ਛੀਨਾ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਪਾਕਿ ਮਾਡਲ ਵਲੋਂ ਇਤਰਾਜ਼ਯੋਗ ਵੀਡੀਓ ਸ਼ੂਟ ਕਰਨ ਦੀ ਕੀਤੀ ਨਿੰਦਾ
ਕਿਹਾ : ਸਿੱਖ ਹਿਰਦਿਆਂ ਨੂੰ ਪੁੱਜੀ ਠੇਸ
ਅੰਮ੍ਰਿਤਸਰ, 30 ਨਵੰਬਰ (ਮਧੂਸਾਰ ਬਿਊਰੋ)ਭਾਜਪਾ ਦੇ ਸੀਨੀਅਰ ਆਗੂ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਗੁਆਂਢੀ ਮੁਲਕ ’ਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਪਾਕਿਸਤਾਨੀ ਮਾਡਲ ਸੌਲੇਹਾ ਵੱਲੋਂ ਬਣਾਈ ਗਈ ਇਤਰਾਜ਼ਯੋਗ ਵੀਡੀਓ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਨੰਗੇ ਸਿਰ ਨੱਚਦੀ ਅਤੇ ਮਾਡਲਿੰਗ ਕਰਦੀ ਸੌਲੇਹਾ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਕਿਉਂਕਿ ਇਸ ਉਸ ਦੀ ਇਸ ਨਿੰਦਨਯੋਗ ਕਾਰਵਾਈ ਨਾਲ ਸਿੱਖ ਹਿਰਦਿਆਂ ਨੂੰ ਭਾਰੀ ਠੇਸ ਪੁੱਜੀ ਹੈ ਅਤੇ ਜੋ ਕਿ ਸਿੱਖ ਮਰਿਯਾਦਾ ਦੇ ਖਿਲਾਫ਼ ਹੈ।
“ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਸਿੱਖਾਂ ਲਈ ਸਭ ਤੋਂ ਪਵਿੱਤਰ ਅਸਥਾਨ ਹੈ ਅਤੇ ਮਰਿਯਾਦਾ (ਸਿੱਖ ਰਹਿਤ ਮਰਿਆਦਾ) ਦੀ ਉਲੰਘਣਾ ਕੀਤੀ ਗਈ ਹੈ। ਸ: ਛੀਨਾ ਨੇ ਇੱਥੇ ਜਾਰੀ ਪ੍ਰੈਸ ਬਿਆਨ ’ਚ ਕਿਹਾ ਕਿ ਮਾਡਲ ਲੜਕੀ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਅਜਿਹੀ ਕੋਈ ਘਟਨਾ ਨਾ ਦੁਹਰਾਈ ਜਾਵੇ। ਉਨ੍ਹਾਂ ਇਸ ਅਹਿਮ ਮੁੱਦੇ ’ਤੇ ਪਾਕਿਸਤਾਨੀ ਅਧਿਕਾਰੀਆਂ ਦੀ ਚੁੱਪੀ ਦੀ ਵੀ ਨਿੰਦਾ ਕੀਤੀ।
ਉਨ੍ਹਾਂ ਅੱਗੇ ਕਿਹਾ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵੱਲ ਜਾਣ ਵਾਲਾ ਹਰ ਕਦਮ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀ ਯਾਦ ਦਿਵਾਉਂਦਾ ਹੈ ਅਤੇ ਕਿਸੇ ਨੂੰ ਵੀ ਇਸ ਪਾਵਨ ਅਸਥਾਨ ਦਾ ਨਿਰਾਦਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੁਰਦੁਆਰਾ ਕੰਪਲੈਕਸ ਦੇ ਅੰਦਰ ਮਾਡਲ ਡਾਂਸ ਕਰਦੇ ਹੋਏ ਇਸ਼ਤਿਹਾਰ ਦਾ ਫਿਲਮਾਂਕਣ ਕਰਨਾ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਅਤੇ ਇਸ ਘਟਨਾ ਨੇ ਵਿਸ਼ਵ ਭਰ ਦੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ

