ਕੈਪਟਨ ਅਮਰਵੇਲ,ਜੋ ਹੁਣ ਭਾਜਪਾ ‘ਤੇ ਜਾ ਚੜ੍ਹੀ : ਲਾਲ ਸਿੰਘ
ਪਰਨੀਤ ਕੌਰ ਤੇ ਕੈਪਟਨ ਨੇ ਸਨੌਰ ‘ਚ ਵੜਨ ਤੋਂ ਰੋਕਿਆ
ਮੇਰੇ ਮੂਹਰੇ ਲੜੇ ਪਰਨੀਤ ਕੌਰ ਜ਼ਮਾਨਤ ਹੋਵੇਗੀ ਜ਼ਬਤ
ਪਟਿਆਲਾ (ਮਧੂਸਾਰ ਬਿਊਰੋ) : ਮੰਡੀ ਬੋਰਡ ਦੇ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਲਾਲ ਸਿੰਘ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਲਾਲ ਸਿੰਘ ਨੇ ਅੱਜ ਪਟਿਆਲਾ ਵਿਖੇ ਸਥਿਤ ਆਪਣੀ ਸਰਕਾਰੀ ਰਿਹਾਇਸ਼ ਤੇ ਹਲਕਾ ਸਨੌਰ ਦੀਆਂ ਸੱਤਰ ਤੋਂ ਵੱਧ ਪੰਚਾਇਤਾਂ ਨੂੰ ਗ੍ਰਾਂਟਾਂ ਦੇ ਚੈੱਕ ਤਕਸੀਮ ਕਰਦਿਆਂ ਆਪਣੇ ਦਿਲ ਦਾ ਦਰਦ ਹਲਕਾ ਨਿਵਾਸੀਆਂ ਅੱਗੇ ਦੱਸਿਆ। ਲਾਲ ਸਿੰਘ ਨੇ ਕਿਹਾ ਕਿ ਅਮਰਿੰਦਰ ਸਿੰਘ ਕਾਂਗਰਸ ਲਈ ਅਮਰ ਵੇਲ ਸਾਬਤ ਹੋਇਆ, ਜਿਸਨੇ ਪਾਰਟੀ ਨੂੰ ਖਤਮ ਕਰਨ ਦਾ ਕੰਮ ਕੀਤਾ।ਲਾਲ ਸਿੰਘ ਨੇ ਕਿਹਾ ਨਵਜੋਤ ਸਿੰਘ ਸਿੱਧੂ ਨੇ ਪਾਰਟੀ ‘ਤੇ ਲਿਪਟੀ ਅਮਰ ਵੇਲ ਹਟਾ ਦਿੱਤੀ ਹੈ ਅਤੇ ਹੁਣ ਇਹ ਵੇਲ ਬੀਜੇਪੀ ਦੇ ਗਲ ਪਾ ਦਿੱਤੀ ਹੈ। ਲਾਲ ਸਿੰਘ ਨੇ ਕਿਹਾ ਕਿ ਕੈਪਟਨ ਨੇ ਇਕ ਪਰਿਵਾਰ ‘ਚ ਇਕ ਟਿਕਟ ਦਾ ਐਲਾਨ ਤਾਂ ਕੀਤਾ ਸੀ ਤਾਂ ਜੋ ਲਾਲ ਸਿੰਘ ਨੂੰ ਟਿਕਟ ਨਾ ਮਿਲ ਸਕੇ। ਉਨ੍ਹਾਂ ਕਿਹਾ ਕਿ ਅੱਜ ਤੱਕ ਪਾਰਟੀ ਤੋਂ ਟਿਕਟ ਮੰਗੀ ਨਹੀਂ ਪਰ ਇਸ ਵਾਰ ਟਿਕਟ ਜ਼ਰੂਰ ਮੰਗਾਂਗਾ।

ਇਸ ਦੌਰਾਨ ਲਾਲ ਸਿੰਘ ਨੇ ਪਰਨੀਤ ਕੌਰ ਨੂੰ ਵੀ ਚੁਣੌਤੀ ਦਿੱਤੀ ਕਿ ਆਪਣੀ ਹਾਰ ਦਾ ਕਾਰਨ ਦੱਸਣ ਵਾਲਿਆਂ ਦੀ ਜਮਾਨਤ ਜਬਤ ਕਰਕੇ ਦਿਖਾਈ ਜਾਵੇਗੀ।
ਲਾਲ ਸਿੰਘ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਨੀਤ ਕੌਰ ਨੇ ਉਨ੍ਹਾਂ ਨਾਲ ਧੱਕਾ ਕੀਤਾ ਹੈ ਹਲਕੇ ਵਿਚ ਆਉਣ ‘ਤੇ ਮਨਾਹੀ ਲਾਉਂਦਿਆਂ ਉਨ੍ਹਾਂ ਦੀ ਟਿਕਟ ਵੀ ਕੱਟ ਦਿੱਤੀ ਗਈ ਸੀ। ਇਥੋਂ ਤਕ ਕਿ ਪਰਨੀਤ ਕੌਰ ਨੇ ਆਪਣੀ ਹਾਰ ਦਾ ਕਾਰਨ ਵੀ ਮੈਨੂੰ ਹੀ ਦੱਸ ਦਿੱਤਾ ਸੀ। ਲਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਅਠਵੰਜਾ ਸਾਲ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਹੈ ਅਤੇ ਕਦੇ ਵੀ ਮੁੱਖ ਮੰਤਰੀ ਦਾ ਦਾਅਵਾ ਨਹੀਂ ਪੇਸ਼ ਕੀਤਾ ਪ੍ਰੰਤੂ ਫਿਰ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਡਰ ਰਿਹਾ, ਜਿਸ ਕਾਰਨ ਸਿਆਸੀ ਧੱਕਾ ਕੀਤਾ, ਅਫਸਰਾਂ ਨੂੰ ਵੀ ਕੋਈ ਗੱਲ ਨਾ ਸੁਨਣ ਦੇ ਹੁਕਮ ਦਿੱਤੇ ਸੀ। ਮੌਜੂਦਾ ਹਲਕਾ ਇੰਚਾਰਜ ਦਾ ਨਾਮ ਲਏ ਬਿਨਾਂ ਲਾਲ ਸਿੰਘ ਨੇ ਕਿਹਾ ਕਿ ਹਲਕੇ ਚ ਕਾਂਗਰਸੀਆਂ ਦੀ ਹੀ ਦੁਰਗਤੀ ਕੀਤੀ ਗਈ,ਕਿਸੇ ਦੀ ਸੁਣਵਾਈ ਨਹੀਂ ਹੋਈ। ਉਨਾ ਕਿਹਾ ਕਿ ਹਲਕਾ ਸਨੌਰ ਤੋੰ ਟਿਕਟ ਦੇਣਾ ਜਾਂ ਨਾ ਦੇਣਾ ਪਾਰਟੀ ਦੇ ਹੱਥ ਹੈ ਪਰ ਉਹ ਹਲਕਾ ਸਨੌਰ ਦੀ ਸੇਵਾ ਕਰਦੇ ਰਹੇ ਹਨ ਤੇ ਕਰਦੇ ਰਹਿਣਗੇ।

