ਅੰਮ੍ਰਿਤਸਰਪੰਜਾਬ

ਕਿਸਾਨ ਅੰਦੋਲਨ ਦੀ ਸਫਲਤਾ ਲਈ ਉਪ ਮੁੱਖ ਮੰਤਰੀ ਰੰਧਾਵਾ ਨੇ ਹਰਮਿੰਦਰ ਸਾਹਿਬ ਪਹੁੰਚ ਕੇ ਕੀਤਾ ਵਾਹਿਗੁਰੂ ਦਾ ਸ਼ੁਕਰਾਨਾ

ਕਾਲੇ ਕਾਨੂੰਨਾਂ ਦੀ ਵਾਪਸੀ ਪੰਜਾਬੀਅਤ ਦੀ ਜਿੱਤ-ਰੰਧਾਵਾ

ਅੰਮ੍ਰਿਤਸਰ, 13 ਦਸੰਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਮਿਲੀ ਕਾਮਯਾਬੀ ਲਈ ਅੱਜ ਤੜਕੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਤੜਕੇ 4 ਵਜੇ ਦੇ ਕਰੀਬ ਸ੍ਰੀ ਦਰਬਾਰ ਸਾਹਿਬ ਪੁੱਜੇ ਸ. ਰੰਧਾਵਾ ਨੇ ਪਾਲਕੀ ਸਾਹਿਬ ਦੀ ਸੇਵਾ ਕੀਤੀ, ਕੀਰਤਨ ਸਰਵਣ ਕੀਤਾ ਅਤੇ ਹੁਕਮਨਾਮਾ ਸੁਣ ਕੇ ਵਾਪਸੀ ਲਈ ਚਾਲੇ ਪਾਏ। ਇਸ ਮੌਕੇ ਕਾਂਗਰਸ ਆਗੂ ਸ. ਭਗਵੰਤਪਾਲ ਸਿੰਘ ਸੱਚਰ ਤੇ ਹੋਰ ਆਗੂ ਵੀ ਉਨਾਂ ਨਾਲ ਹਾਜ਼ਰ ਸਨ। ਸ. ਰੰਧਾਵਾ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਸ੍ਰੀ ਗੁਰੂ ਰਾਮ ਦਾਸ ਜੀ ਦੀ ਅਪਾਰ ਕਿਰਪਾ ਨਾਲ ਸਾਡੇ ਕਿਸਾਨਾਂ ਨੂੰ ਸੰਘਰਸ਼ ਵਿਚ ਕਾਮਯਾਬੀ ਮਿਲੀ ਹੈ। ਉਨਾਂ ਕਿਹਾ ਕਿ ਮੋਦੀ ਸਰਕਾਰ ਜੋ ਕਿ ਆਪਣੇ ਅੱਖੜ ਰਵੀਈਏ ਕਰਕੇ ਜਾਣੀ ਜਾਂਦੀ ਹੈ, ਨੂੰ ਪੰਜਾਬ ਦੇ ਕਿਸਾਨਾਂ ਨੇ ਜਿਸ ਦ੍ਰਿੜਤਾ ਨਾਲ ਸੰਘਰਸ਼ ਕਰਕੇ ਕਾਲੇ ਕਾਨੂੰਨ ਵਾਪਸ ਲੈਣ ਲਈ ਮਜ਼ਬੂਰ ਕੀਤਾ ਹੈ, ਇਹ ਆਪਣੀ ਤਰਾਂ ਦੀ ਇਕਲੌਤੀ ਮਿਸਾਲ ਹੈ।

ਉਨਾਂ ਕਿਹਾ ਕਿ ਜਿਵੇਂ ਦੇਸ਼ ਦੀ ਅਜ਼ਾਦੀ ਵੇਲੇ ਪੰਜਾਬੀਆਂ ਨੇ ਅੱਗੇ ਹੋ ਕੇ ਕੁਰਬਾਨੀਆਂ ਦਿੱਤੀਆਂ ਸਨ, ਠੀਕ ਉਸੇ ਤਰਾਂ ਇੰਨਾ ਕਾਲੇ ਕਾਨੂੰਨਾਂ ਵਿਰੁੱਧ ਵੀ ਪੰਜਾਬ ਦੇ ਕਿਸਾਨ ਨੇ ਅੱਗੇ ਹੋ ਕੇ ਲੜਾਈ ਲੜੀ ਤੇ ਫਿਰ ਦੇਸ਼-ਵਿਦੇਸ਼ ਤੋਂ ਇੰਨਾਂ ਨੂੰ ਡੱਟਵੀਂ ਹਮਾਇਤ ਮਿਲੀ, ਜਿਸਨੇ ਇਹ ਕਾਨੂੰਨ ਵਾਪਸ ਲੈਣ ਲਈ ਸਰਕਾਰ ਨੂੰ ਮਜ਼ਬੂਰ ਕੀਤਾ। ਉਨਾਂ ਕਿਹਾ ਕਿ ਕੇਂਦਰ ਨੇ ਇਸ ਕਿਰਸਾਨੀ ਸੰਘਰਸ਼ ਨੂੰ ਫੇਲ੍ਹ ਕਰਨ ਲਈ ਕਈ ਚਾਲਾਂ ਵੀ ਚੱਲੀਆਂ, ਪਰ ਸੂਝਵਾਨ ਕਿਸਾਨਾਂ ਨੇ ਸਾਂਤੀਪੂਰਵਕ ਰਹਿੰਦੇ ਹੋਏ ਆਪਣਾ ਸੰਘਰਸ਼ ਜਾਰੀ ਰੱਖਿਆ ਤੇ ਜਿੱਤ ਵੱਲ ਵੱਧਦੇ ਗਏ। ਉਨਾਂ ਕਿਹਾ ਕਿ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਹੀ ਇੰਨਾ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੀ ਰਹੀ ਹੈ ਅਤੇ ਸੰਘਰਸ਼ ਦੌਰਾਨ ਵੀ ਅਸੀਂ ਕਿਸਾਨਾਂ ਨਾਲ ਖੜੇ ਰਹੇ ਹਾਂ। ਉਨਾਂ ਕਿਹਾ ਕਿ ਇਸ ਸੰਘਰਸ਼ ਵਿਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ, ਤਾਂ ਜੋ ਉਨਾਂ ਪਰਵਿਾਰਾਂ ਦੀ ਰੋਟੀ ਚੱਲਦੀ ਰਹੇ। ਉਨਾਂ ਕਿਹਾ ਕਿ ਮੈਂ ਕਿਸਾਨਾਂ ਦੀ ਕੁਰਬਾਨੀ, ਸੋਚ ਅਤੇ ਸੰਘਰਸ਼ ਨੂੰ ਸਿਜਦਾ ਕਰਦਾ ਹੋਇਆ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ ਕਿ ਪਰਮਾਤਮਾ ਸਾਡੇ ਅੰਨਦਾਤੇ ਨੂੰ ਖੁਸ਼ਹਾਲੀ ਬਖਸ਼ੇ।

Leave a Reply

Your email address will not be published. Required fields are marked *