕਰਨ ਤੋਂ ਇਨਕਾਰੀ ਹੈ। ਜਿਸ ਕਾਰਨ ਬਿਜਲੀ ਕਾਮਿਆਂ ਵਿੱਚ ਸਖਤ ਰੋਸ ਹੈ। ਇਨ੍ਹਾਂ ਆਗੂਆਂ ਨੇ ਦੱਸਿਆ ਕਿ ਪਾਵਰ ਮੈਨੇਜਮੈਂਟ ਗਰਿਡ ਸਬ ਸਟੇਸ਼ਨਾਂ ਤੇ ਅਣਸਕਿਲਡ ਕਾਮਿਆਂ ਨੂੰ ਡਿਊਟੀ ਤੇ ਤਾਇਨਾਤ ਕਰ ਰਹੀ ਹੈ।
ਜਿਸ ਕਾਰਨ ਗਰਿਡ ਸਬ ਸਟੇਸ਼ਨ ਬੰਦ ਹੋ ਰਹੇ ਹਨ ਅਤੇ ਸਪਲਾਈ ਵਿੱਚ ਵਿਘਨ ਪੈ ਰਿਹਾ ਹੈ। ਜਿਸ ਕਾਰਨ ਗਰਿਡ *ਚ ਕਰੋੜਾਂ ਦੀ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਹੋ ਸਕਦਾ ਹੈ। ਜਿਸ ਦੀ ਜਿੰਮੇਵਾਰੀ ਪਾਵਰ ਮੈਨੇਜਮੈਂਟ ਦੀ ਹੋਵੇਗੀ। ਉਨ੍ਹਾਂ ਪੰਜਾਬ ਸਰਕਾਰ ਤੋਂ ਅਤੇ ਪਾਵਰ ਮੈਨੇਜਮੈਂਟਾਂ ਤੋਂ ਮੰਗ ਕੀਤੀ ਕਿ ਬਿਜਲੀ ਵਰਗੇ ਸੰਵੇਦਨਸ਼ੀਲ ਅਦਾਰੇ ਦਾ ਸਨਅਤੀ ਮਾਹੌਲ ਖਰਾਬ ਕਰਨ ਦੀ ਥਾਂ ਆਪਸੀ ਗੱਲਬਾਤ ਰਾਹੀਂ ਮੁਲਾਜਮ ਮਸਲੇ ਹੱਲ ਕਰਕੇ ਬਿਜਲੀ ਕਾਮਿਆਂ ਦਾ ਰੋਸ ਦੂਰ ਕੀਤਾ ਜਾਵੇ। ਉਹਨਾਂ ਕਿਹਾ ਕਿ ਮੁਲਾਜਮਾਂ ਦੀਆਂ ਜਾਇਜ ਤੇ ਮੰਨੀਆਂ ਮੰਗਾਂ ਲਾਗੂ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ ਅਤੇ 2 ਦਸੰਬਰ ਨੂੰ ਮੋਰਿੰਡਾ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਤੇ ਸੁਬਾਈ ਵਿਸ਼ਾਲ ਧਰਨਾਂ ਦਿੱਤਾ ਜਾਵੇਗਾ।

