ਸਮਾਣਾ ‘ਚ ਕਾਂਗਰਸ ਨੂੰ ਝਟਕਾ : ਕਾਂਗਰਸੀ ਕੌਂਸਲਰ ਪ੍ਰਦੀਪ ਸ਼ਰਮਾ, ਪ੍ਰਧਾਨ ਰਿੰਪੀ ਸਮੇਤ ਕਈ ਨੇਤਾ ਅਕਾਲੀ ਦਲ ‘ਚ ਸ਼ਾਮਲ
ਪਾਰਟੀ ਪ੍ਰਧਾਨ ਸੁਖਬੀਰ ਬਾਦਲ, ਸੁਰਜੀਤ ਸਿੰਘ ਰੱਖੜਾ ਨੇ ਕੀਤਾ ਸਨਮਾਨਿਤ
ਪਟਿਆਲਾ, 13 ਦਸੰਬਰ ((ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ): ਹਲਕਾ ਸਮਾਣਾ ਵਿੱਚ ਕਾਂਗਰਸ ਨੂੰ ਉਦੋਂ ਬਹੁਤ ਵੱਡਾ ਝਟਕਾ ਲੱਗਿਆ, ਜਦੋਂ ਸਮਾਣਾ ਦੇ ਮੌਜੂਦਾ ਸੀਨੀਅਰ ਕਾਂਗਰਸੀ ਕੌਂਸਲਰ ਪ੍ਰਦੀਪ ਸ਼ਰਮਾ, ਕਾਂਗਰਸ ਦੇ ਮਹਿਲਾ ਵਿੰਗ ਦੇ ਪ੍ਰਧਾਨ ਰਿੰਪੀ ਮੇਨਕਾ ਅਤੇ ਬ੍ਰਾਹਮਣ ਸਮਾਜ ਦੇ ਪ੍ਰਧਾਨ ਧਰਮਪਾਲ ਜੋਸ਼ੀ ਸਮੇਤ ਹੋਰ ਵੀ ਬਹੁਤ ਸਾਰੇ ਆਗੂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਕਬੂਲਦੇ ਹੋਏ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਨ੍ਹਾਂ ਨੂੰ ਸਨਮਾਨਿਤ ਕਰਦਿਆਂ ਆਖਿਆ ਕਿ ਪਾਰਟੀ ਇਨ੍ਹਾਂ ਨੇਤਾਵਾਂ ਨੂੰ ਪੂਰਾ ਮਾਣ ਸਨਮਾਨ ਦੇਵੇਗੀ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਕਪੂਰ ਚੰਦ ਬਾਂਸਲ ਵੀ ਹਾਜਰ ਸਨ।
ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਕਾਂਗਰਸ ਪਾਰਟੀ ਹੁਣ ਖਾਨਾਜੰਗੀ ਦਾ ਸ਼ਿਕਾਰ ਹੋ ਚੁੱਕੀ ਹੈ। ਕਾਂਗਰਸ ਦੇ ਵੱਡੇ ਵੱਡੇ ਨੇਤਾ ਆਪਸ ਵਿੱਚ ਕੁਰਸੀ ਦੇ ਲਈ ਲੜ ਰਹੇ ਹਨ। ਪੰਜਾਬ ਦੇ ਵਿਕਾਸ ਤੇ ਪਾਰਟੀ ਦੇ ਆਗੂਆਂ ਦੇ ਵੱਲ ਕਿਸੇ ਦਾ ਵੀ ਕੋਈ ਧਿਆਨ ਨਹੀਂ ਹੈ। ਇਸ ਲਈ ਪਾਰਟੀ ਦੇ ਨੇਤਾ ਅਕਾਲੀ ਦਲ ਤੇ ਬਸਪਾ ਦੀਆਂ ਚੰਗੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਰਹੇ ਹਨ ਤੇ ਪਾਰਟੀ ਅੰਦਰ ਸ਼ਾਮਲ ਹੋ ਰਹੇ ਹਨ। ਰੱਖੜਾ ਨੇ ਕਿਹਾ ਕਿ ਪਾਰਟੀ ਲਈ ਸਾਰਿਆਂ ਦੇ ਦਰਵਾਜੇ ਖੁਲੇ ਹਨ। ਕੋਈ ਵੀ ਇੱਥੇ ਆ ਕੇ ਲੋਕਾਂ ਦੀ ਸੇਵਾ ਕਰ ਸਕਦਾ ਹੈ, ਕਿਉਂਕਿ ਅਕਾਲੀ ਦਲ ਦਾ ਮਕਸਦ ਹੀ ਲੋਕਾਂ ਦੀ ਸੇਵਾ ਕਰਨਾ ਹੈ। ਰੱਖੜਾ ਨੇ ਆਖਿਆ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਸਰਕਾਰ ਬਣੇਗੀ। ਉਨ੍ਹਾਂ ਆਖਿਆ ਕਿ ਸਮਾਣਾ ਤੋਂ ਬਹੁਤ ਸਾਰੇ ਕਾਂਗਰਸੀ ਨੇਤਾ ਉਨ੍ਹਾਂ ਦੇ ਸੰਪਰਕ ਵਿੱਚ ਹਨ, ਜੋਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ।
ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਅੱਜ ਪ੍ਰਦੀਪ ਸ਼ਰਮਾ, ਧਰਮਪਾਲ ਜੋਸ਼ੀ ਤੇ ਰਿੰਪੀ ਮੇਨਕਾ ਆਪਣੇ ਸਾਥੀਆਂ ਸਮੇਤ ਪਾਰਟੀ ਅੰਦਰ ਸ਼ਾਮਲ ਹੋਏ ਹਨ, ਜਿਨ੍ਹਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਆਪਣੇ ਆਗੂਆਂ ਨੂੰ ਅੱਗੇ ਰਖਿਆ ਹੈ। ਉਨ੍ਹਾਂ ਕਿਹਾ ਕਿ ਹੁਣ ਅਕਾਲੀ ਦਲ ਤੇ ਬਸਪਾ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਕ ਵੱਡੀ ਜਿੱਤ ਦਰਜ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ, ਜੋਕਿ ਸੱਤਾ ‘ਚ ਆਉਂਦੀਆਂ ਹੀ ਲੋਕਾਂ ਨੂੰ ਬਣਦਾ ਇਨਸਾਫ ਦਿਵਾਏਗੀ। ਇਸ ਮੌਕੇ ਸਾਬਕਾ ਕੌਂਸਲਰ ਰਾਮ ਪੱਪੀ, ਜਤਿੰਦਰ ਹੈਪੀ ਢੀਂਗੜਾ, ਗੁਲਸ਼ਨ ਵਰਮਾ, ਜਗਜੀਤ ਸੋਨੀ ਪੀਏ ਅਤੇ ਹੋਰ ਵੀ ਨੇਤਾ ਹਾਜਰ ਸਨ।

