ਪੰਜਾਬਪਟਿਆਲਾ

ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬੰਧਤ ਇਤਿਹਾਸਕ ਸ੍ਰੋਤਾਂ ਅਤੇ ਸਥਾਨਾਂ ਦਾ ਸਰਵੇਖਣ ਕਰਨ ਲਈ ਉਲੀਕੇ ਪ੍ਰੋਜੈਕਟ ਦਾ ਰਸਮੀ ਤੌਰ ‘ਤੇ ਉਦਘਾਟਨ ਕੀਤਾ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਕਾਰਜਸ਼ੀਲ ਗੁਰੂ ਗੋਬਿੰਦ ਸਿੰਘ ਚੇਅਰ ਵਲੋਂ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬੰਧਤ ਇਤਿਹਾਸਕ ਸ੍ਰੋਤਾਂ ਅਤੇ ਸਥਾਨਾਂ ਦਾ ਸਰਵੇਖਣ ਕਰਨ ਲਈ ਉਲੀਕੇ ਪ੍ਰੋਜੈਕਟ ਦਾ ਡਾ. ਅਰਵਿੰਦ, ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਰਸਮੀ ਤੌਰ ‘ਤੇ ਉਦਘਾਟਨ ਕੀਤਾ। ਇਨ੍ਹਾਂ ਨੇ ਖੋਜ ਪ੍ਰੋਜੈਕਟ ਕਰਨ ਜਾ ਰਹੇ ਸਰਵੇਖਕਾਂ ਨੂੰ ਆਸ਼ੀਰਵਾਦ ਦਿੰਦਿਆ ਕਿਹਾ ਕਿ ਨਵੀਆਂ ਤਕਨੀਕਾਂ ਦੀ ਸਹਾਇਤਾ ਨਾਲ ਖੋਜ ਕਾਰਜ ਕੀਤਾ ਜਾਵੇ। ਉਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਨਾਲ-ਨਾਲ ਉਨ੍ਹਾਂ ਦੇ ਜੀਵਨ ਅਤੇ ਬਾਣੀ ਸੰਬੰਧੀ ਖੋਜ ਕਾਰਜ ਕਰਨ ਲਈ ਪ੍ਰੇਰਿਆ ਅਤੇ ਕਿਹਾ ਕਿ ਇਹ ਕੋਸ਼ਿਸ ਕੀਤੀ ਜਾਵੇ ਕਿ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬਵੰਧਿਤ ਸਥਾਨਾਂ ਦੀ ਜਾਣਕਾਰੀ ਇੰਟਰਨੈਟ ਰਾਹੀਂ ਪੂਰੀ ਦੁਨੀਆ ਤੇ ਪਹੁੰਚਾਉਣ ਲਈ ਨਵੀਆਂ ਤਕਨੀਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਡਾ. ਗੁਰਮੀਤ ਸਿੰਘ ਸਿੱਧੂ, ਪ੍ਰੋਫੈਸਰ ਇੰਚਾਰਜ, ਗੁਰੂ ਗੋਬਿੰਦ ਸਿੰਘ ਚੇਅਰ, ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਇਸ ਖੋਜ ਪ੍ਰੋਜੈਕਰ ਬਾਰੇ ਜਾਣਕਾਰੀ ਦਿੰਦਿਆ ਦਸਿਆ ਕਿ ਇਸ ਖੋਜ ਪ੍ਰੋਜੈਕਟ ਰਾਹੀਂ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬੰਧਤ ਸਥਾਨਾਂ ਦਾ ਇਤਿਹਾਸਕ ਅਤੇ ਮੌਖਿਕ ਸ੍ਰੋਤਾਂ, ਰਵਾਇਤਾਂ, ਗੁਰਮਤ ਦਰਸ਼ਨ ਅਤੇ ਗੁਰ ਇਤਿਹਾਸ ਦਾ ਤੁਲਨਾਤਮਕ ਅਧਿਐਨ ਕਰਕੇ ਭਰੋਸੇਯੋਗ ਸਮੱਗਰੀ ਤਿਆਰ ਕੀਤੀ ਜਾਵੇਗੀ। ਇਹ ਚਾਰ ਮਹੀਨਿਆਂ ਖੋਜ ਪ੍ਰੋਜੈਕਟ ਵਿਚ ਖੋਜੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬੰਧਤ ਇਤਿਹਾਸਕ ਸਥਾਨਾਂ ਦਾ ਸਰਵੇਖਣ ਕਰਨਗੇ। ਡਾ. ਬਰਿੰਦਰਪਾਲ ਸਿੰਘ, ਪ੍ਰੋਫੈਸਰ ਅਤੇ ਸਾਬਕਾ ਮੁਖੀ, ਸਿੱਖ ਵਿਸ਼ਵਕੋਸ਼ ਵਿਭਾਗ, ਨੇ ਖੋਜ ਵਿਧੀਆਂ ਨੂੰ ਸਮਝਣ ਅਤੇ ਖੇਤਰੀ ਖੋਜ ਦੀ ਮਹੱਤਤਾ ਦਰਸਾਉਂਦੇ ਹੋਏ ਆਪਣੇ ਨਿਜੀ ਅਨੁਭਵ ਤੋਂ ਜਾਣੂ ਕਰਵਾਇਆ। ਡਾ. ਮਿਹਰ ਸਿੰਘ ਗਿੱਲ, ਪ੍ਰੋਫੈਸਰ ਅਤੇ ਸਾਬਕਾ ਮੁਖੀ, ਜਿਓਗਰਾਫੀ ਵਿਭਾਗ, ਨੇ ਦਸਿਆ ਕਿ ਖੇਤਰੀ ਖੋਜ ਸਰਵੇਖਕ ਨੈਤਿਕ ਜ਼ੁੰਮੇਵਾਰ ਹੋਣ ਦੇ ਨਾਲ-ਨਾਲ ਆਪਣੇ ਦ੍ਰਿਸ਼ਟੀਕੋਣ ਨੂੰ ਵੀ ਵਿਸ਼ਾਲ ਕਰਦਾ ਹੈ ਜੋ ਉਸਦੇ ਅਕਾਦਮਿਕ ਖੇਤਰ ਵਿਚ ਹਮੇਸ਼ਾ ਸਹਾਈ ਹੁੰਦਾ ਹੈ।

ਇਸ ਦੇ ਨਾਲ ਹੀ ਇਨ੍ਹਾਂ ਨੇ ਕਿਹਾ ਖੋਜ ਖੇਤਰ ਵਿਚ ਕੁਝ ਵੀ ਅਖੀਰ ਨਹੀਂ ਹੈ, ਨਵੇਂ ਤੱਥਾਂ ਨੂੰ ਖੋਜ ਕੇ ਵਾਧਾ ਕਰਨ ਨਾ ਕਿ ਪਹਿਲਾਂ ਹੋਏ ਕਾਰਜਾਂ ਤੇ ਨਿਰਭਰ ਰਹਿਣਾ। ਡਾ. ਸੁਰਜੀਤ ਸਿੰਘ ਲੀ, ਪ੍ਰੋਫੈਸਰ ਅਤੇ ਸਾਬਕਾ ਮੁਖੀ, ਮਾਨਵ ਵਗਿਆਨ ਅਤੇ ਭਾਸ਼ਾ ਵਿਗਿਆਨ ਵਿਭਾਗ, ਨੇ ਮੌਖਿਕ ਅਤੇ ਲਿਖਤ ਪਰੰਪਰਾਵਾਂ ਦੀ ਗੱਲ ਕਰਦੇ ਹੋਏ ਸਰਵੇਖਕਾਂ ਨੂੰ ਦੋਵਾਂ ਹੀ ਸ੍ਰੋਤਾਂ ਨੂੰ ਅਧਾਰ ਬਣਾਕੇ ਖੋਜ ਕਰਨ ਲਈ ਦਸਿਆ। ਡਾ. ਸੁਖਦਿਆਲ ਸਿੰਘ, ਪ੍ਰੋਫੈਸਰ ਅਤੇ ਸਾਬਕਾ ਮੁਖੀ, ਪੰਜਾਬ ਇਤਿਹਾਸ ਵਿਭਾਗ, ਨੇ ਕਿਤਾਬੀ ਗਿਆਨ ਅਤੇ ਸਰਵੇਖਣ ਦੋਵਾਂ ਨੂੰ ਜ਼ਰੂਰੀ ਦਸਦਿਆਂ ਪੁਰਾਣੀਆਂ ਲਿਖਤਾਂ ਦੇ ਨਾਲ-ਨਾਲ ਉਨ੍ਹਾਂ ਥਾਵਾਂ ਨੂੰ ਅੱਖੀ ਦੇਖਣ ਅਤੇ ਮਹਿਸੂਸ ਕਰਨ ਉਪਰੰਤ ਮੁਲਾਂਕਣ ਕਰਨ ਲਈ ਸੁਝਾਅ ਦਿੱਤੇ। ਡਾ. ਪਰਮਵੀਰ ਸਿੰਘ, ਪ੍ਰੋਫੈਸਰ ਅਤੇ ਮੁਖੀ ਸਿੱਖ ਵਿਸਵਕੋਸ਼ ਵਿਭਾਗ, ਨੇ ਪੁਰਾਣੇ ਸਮੇਂ ਵਿਚ ਹੋਏ ਖੇਤਰੀ ਖੋਜ ਕਾਰਜਾਂ ਸੰਬੰਧੀ ਆਈਆਂ ਸਮਸਿਆਵਾਂ ਦਾ ਜ਼ਿਕਰ ਕੀਤਾ ਅਤੇ ਨਾਲ ਹੀ ਐਟਲਸ ਜਾਂ ਰੂਟ ਨਕਸ਼ਾ ਬਣਾਉਣ ਲਈ ਸਰਕਾਰੀ ਰਿਕਾਰਡ ਦੇਖਣ ਨੂੰ ਜ਼ਰੂਰੀ ਦਸਿਆ। ਡਾ. ਗੁਰਮੇਲ ਸਿੰਘ, ਅਸਿਸਟੈਂਟ ਪ੍ਰੋਫੈਸਰ, ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ, ਨੇ ਸਿੱਖ ਇਤਿਹਾਸਕ ਸ੍ਰੋਤਾਂ ਅਤੇ ਖੇਤਰੀ ਖੋਜ ਸੰਬੰਧੀ ਹੋਏ ਕਾਰਜਾਂ ਬਾਰੇ ਜਾਣੂ ਕਰਵਾਇਆ। ਅਖੀਰ ਵਿਚ ਡਾ. ਗੁਰਮੀਤ ਸਿੰਘ ਸਿੱਧੂ, ਪ੍ਰੋਫੈਸਰ ਇੰਚਾਰਜ, ਗੁਰੂ ਗੋਬਿੰਦ ਸਿੰਘ ਚੇਅਰ ਵਲੋਂ ਆਏ ਮਹਿਮਾਨਾਂ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ।

Leave a Reply

Your email address will not be published. Required fields are marked *