ਸਿਆਸੀ ਪਾਰਟੀਆਂ ਨਾਲ ਗੱਠਜੋੜ ਬਾਰੇ ਸਹੀ ਸਮਾਂ ਆਉਣ ‘ਤੇ ਕਰਾਂਗੇ ਫ਼ੈਸਲਾ: ਸੁਖਦੇਵ ਢੀਂਡਸਾ
ਚੋਣਾਂ ‘ਚ ਕਿਸਾਨ ਜਥੇਬੰਦੀਆਂ ਤੋਂ ਮੰਗਾਂਗੇ ਸਾਥ
ਬੇਅਦਬੀ ਮੁੱਦੇ ਉੱਤੇ ਸਰਕਾਰਾਂ ਨਹੀਂ ਦੇ ਸਕੀਆਂ ਇਨਸਾਫ
ਸੁਖਬੀਰ ਬਾਦਲ ਦਾ ਦਲ ਨਕਲੀ ਅਕਾਲੀ ਦਲ ਬਣਿਆ
ਪਟਿਆਲਾ 13 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸਿਆਸੀ ਪਾਰਟੀਆਂ ਨਾਲ ਗੱਠਜੋੜ ਬਾਰੇ ਵਕਤ ਆਉਣ ‘ਤੇ ਪੱਤੇ ਖੋਲ੍ਹੇ ਜਾਣਗੇ ਅਤੇ ਪਾਰਟੀ ਨੇ ਕਿਸੇ ਸਿਆਸੀ ਜਥੇਬੰਦੀ ਨਾਲ ਕੋਈ ਗੱਠਜੋੜ ਬਾਰੇ ਫ਼ੈਸਲਾ ਨਹੀਂ ਕੀਤਾ ਉਨ੍ਹਾਂ ਕਿਹਾ ਕਿ ਜ਼ਰੂਰੀ ਨਹੀਂ ਕਿ ਪਾਰਟੀ ਗੱਠਜੋੜ ਕਰੇ। ਸਰਦਾਰ ਸੁਖਦੇਵ ਸਿੰਘ ਢੀਂਡਸਾ ਹਰਪਾਲ ਟਿਵਾਣਾ ‘ਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਮਨਾਏ ਜਾ ਰਹੇ ਸਥਾਪਨਾ ਦਿਵਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਦਿੱਲੀ ਫ਼ਤਿਹ ਕਰਕੇ ਪੰਜਾਬ ਪਰਤ ਰਹੇ ਕਿਸਾਨਾਂ ਨੂੰ ਸੰਘਰਸ਼ ਦੀ ਜਿੱਤ ਦੀ ਵਧਾਈ ਦਿੰਦਿਆਂ ਢੀਂਡਸਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਲਾਮਿਸਾਲੀ ਘੋਲ ਲੜਿਆ ਅਤੇ ਦੁਨੀਆਂ ਦੇ ਵਿੱਚ ਹੁਣ ਤਕ ਕੋਈ ਵੀ ਕਿਸਾਨ ਸੰਘਰਸ਼ ਵਰਗਾ ਕੋਈ ਸੰਘਰਸ਼ ਨਹੀਂ ਹੋਇਆ ਇਸ ਕਰਕੇ ਕਿਸਾਨ ਆਗੂ ਵਧਾਈ ਦੇ ਪਾਤਰ ਹਨ । ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹੱਕ ਵਿੱਚ ਪਾਰਟੀ ਵੱਲੋਂ ਜਲਦ ਹੀ ਇੱਕ ਰੈਜੂਲੇਸ਼ਨ ਵੀ ਪਾਸ ਕੀਤਾ ਜਾ ਰਿਹਾ।
ਸਵਾਲ ਦਾ ਜਵਾਬ ਦਿੰਦਿਆਂ ਸਰਦਾਰ ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਹੁਣ ਨਕਲੀ ਅਕਾਲੀ ਦਲ ਬਣ ਕੇ ਰਹਿ ਗਿਆ ਅਤੇ ਕੋਈ ਵੀ ਆਗੂ ਅਤੇ ਵਰਕਰ ਅਕਾਲੀ ਨਜ਼ਰ ਨਹੀਂ ਆਉਂਦਾ ਬਲਕਿ ਅਕਾਲੀਪੁਨਾ ਹੀ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਪੰਜਾਬ ਦੇ ਅਸਲ ਮੁੱਦਿਆਂ ਨੂੰ ਇਸ ਵਾਰ ਦੀਆਂ ਚੋਣਾਂ ‘ਚ ਜ਼ੋਰਦਾਰ ਢੰਗ ਨਾਲ ਉਠਾਏਗੀ। ਉਨ੍ਹਾਂ ਕਿਹਾ ਕਿ ਸਿਆਸਤ ਵਿੱਚ ਭਾਵੇਂ ਧਰਮ ਤੇ ਰਾਜਨੀਤੀ ਇਕੱਠੇ ਚੱਲਦੇ ਹਨ,ਪ੍ਰੰਤੂ ਹੁਣ ਧਰਮ ਹੇਠਾਂ ਜਾ ਚੁੱਕਿਆ ਤੇ ਰਾਜਨੀਤੀ ਚਮਕਦੀ ਵਿਖਾਈ ਦਿੰਦੀ ਹੈ ਜਿਸ ਨੂੰ ਅਸੀਂ ਤਰਜੀਹ ਨਹੀਂ ਦਿੰਦੇ। ਸ ਢੀਂਡਸਾ ਨੇ ਕਿਹਾ ਕਿ ਅਸੀਂ ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਿਆ ਕਿ ਹੁਣ ਪੰਥਕ ਸਿਧਾਂਤਾਂ ਦੀ ਕੋਈ ਗੱਲ ਨਹੀਂ ਰਹੀ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ਵਿਚ ਇਨਸਾਫ ਮਿਲਣਾ ਚਾਹੀਦਾ ਹੈ ਅਤੇ ਇਸ ਮੰਗ ਨੂੰ ਲੈ ਕੇ ੳੁਨ੍ਹਾਂ ਮੁੱਦਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਵੀ ਪਾਰਟੀ ਚ ਰਹਿੰਦਿਆਂ ਉਠਾਇਆ ਸੀ ,ਪਰ ਸਾਰਾ ਕੁਝ ਐਸਆਈਟੀ ਦੇ ਛੱਡ ਦਿੱਤਾ ਗਿਆ ਅਤੇ ਨਤੀਜਾ ਕੁਝ ਨਹੀਂ ਨਿਕਲਿਆ।
ਉਨ੍ਹਾਂ ਕਿਹਾ ਕਿ ਕੈਪਟਨ ਨੇ ਗੁਟਕਾ ਹੱਥਾਂ ਚ ਫੜ ਕੇ ਬੇਅਦਬੀ ਮਾਮਲੇ ਵਿਚ ਇਨਸਾਫ ਦੇਣ ਦੀ ਗੱਲ ਕੀਤੀ ਸੀ ਜੋ ਚਾਰ ਸਾਲਾਂ ‘ਚ ਪੂਰਾ ਨਹੀਂ ਹੋ ਸਕਿਆ ਅਤੇ ਹੁਣ ਚੰਨੀ ਸਰਕਾਰ ਵੀ ਦਮਗਜੇ ਮਾਰਦੀ ਫਿਰਦੀ ਹੈ ਪਰ ਦੋਸ਼ੀਆਂ ਨੂੰ ਹੁਣ ਤੱਕ ਫਡ਼ਿਆ ਨਹੀਂ ਜਾ ਸਕਿਆ। ਉਨ੍ਹਾਂ ਕਿਹਾ ਕਿ ਸਮਾਂ ਆਉਣ ਤੇ ਕਿਸਾਨ ਜਥੇਬੰਦੀਆਂ ਨਾਲ ਪਾਰਟੀ ਜ਼ਰੂਰ ਗੱਲਬਾਤ ਕਰੇਗੀ ਅਤੇ ਚੋਣਾਂ ਵਿੱਚ ਸਹਿਯੋਗ ਵੀ ਮੰਗੇਗੀ। ਇਕ ਸਵਾਲ ਦਾ ਜਵਾਬ ਦਿੰਦਿਆਂ ਸਰਦਾਰ ਢੀਂਡਸਾ ਨੇ ਕਿਹਾ ਕਿ ਬਸਪਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਨਾਲ ਕੀਤੇ ਗੱਠਜੋੜ ਦਾ ਨਤੀਜਾ ਸਿਫ਼ਰ ਰਹੇਗਾ ਢੀਂਡਸਾ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕਰਕੇ ਕੋਈ ਫ਼ਾਇਦਾ ਨਹੀਂ ਹੋਣ ਵਾਲਾ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਬਸਪਾ ਕੋਲ ਸਿਰਫ਼ ਪਛਤਾਵਾ ਹੀ ਰਹਿ ਜਾਵੇਗਾ।
ਇਸ ਮੌਕੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਅਗਾਮੀ ਚੋਣਾਂ ਵਿੱਚ ਮਾਝੇ ਦੀ ਧਰਤੀ ਤੋਂ ਅਕਾਲੀ ਦਲ ਅਕਾਲੀ ਦਲ ਦਾ ਸਫਾਇਆ ਹੋਵੇਗਾ।ਉਨ੍ਹਾਂ ਕਿਹਾ ਕਿ ਮਾਝੇ ਦੇ ਲੋਕਾਂ ਨੇ ਹਮੇਸ਼ਾ ਫੈਸਲਾਕੁਨ ਲੜਾਈ ਵਿੱਚ ਸਖ਼ਤ ਟੱਕਰ ਦਿੱਤੀ ਅਤੇ ਇਸ ਵਾਰ ਵੀ ਅਜਿਹਾ ਹੀ ਹੋਵੇਗਾ। ਗੱਲਬਾਤ ਕਰਦਿਆਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅੰਤ ਰਵਾਇਤਾਂ ਨੂੰ ਕਾਇਮ ਰੱਖਣ ਲਈ ਪਹਿਰਾ ਦੇਵੇਗਾ ਅਤੇ ਪੰਜਾਬ ਦੇ ਭਖਦੇ ਮੁੱਦਿਆਂ ਤੇ ਸਿਆਸਤ ਨੂੰ ਪਹਿਲ ਦੇਵੇਗਾ। ਪਰਮਿੰਦਰ ਢੀਂਡਸਾ ਨੇ ਕਿਹਾ ਕਿ ਪੰਜਾਬ ਨੂੰ ਰਾਜਧਾਨੀ ਦੁਆਉਣ ਦਾ ਹੱਕ,ਪਾਣੀਆਂ ਦਾ ਮਸਲੇ ਅਤੇ ਸਿੱਖ ਮੁੱਦਿਆਂ ਉੱਤੇ ਆਪਣਾ ਧਿਆਨ ਕੇਂਦਰਿਤ ਕਰੇਗਾ।

