ਦਿੱਲੀ ਮੋਰਚਿਆ ‘ਤੇ ਵਾਪਸ ਆਉਣ ਵਾਲੇ ਜੇਤੂ ਯੋਧਿਆਂ ਦੇ ਸਨਮਾਨ ਲਈ ਤਿਆਰੀਆਂ ਵਿੱਢੀਆਂ ; ਹਲਵਾਈਆਂ, ਢੋਲੀਆਂ ਨਾਲ ਸੰਪਰਕ ਸਾਧੇ।
ਪੰਜਾਬ ‘ਚ ਜਾਰੀ ਧਰਨਿਆਂ ‘ਚ ਵਿਆਹ ਵਰਗਾ ਮਾਹੌਲ; ਟਰਾਲੀਆਂ ‘ਚੋਂ ਉਤਰ ਕੇ ਕਿਸਾਨੀ ਗੀਤ ਗਾਉਦੀਂਆਂ ਧਰਨੇ ‘ਚ ਸ਼ਾਮਲ ਹੁੰਦੀਆਂ ਹਨ ਕਿਸਾਨ ਬੀਬੀਆਂ।
ਚੰਡੀਗੜ੍ਹ : (ਮਧੂਸਾਰ ਬਿਊਰੋ) ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਕਿਸਾਨ-ਅੰਦੋਲਨ ਦੀ ਮੁਅਤੱਲੀ ਤੋਂ ਬਾਅਦ ਕੱਲ੍ਹ 11 ਦਸੰਬਰ ਨੂੰ ਦਿੱਲੀ ਦੇ ਮੋਰਚਿਆਂ ਤੋਂ ਵਾਪਸ ਆਉਣ ਲਈ ਫਤਿਹ ਮਾਰਚ ਸ਼ੁਰੂ ਹੋਣਾ ਹੈ। ਅੱਜ ਧਰਨਿਆਂ ਵਿੱਚ ਦਿੱਲੀ ਤੋਂ ਵਾਪਸ ਆਉਣ ਵਾਲੇ ਯੋਧਿਆਂ ਦੇ ਢੁਕਵੇਂ ਸਨਮਾਨ ਲਈ ਵਿਚਾਰਾਂ ਹੋਈਆਂ। ਪਕਵਾਨਾਂ ਅਤੇ ਮਿਠਾਈਆਂ ਦੇ ਮੀਨੂ ਬਣਾਏ ਜਾ ਰਹੇ ਹਨ, ਹਲਵਾਈਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ,ਢੋਲੀਆਂ ਨੂੰ ਸੱਦੇ ਦਿੱਤੇ ਜਾ ਰਹੇ ਹਨ। ਵਲੰਟੀਅਰਾਂ ਦੀਆਂ ਡਿਉਟੀਆਂ ਲਾਈਆਂ ਜਾ ਰਹੀਆਂ ਹਨ। ਦਿੱਲੀ ਤੋਂ ਵਾਪਸ ਆਉਣ ਵਾਲਿਆਂ ਦੇ ਸਵਾਗਤ ਨੂੰ ਯਾਦਗਾਰੀ ਬਣਾਉਣ ਲਈ ਹਰ ਸੰਭਵ ਤਿਆਰੀ ਕੀਤੀ ਜਾ ਰਹੀ ਹੈ।
ਧਰਨਿਆਂ ਵਿੱਚ ਵਿਆਹ ਵਰਗਾ ਮਾਹੌਲ ਹੈ। ਸਭ ਦੇ ਚਿਹਰੇ ਖਿੜੇ ਹੋਏ ਹਨ। ਟਰਾਲੀਆਂ ਵਿਚੋਂ ਉਤਰ ਕੇ ਕਿਸਾਨ ਬੀਬੀਆਂ ਵਿਆਹ ਦੇ ਮੇਲ ਵਾਂਗ ਗੀਤ ਗਾਉਂਦੀਆਂ ਹੋਈਆਂ ਧਰਨਿਆਂ ‘ਚ ਸ਼ਾਮਲ ਹੁੰਦੀਆਂ ਹਨ। ਇਹ ਵੱਖਰੀ ਗੱਲ ਹੈ ਕਿ ਇਹ ਵਿਆਹ ਵਾਲੇ ਰਵਾਇਤੀ ਗੀਤ ਨਹੀਂ, ਸਗੋਂ ਕਿਸਾਨੀ ਸੰਘਰਸ਼ ਨਾਲ ਸਬੰਧਤ ਗੀਤ ਹੁੰਦੇ ਹਨ। ਜਿੱਤ ਦੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ। ਹਰੇਕ ਸ਼ਖਸ ਜਿੱਤ ਦਾ ਸਰੂਰ ਮਹਿਸੂਸ ਕਰ ਰਿਹਾ ਹੈ।

