ਪੰਜਾਬੀ ਯੂਨੀਵਰਸਿਟੀ ਦੀ 58ਵੀਂ ਸਾਲਾਨਾ ਐਥਲੈਟਿਕ ਮੀਟ ਧੂਮ ਧੜੱਕੇ ਨਾਲ ਸ਼ੁਰੂ
ਕੌਮੀ ਐਥਲੀਟ ਹਰਮਿਲਨ ਬੈਂਸ ਨੇ ਤੋੜਿਆ ਆਪਣਾ ਹੀ ਰਿਕਾਰਡ
(ਲਗਭਗ 45 ਕਾਲਜਾਂ ਦੇ 800 ਐਥਲੀਟ ਲੈ ਰਹੇ ਹਨ ਹਿੱਸਾ)
ਪਟਿਆਲਾ 23 ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ): ਖੇਡ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪ੍ਰੋ. ਅਰਵਿੰਦ ਮਾਣਯੋਗ ਵਾਈਸ ਚਾਂਸਲਰ ਦੀ ਸਰਪ੍ਰਸਤੀ ਹੇਠ ਪੰਜਾਬੀ ਯੂਨੀਵਰਸਿਟੀ ਦੀ 58ਵੀਂ ਸਾਲਾਨਾ ਐਥਲੈਟਿਕ ਮੀਟ, 2021-22 ਦਾ ਸ਼ੁਭਆਰੰਭ ਅੱਜ ਹੋ ਗਿਆ ਹੈ। ਡਾ. ਗੁਰਦੀਪ ਕੌਰ ਰੰਧਾਵਾ ਨਿਰਦੇਸ਼ਕ ਖੇਡ ਵਿਭਾਗ ਦੀ ਅਗਵਾਈ ਵਿੱਚ ਤਿੰਨ ਰੋਜ਼ਾ ਚੱਲਣ ਵਾਲੇ ਇਹਨਾਂ ਮੁਕਾਬਲਿਆਂ ਵਿਚ ਪੰਜਾਬੀ ਯੂਨੀਵਰਸਿਟੀ ਦੇ ਵੱਖ ਵੱਖ ਕਾਲਜਾਂ ਦੀਆਂ 40 ਲੜਕੀਆਂ ਅਤੇ 45 ਲੜਕਿਆਂ ਦੀਆਂ ਟੀਮਾਂ ਵਿੱਚ ਲਗਭਗ 800 ਖਿਡਾਰੀ/ਖਿਡਾਰਣਾਂ ਭਾਗ ਲੈ ਰਹੇ ਹਨ। ਖੇਡ ਮੁਕਾਬਲਿਆਂ ਦੇ ਪਹਿਲੇ ਦਿਨ ਡਾ. ਬਲਬੀਰ ਸਿੰਘ ਸੰਧੂ ਡੀਨ ਅਕਾਦਮਿਕ ਮਾਮਲੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਉਚੇਚੇ ਤੌਰ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਤੇ ਸਮੂਹ ਖੇਡ ਵਿਭਾਗ ਵੱਲੋਂ ਆਏ ਹੋਏ ਪਤਵੰਤੇ ਸੰਜਣਾਂ ਦਾ ਸਵਾਗਤ ਕੀਤਾ ਗਿਆ।
ਇਸ ਮੌਕੇ ਤੇ ਵੱਖ ਵੱਖ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਜਿਨ੍ਹਾਂ ਵਿੱਚ ਡਾ. ਕੁਲਵੰਤ ਕੌਰ ਫਿਜ਼ੀਕਲ ਕਾਲਜ ਚੁਪਕੀ, ਡਾ. ਗੀਤਾ ਠਾਕੁਰ ਫਿਜ਼ੀਕਲ ਕਾਲਜ ਮਸਤੂਆਣਾ ਸਾਹਿਬ ਖਾਸ ਤੌਰ ਤੇ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਪੁੱਜੇ। ਇਸ ਮੌਕੇ ਤੇ ਬੋਲਦਿਆਂ ਡਾ. ਬਲਬੀਰ ਸਿੰਘ ਸੰਧੂ ਨੇ ਖੇਡਾਂ ਨੂੰ ਜੀਵਨ ਦਾ ਅਨਿਖੜ੍ਹਵਾਂ ਅੰਗ ਦੱਸਿਆ ਅਤੇ ਹਰ ਵਿਅਕਤੀ ਨੂੰ ਖੇਡਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਵੀ ਕੀਤਾ। ਇਸ ਮੌਕੇ ਤੇ ਖੇਡ ਵਿਭਾਗ ਪੰਜਾਬੀ ਯੂਨੀਵਰਸਿਟੀ ਵੱਲੋਂ ਹਰੇਕ ਖਿਡਾਰੀ ਜਿਹੜਾ, ਕਿਸੇ ਵੀ ਈਵੈਂਟ ਵਿਚ ਨਵਾਂ ਰਿਕਾਰਡ ਦਰਜ ਕਰਦਾ ਹੈ, ਨੂੰ 10000/-ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਵੀ ਕੀਤਾ। ਇਸ ਤੋਂ ਇਲਾਵਾ ਸ. ਗੁਰਬਖਸ਼ ਸਿੰਘ ਯੂਐਸਏ ਵੱਲੋਂ ਇਹਨਾਂ ਮੁਕਾਬਲਿਆਂ ਦੌਰਾਨ ਆਉਣ ਵਾਲੇ ਬੈਸਟ ਐਥਲੀਟ ਪੁਰਸ਼ ਅਤੇ ਮਹਿਲਾ ਨੂੰ ਕ੍ਰਮਵਾਰ 7500/-ਰੁਪਏ ਦੀ ਇਨਾਮੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਹਾਇਕ ਡਾਇਰੈਕਟਰ ਸਪੋਰਟਸ ਸ਼੍ਰੀਮਤੀ ਮਹਿੰਦਰਪਾਲ ਕੌਰ, ਡਾ. ਦਲਬੀਰ ਸਿੰਘ ਰੰਧਾਵਾ ਅਤੇ ਸ. ਦਲ ਸਿੰਘ ਬਰਾੜ, ਡਾ. ਜਸਬੀਰ ਸਿੰਘ ਸਾਬਕਾ ਜੁਆਇੰਟ ਡਾਇਰੈਕਟਰ ਸਪੋਰਟਸ, ਐਥਲੈਟਿਕਸ ਮਾਹਿਰ ਅਤੇ ਪ੍ਰਮੋਟਰ ਡਾ. ਕੌਰ ਸਿੰਘ, ਸ. ਹਰਭਜਨ ਸਿੰਘ ਸੰਧੂ, ਸ. ਧਰਮਿੰਦਰਪਾਲ ਸਿੰਘ ਸੰਧੂ, ਮਿਸ ਰੇਨੂੰ ਬਾਲਾ, ਮਿਸ ਰਚਨਾ ਦੇਵੀ ਅਤੇ ਸ਼੍ਰੀਮਤੀ ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ। ਜਦੋਂਕਿ ਪ੍ਰਿੰਸਇੰਦਰ ਸਿੰਘ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਗਈ।

