ਪੰਜਾਬਪਟਿਆਲਾ

ਬਿਜਲੀ ਕਾਮਿਆਂ ਵੱਲੋਂ ਪੰਜਾਬ ਸਰਕਾਰ ਅਤੇ ਪਾਵਰ ਮੈਨੇਜਮੈਂਟ ਵਿਰੁੱਧ ਸੰਘਰਸ਼ ਦਾ ਐਲਾਨ

29 ਦਸੰਬਰ 2021 ਨੂੰ ਹੈਡ ਆਫਿਸ ਪਟਿਆਲਾ ਅੱਗੇ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ

1 ਦਸੰਬਰ ਨੂੰ ਸੂਬਾ ਪੱਧਰ ਤੇ ਬਿਜਲੀ ਦਫਤਰਾਂ ਅੱਗੇ ਰੋਸ ਰੈਲੀਆਂ ਕੀਤੀਆਂ ਜਾਣਗੀਆਂ।

19 ਦਸੰਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਖਰੜ ਵਿਖੇ ਪੰਜਾਬ ਯੂ.ਟੀ. ਮੁਲਾਜਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਦਿਤੇ ਜਾਣ ਵਾਲੇ ਧਰਨੇ ਵਿੱਚ ਬਿਜਲੀ ਕਾਮੇ ਸ਼ਮੂਲੀਅਤ ਕਰਨਗੇ।

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੀ.ਐਸ.ਈ.ਬੀ. ਇੰਪਲਾਈਜ ਜੁਆਇੰਟ ਫੋਰਮ ਦੇ ਸੱਦੇ ਤੇ ਬਿਜਲੀ ਮੁਲਾਜਮਾਂ ਦੀਆਂ ਪ੍ਰਮੁੱਖ ਜੱਥੇਬੰਦੀਆਂ ਸਮੇਤ ਭਰਾਤਰੀ ਜੱਥੇਬੰਦੀਆਂ ਪੰਜਾਬ ਸਰਕਾਰ ਤੇ ਪਾਵਰ ਮੈਨੇਜਮੈਂਟ ਵਿਰੁੱਧ 29 ਦਸੰਬਰ ਨੂੰ ਹੈਡ ਆਫਿਸ ਪਟਿਆਲਾ ਅੱਗੇ ਸੂਬਾ ਪੱਧਰੀ ਧਰਨਾ ਦੇ ਕੇ ਕਾਂਗਰਸ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ ਦੀ ਰਿਹਾਇਸ਼ ਵੱਲ ਰੋਸ ਮਾਰਚ ਕਰਕੇ ਮੰਗ ਪੱਤਰ ਦੇਣਗੀਆਂ। ਇਸ ਤੋਂ ਪਹਿਲਾਂ 21 ਦਸੰਬਰ ਨੂੰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਅਤੇ ਪੰਜਾਬ ਰਾਜ ਟਰਾਂਸਮਿਸ਼ਨ ਦੇ ਸਮੁੱਚੇ ਪੰਜਾਬ ਦੇ ਬਿਜਲੀ ਦਫਤਰਾਂ ਉਪ ਮੰਡਲ/ਮੰਡਲ ਪੱਧਰ ਅੱਗੇ ਪੰਜਾਬ ਸਰਕਾਰ ਵੱਲੋਂ ਜਾਰੀ ਮੁਲਾਜਮ ਵਿਰੋਧੀ ਸਰਕੂਲਰ ਸਾੜ ਕੇ ਰੋਸ ਰੈਲੀਆਂ ਕਰਨਗੇ। ਇਸ ਫੈਸਲੇ ਸਬੰਧੀ ਜੁਆਇੰਟ ਫੋਰਮ ਦੇ ਆਗੂਆਂ ਸਰਬ ਸਾਥੀ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਜਗਰੂਪ ਸਿੰਘ ਮਹਿਮਦਪੁਰ, ਬਲਵਿੰਦਰ ਸਿੰਘ ਸੰਧੂ, ਰਾਮਲੁਭਾਇਆ, ਹਰਜੀਤ ਸਿੰਘ, ਬਲਦੇਵ ਸਿੰਘ ਮੰਢਾਲੀ, ਹਰਪਾਲ ਸਿੰਘ, ਅਵਤਾਰ ਸਿੰਘ ਕੈਂਥ, ਜਗਦੀਪ ਸਿੰਘ ਸਹਿਗਲ ਅਤੇ ਜਗਜੀਤ ਸਿੰਘ ਕੋਟਲੀ ਨੇ ਹੰਗਾਮੀ ਮੀਟਿੰਗ ਕਰਕੇ ਦੱਸਿਆ ਕਿ ਪੰਜਾਬ ਸਰਕਾਰ ਮੁਲਾਜਮ ਜੱਥੇਬੰਦੀਆਂ ਨਾਲ ਕੀਤੇ ਫੈਸਲਿਆਂ ਅਨੁਸਾਰ ਪੇ ਕਮਿਸ਼ਨ ਦੀ ਰਿਪੋਰਟ ਵਿੱਚ ਸੋਧ ਕਰਕੇ ਲਾਗੂ ਕਰਨ ਤੋਂ ਇਨਕਾਰੀ ਹੈ।

ਸਿਰਫ 113% ਡੀ.ਏ. ਤੇ 15% ਲਾਭ ਦੇਣ ਤੇ ਅੜੀ ਹੈ। ਡੀ.ਏ. ਦੀਆਂ ਬਕਾਇਆ ਕਿਸਤਾਂ ਸਮੇਤ ਏਰੀਅਰ ਦੇਣ ਤੋਂ ਇਨਕਾਰੀ ਹੈ। ਸਗੋਂ ਪਹਿਲਾਂ ਤੋਂ ਮਿਲਦੇ 27 ਭੱਤਿਆਂ ਨੂੰ ਖਤਮ ਕਰਨ, ਪੇਂਡੂ ਭੱਤੇ ਤੇ ਰੋਕ ਲਗਾਉਣ, ਕਨਵੀਨੀਐਂਸ ਅਲਾਊਂਸ, ਫਿਕਸ ਮੈਡੀਕਲ ਅਲਾਊਂਸ ਵਧਾਉਣ, ਨਵ ਨਿਯੁਕਤ ਮੁਲਾਜਮਾਂ ਦਾ ਪਰਖ ਕਾਲ ਸਮਾਂ ਘਟਾਉਣ ਦੀ ਥਾਂ 13.12.2021 ਨੂੰ ਸਰਕੂਲਰ ਜਾਰੀ ਕਰਕੇ ਪਰਖ ਕਾਲ ਮੁਲਾਜਮਾਂ ਦੀਆਂ ਤਨਖਾਹਾਂ ਘਟਾਉਣ, ਏਰੀਅਰ ਤੇ ਰੋਕ ਲਗਾਉਣ, ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਤੋਂ ਆਨਾਕਾਨੀ ਕਰ ਰਹੀ ਹੈ ਜਿਸ ਕਾਰਨ ਮੁਲਾਜਮਾਂ ਵਿੱਚ ਸਖਤ ਰੋਸ ਪਾਇਆ ਜਾ ਰਿਹਾ ਹੈ। ਪਾਵਰ ਮੈਨੇਜਮੈਂਟ ਵੀ ਜੁਆਇੰਟ ਫੋਰਮ ਨਾਲ ਕੀਤੇ ਸਮਝੋਤੇ ਲਾਗੂ ਕਰਨ ਦੀ ਥਾਂ ਟਾਲਮਟੋਲ ਦੀ ਨੀਤੀ ਅਪਣਾ ਰਹੀ ਹੈ।

ਜੱਥੇਬੰਦੀ ਦੇ ਵਫਦ ਨੇ ਅੱਜ ਸੀ.ਏ. ਜਤਿੰਦਰ ਗੋਇਲ ਡਾਇਰੈਕਟਰ ਵਿੱਤ ਪਾਵਰਕਾਮ ਪਟਿਆਲਾ ਨੂੰ ਮਿਲ ਕੇ ਮੁਲਾਜਮਾਂ ਦੇ ਰੋਸ ਤੋਂ ਜਾਣੂ ਕਰਵਾ ਦਿੱਤਾ ਹੈ ਕਿ ਪਾਵਰ ਮੈਨੇਜਮੈਂਟ ਮੁਲਾਜਮਾਂ ਅਤੇ ਪੈਨਸ਼ਨਰਾਂ ਦੇ ਤਨਖਾਹ ਸਕੇਲ ਸੋਧ ਕੇ ਲਾਗੂ ਨਹੀਂ ਕਰ ਰਹੀ ਅਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਮੁਲਾਜਮ ਪੱਖੀ ਸਰਕੂਲਰਾਂ ਨੂੰ ਅਪਣਾ ਕੇ ਲਾਗੂ ਕਰ ਰਹੀ ਹੈ। ਟਰਾਂਸਕੋ ਮੈਨੇਜਮੈਂਟ ਮੁਲਾਜਮਾਂ ਦਾ ਛੁੱਟੀ ਸਮਾਂ ਰੈਗੂਲਰ ਕਰਨ ਵਿੰਚ ਦੇਰੀ ਕਰ ਰਹੀ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਪਾਵਰ ਮੈਨੇਜਮੈਂਟ ਜੂਨੀਅਰ ਇੰਜੀਨੀਅਰ, ਜੁਆਇੰਟ ਐਕਸ਼ਨ ਕਮੇਟੀ ਅਕਾਊਂਟਸ ਅਤੇ ਹੋਰ ਜੱਥੇਬੰਦੀਆਂ ਨਾਲ ਕੀਤੇ ਸਮਝੋਤੇ ਅਨੁਸਾਰ ਮੰਨੀਆਂ ਮੰਗਾਂ ਲਾਗੂ ਕਰੇ, ਉਨ੍ਹਾਂ ਕਿਹਾ ਕਿ ਜੇਕਰ ਮੈਨੇਜਮੈਂਟ ਨੇ ਜੁਆਇੰਟ ਫੋਰਮ ਨਾਲ ਹੋਏ ਸਮਝੋਤੇ ਅਨੁਸਾਰ 32 ਨੁਕਤੀ ਮੰਗ ਪੱਤਰ ਅਨੁਸਾਰ ਮੰਨੀਆਂ ਮੰਗਾਂ ਹੂ ਬ ਹੂ ਲਾਗੂ ਨਾ ਕੀਤੀਆਂ ਅਤੇ ਮ੍ਰਿਤਕਾਂ ਦੇ ਆਸ਼ਰਿਤਾਂ ਨੂੰ ਨੋਕਰੀ ਨਾ ਦਿੱਤੀ ਤਾਂ ਬਿਜਲੀ ਕਾਮੇ ਸੰਘਰਸ਼ ਨੂੰ ਹੋਰ ਤੇਜ ਕਰਨਗੇ।

Leave a Reply

Your email address will not be published. Required fields are marked *