ਡਾ. ਗੁਰਨਾਮ ਸਿੰਘ ਦੇ ਸੰਗੀਤਮਈ ਆਡੀਓ ਵਿਜ਼ੂਅਲ ਗਾਇਨ ਦੇ ਪ੍ਰੋਜੈਕਟ ਨੂੰ ਰਿਲੀਜ਼ ਕੀਤਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗੁਰੂ ਤੇਗ ਬਹਾਦਰ ਹਾਲ ਵਿੱਚ ਜੋਗੀ ਅੱਲ੍ਹਾ ਯਾਰ ਖ਼ਾਂ ਦੀ ਰਚਨਾ ਸ਼ਹੀਦਾਨਿ ਵਫ਼ਾ ਦੇ ਐਜੂਕੇਸ਼ਨ ਐਂਡ ਅਵੇਅਰਨੈੱਸ ਕੌਂਸਲ, ਯੂ.ਐਸ.ਏ. ਵਲੋਂ ਤਿਆਰ ਕੀਤੇ ਗਏ ਡਾ. ਗੁਰਨਾਮ ਸਿੰਘ ਦੇ ਸੰਗੀਤਮਈ ਆਡੀਓ ਵਿਜ਼ੂਅਲ ਗਾਇਨ ਦੇ ਪ੍ਰੋਜੈਕਟ ਨੂੰ ਪ੍ਰਮੁੱਖ ਸ਼ਖਸੀਅਤਾਂ ਅਤੇ ਵੱਡੀ ਗਿਣਤੀ ਵਿਚ ਹਾਜ਼ਰ ਵਿਦਵਾਨਾਂ, ਅਧਿਆਪਕਾ, ਵਿਦਿਆਰਥੀਆਂ ਅਤੇ ਹੋਰ ਸੰਗਤਾਂ ਦੀ ਹਾਜ਼ਰੀ ਵਿਚ ਰਿਲੀਜ਼ ਕੀਤਾ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਵਾਈਸ ਚਾਂਸਲਰ ਡਾ. ਅਰਵਿੰਦ ਹਾਜ਼ਰ ਸਨ। ਇਸ ਸੰਗੀਤਮਈ ਪ੍ਰੋਜੈਕਟ ਵਿਚ ਜੋਗੀ ਅੱਲ੍ਹਾ ਯਾਰ ਖ਼ਾਂ ਦੀ ਪਰਸ਼ੀਅਨ ਤੇ ਉਰਦੂ ਭਾਸ਼ਾ ਵਿਚ ਰਚਿਤ ਸ਼ਾਇਰਾਨਾ ਰਚਨਾ ਨੂੰ ਵੱਖ ਵੱਖ ਭਾਸ਼ਾਵਾਂ ਵਿਚ ਇਕ ਪੁਸਤਕ ਵਜੋਂ ਤਿਆਰ ਕੀਤਾ ਗਿਆ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਅਤੇ ਸਮੂਹ ਸੰਗਤਾਂ ਇਸ ਲਾਸਾਨੀ ਸ਼ਹਾਦਤ ਦੇ ਸੋਗਮਈ ਬਿਆਨ ਨੂੰ ਸ਼ਿਦਤ ਨਾਲ ਮਹਿਸੂਸ ਕਰ ਸਕਣ। ਸਮਾਗਮ ਦੌਰਾਨ ਵਾਈਸ ਚਾਂਸਲਰ ਡਾ. ਅਰਵਿੰਦ ਨੇ ਡਾ. ਗੁਰਨਾਮ ਸਿੰਘ ਦੇ ਇਸ ਬਿਰਤਾਂਤਮਈ ਪ੍ਰੋਜੈਕਟ ਦੀ ਭਰਪੂਰ ਸ਼ਲਾਘਾ ਕਰਦਿਆਂ ਆਉਣ ਵਾਲੀ ਪੀੜ੍ਹੀ ਲਈ ਇਤਿਹਾਸਕ, ਅਦੁੱਤੀ, ਪਰਉਪਕਾਰੀ ਅਤੇ ਵਿਰਾਸਤੀ ਐਲਾਨਦਿਆਂ ਆਸ ਪ੍ਰਗਟ ਕੀਤੀ ਕਿ ਇਸ ਸੰਗੀਤਮਈ ਪ੍ਰੋਜੈਕਟ ਨਾਲ ਸਿੱਖ ਸ਼ਹਾਦਤਾਂ ਪ੍ਰਤੀ ਪੁਨਰ ਜਾਗਰਣ ਦੀ ਲਹਿਰ ਆਰੰਭ ਹੋਵੇਗੀ। ਉਨਾਂ ਕਿਹਾ ਕਿ ਸਿੱਖ ਧਰਮ ਵਿੱਚ ਸਾਹਿਬਜਾਦਿਆਂ ਦੀ ਅਦੁੱਤੀ ਸ਼ਹਾਦਤ ਦੇ ਇਤਿਹਾਸ ‘ਤੇ ਜੋ ਸਿੱਕੇਬੰਦ ਕੰਮ ਹੋਣਾ ਚਾਹੀਦਾ ਸੀ, ਉਹ ਡਾ. ਗੁਰਨਾਮ ਸਿੰਘ ਵਲੋਂ ਕੀਤਾ ਗਿਆ ਹੈ। ਅਜਿਹੇ ਇਤਿਹਾਸਿਕ ਕੰਮ ਹੋਰ ਹੋਣੇ ਚਾਹੀਦੇ ਹਨ। ਯੂਨੀਵਰਸਿਟੀ ਨੂੰ ਹਮੇਸ਼ਾ ਡਾ. ਗੁਰਨਾਮ ਸਿੰਘ ‘ਤੇ ਮਾਣ ਰਹੇਗਾ।

ਡੀਨ ਫੈਕਲਟੀ ਆਫ ਆਰਟ ਐਂਡ ਕਲਚਰ ਡਾ. ਰਾਜਿੰਦਰ ਸਿੰਘ ਗਿੱਲ ਨੇ ਸਮਾਗਮ ਵਿਚ ਪਹੁੰਚੀਆਂ ਵਿਦਵਾਨ ਸ਼ਖਸੀਅਤਾਂ ਦਾ ਵਿਸ਼ੇਸ਼ ਤੌਰ ‘ਤੇ ਸੁਆਗਤ ਕੀਤਾ। ਉਪਰੰਤ ਜੋਗੀ ਅੱਲ੍ਹਾ ਯਾਰ ਖ਼ਾਂ ਦੀ ਰਚਨਾ ਸ਼ਹੀਦਾਨਿ ਵਫ਼ਾ ਦੇ ਆਡੀਓ ਵਿਜ਼ੂਅਲ ਪ੍ਰੋਜੈਕਟ ਨੂੰ ਵਿਖਾਇਆ ਗਿਆ ਅਤੇ ਇਸ ਪ੍ਰੋਜੈਕਟ ਨੂੰ ਪਹੁੰਚੀਆਂ ਸ਼ਖਸੀਅਤਾਂ ਵਲੋਂ ਰਿਲੀਜ਼ ਕੀਤਾ ਗਿਆ।
ਪ੍ਰੋਜੈਕਟ ਦੇ ਕਰਤਾ ਡਾ. ਗੁਰਨਾਮ ਸਿੰਘ ਨੇ ਪ੍ਰੋਜੈਕਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਕਿਹਾ ਕਿ ਇਸ ਪ੍ਰੋਜੈਕਟ ਨਾਲ ਗੁਰੂ ਦੇ ਸੰਗੀਤ ਗੁਰਮਤਿ ਸੰਗੀਤ ਵਾਂਗੂ ਗੁਰੂਆਂ ਦੇ ਸਿੱਖ ਇਤਿਹਾਸ ਦੇ ਬਿਰਤਾਂਤਮਈ ਸਿੱਖ ਸਰੋਤਾਂ ਦੇ ਗਾਇਨ ਦੀ ਪਰੰਪਰਾ ਸਿੱਖ ਬਿਰਤਾਂਤਿਕ ਸੰਗੀਤ ਦੀ ਇਸ ਨਵੀਂ ਸੰਗੀਤ ਪ੍ਰਣਾਲੀ ਦਾ ਅੱਜ ਆਰੰਭ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਵਿਚ ਜੋਗੀ ਅੱਲ੍ਹਾ ਯਾਰ ਖ਼ਾਂ ਦੀ ਰਚਨਾ ਸ਼ਹੀਦਾਨਿ ਵਫ਼ਾ ਦੀ ਰਚਨਾ ਦੀ ਰਿਕਾਰਡਿੰਗ ਕੁਲ 2.30 ਘੰਟੇ ਦੀ ਸੀ ਜਿਸ ਨੂੰ ਵੱਖ ਵੱਖ ਵਿਦਵਾਨਾਂ ਦੇ ਸੁਝਾਵਾਂ ਉਪਰੰਤ ਐਡਿਟ ਕਰਕੇ 1.00 ਘੰਟੇ ਦੀ ਆਡੀਓ ਵਿਜ਼ੂਅਲ ਫਿਲਮ ਦੇ ਰੂਪ ਵਿਚ ਤਿਆਰ ਕੀਤਾ ਗਿਆ ਹੈ। ਇਸ ਮੌਕੇ ਹਾਜਰ ਸਖਸ਼ੀਅਤਾਂ ਵਿੱਚ ਡੀਨ ਅਕਾਦਮਿਕ ਡਾ. ਬੀ.ਐਸ.ਸੰਧੂ, ਡੀਨ ਕਾਲਜ਼ਿਜ਼ ਡਾ. ਗੁਰਪ੍ਰੀਤ ਸਿੰਘ ਲਹਿਲ, ਸਾਬਕਾ ਰਜਿਸਟਰਾਰ ਡਾ. ਦਵਿੰਦਰ ਪਾਲ ਸਿੰਘ, ਡਾ. ਅੰਬਾਲਿਕਾ ਮੁਖੀ ਫਾਈਨ ਆਰਟ, ਡਾ. ਇੰਦਰਾ ਬਾਲੀ ਮੁਖੀ ਡਾਂਸ ਵਿਭਾਗ, ਡਾ. ਜਸਪਾਲ ਦਿਓਲ ਮੁਖੀ ਥੀਏਟਰ ਵਿਭਾਗ, ਡਾ. ਅਲੰਕਾਰ ਸਿੰਘ ਇੰਚਾਰਜ ਗੁਰਮਤਿ ਸੰਗੀਤ ਚੇਅਰ, ਡਾ. ਪਰਮੀਤ ਕੌਰ, ਯੂਨੀਵਰਸਿਟੀ ਮਾਡਲ ਸਕੂਲ ਤੋਂ ਪ੍ਰਿੰਸੀਪਲ, ਸੰਗੀਤ ਅਧਿਆਪਕ ਸ. ਜਸਪਾਲ ਸਿੰਘ,ਡਾ. ਕੰਵਲਜੀਤ ਸਿੰਘ, ਸ. ਜਸਵੀਰ ਸਿੰਘ ਜਵੱਦੀ ਆਦਿ ਹਾਜਰ ਸਨ।

