ਪੰਡਿਤ ਭੀਮਸੇਨ ਸ਼ਰਮਾ ਨਾਲ ਆਨਲਾਈਨ ਸੰਵਾਦ ਰਚਾਇਆ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਗੁਰਮਤਿ ਸੰਗੀਤ ਚੇਅਰ ਵੱਲੋਂ ਸਰਬ ਅਕਾਲ ਮਿਊਜ਼ਿਕ ਸੁਸਾਇਟੀ ਆਫ਼ ਕੈਲਗਰੀ (ਕੈਨੇਡਾ) ਨਾਲ ਮਿਲ ਕੇ ਪ੍ਰਸਿੱਧ ਸ਼ਾਸਤਰੀ ਸੰਗੀਤਕਾਰ ਪੰਡਿਤ ਭੀਮਸੇਨ ਸ਼ਰਮਾ ਜੀ ਨਾਲ ਆਨਲਾਈਨ ਸੰਵਾਦ ਰਚਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸੋਸਾਇਟੀ ਦੇ ਪ੍ਰਧਾਨ ਸ. ਹਰਜੀਤ ਸਿੰਘ ਨੇ ਕੀਤੀ। ਗੁਰਮਤਿ ਸੰਗੀਤ ਚੇਅਰ ਦੇ ਇੰਚਾਰਜ ਡਾ. ਅਲੰਕਾਰ ਸਿੰਘ ਜੀ ਨੇ ਉਘੇ ਸ਼ਾਸ਼ਤਰੀ ਗਾਇਕ, ਵਾਗਿਆਕਾਰ ਪੰਡਿਤ ਭੀਮਸੇਨ ਸ਼ਰਮਾ ਜੀ, ਉਹਨਾਂ ਦੀ ਸੁਪਤਨੀ ਸ੍ਰੀਮਤੀ ਕ੍ਰਿਸ਼ਨਾ ਜੀ ਅਤੇ ਹੋਰ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ। ਉੱਘੇ ਸ਼ਾਸ਼ਤਰੀ ਗਾਇਕ ਨਾਲ ਸੰਵਾਦ ਰਚਾਉਣ ਲਈ ਪ੍ਰੋ. ਨਿਵੇਦਿਤਾ ਸਿੰਘ, ਮੁਖੀ ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਉਚੇਚੇ ਰੂਪ ਵਿਚ ਸ਼ਾਮਲ ਹੋਏ ਅਤੇ ਵਾਰਤਾਲਾਪ ਪ੍ਰੋਗਰਾਮ ਦੇ ਉਦੇਸ਼ ਬਾਰੇ ਸਰੋਤਿਆਂ ਨੂੰ ਜਾਣਕਾਰੀ ਦਿੱਤੀ।
ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਰਮਨਦੀਪ ਕੌਰ ਨੇ ਉਸਤਾਦ ਪੰ. ਭੀਮਸੇਨ ਸ਼ਰਮਾ ਬਾਰੇ ਸੰਖੇਪ ਜਾਣ-ਪਛਾਣ ਕਰਵਾਈ। ਪੰ. ਭੀਮਸੇਨ ਸ਼ਰਮਾ ਇੱਕ ਕੁਸ਼ਲ ਸ਼ਾਸ਼ਤਰਕਾਰ ਤੇ ਵਾਗਿਆਕਾਰ ਹਨ। ਆਪ ਜੀ ਨੇ ਮੁਢਲੀ ਤਾਲੀਮ ਆਪਣੇ ਵਾਲਿਦ ਪੰ. ਅਮਰਨਾਥ ਜੀ ਤੋਂ ਸ਼ੁਰੂ ਕੀਤੀ। ਸੰਗੀਤ ਦੀ ਵਿਧੀਵਤ ਤਾਲੀਮ ਕਰਤਾਰਪੁਰ ਦੇ ਵਿਖਿਆਤ ਕਲਾਕਾਰ ਪਿਆਰੇ ਲਾਲ ਪਾਸੋ ਪ੍ਰਾਪਤ ਕੀਤੀ। ਪੰਡਿਤ ਜੀ ਨੇ ਆਪਣੀ ਅਕਾਦਮਿਕ ਸਿੱਖਿਆ ਇਲਾਹਾਬਾਦ ਦੇ ਪ੍ਰਯਾਗ ਸੰਗੀਤ ਸਮਿਤੀ ਤੋਂ ਪ੍ਰ਼ਾਪਤ ਕੀਤੀ। ਇਥੇ ਹੀ ਆਪ ਜੀ ਨੇ ਪੰ. ਐਲ.ਐਨ. ਗੁਣੇ ਤੋਂ ਸੰਗੀਤ ਦੇ ਗੁਰ ਸਿੱਖੇ। ਆਪ ਜੀ ਨੇ ਅੱਠ ਸਾਲ ਪਟਿਆਲਾ ਘਰਾਣਾ ਦੇ ਸ੍ਰੀ ਕੁੰਦਨ ਲਾਲ ਭੂਤ ਹੋਰਾਂ ਤੋਂ, ਇੰਦੌਰ ਘਰਾਣੇ ਦੇ ਸੰਸਥਾਪਕ ਪੰਡਿਤ ਅਮੀਰ ਖਾਂ ਪਾਸੋ, ਕੈਲਾਸ਼ ਚੰਦਰ ਬ੍ਰਹਸਪਤੀ ਤੋਂ, ਪੰਡਿਤ ਦਲੀਪ ਚੰਦਰ ਬੇਦੀ ਅਤੇ ਹੋਰ ਅਨੇਕ ਉਸਤਾਦਾਂ, ਮਾਹਿਰਾਂ ਪਾਸੋਂ ਸੰਗੀਤ ਦੀ ਤਾਲੀਮ ਲੈਣ ਦਾ ਸੁਭਾਗ ਪ੍ਰਾਪਤ ਹੋਇਆ। ਆਪ ਜੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੀ ਸਥਾਪਨਾ ਵਿਚ ਅਹਿਮ ਯੋਗਦਾਨ ਪਾਇਆ ਅਤੇ ਬਤੌਰ ਮੁਖੀ ਆਪਣੀਆਂ ਸੇਵਾਵਾਂ ਦਿੱਤੀਆਂ।
ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ,ਚੰਡੀਗੜ੍ਹ, ਹਿਮਾਚਲ ਯੂਨੀਵਰਸਿਟੀ ਸ਼ਿਮਲਾ ਅਤੇ ਹੋਰ ਅਨੇਕ ਸੰਸਥਾਵਾਂ ਵਿਚ ਅਧਿਆਪਨ ਕਾਰਜ ਕੀਤਾ। ਆਪ ਜੀ ਦੇ ਅਨੇਕ ਸ਼ਾਗਿਰਦ ਉਚ ਕੋਟੀ ਦੇ ਸੰਗੀਤਕਾਰ ਹਨ। ਆਪ ਜੀ ਦੀਆਂ ਰਚਨਾਵਾਂ ‘ਗੁਰੂ ਰੰਗ’ ਉਪਨਾਮ ਨਾਲ ਪ੍ਰਸਿੱਧ ਹਨ। ਆਪ ਜੀ ਨੇ 113 ਰਾਗਾਂ ਦੀਆਂ ਸਵੈਰਚਿਤ ਬੰਦਿਸ਼ਾਂ ਦੀ ਪੁਸਤਕ ‘ਸਵਰ ਸੰਵਾਦ’ ਪਾਠਕਾਂ ਦੀ ਝੋਲੀ ਵਿਚ ਪਾਈ। ਆਪ ਆਕਾਸ਼ਵਾਣੀ ਦੇ ਪ੍ਰਵਾਣਿਤ ਕਲਾਕਾਰ ਹੋ। ਪ੍ਰੋਗਰਾਮ ਵਿਚ ਆਪਨੇ ਆਪਣੀ ਤਾਲੀਮ ਅਨੁਭਵ ਅਤੇ ਗਾਇਨ ਸਰੋਤਿਆਂ ਨਾਲ ਸਾਂਝਾ ਕੀਤਾ ਅਤੇ ਸੰਗੀਤ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਦੇ ਅੰਤ ਵਿਚ ਉਘੀ ਸ਼ਾਸ਼ਤਰੀ ਗਾਇਕਾ ਪ੍ਰੋ. ਨਿਵੇਦਿਤਾ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਪ੍ਰੋਗਰਾਮ ਵਿੱਚ ਡਾ. ਜਨਮਾਜਯ, ਡਾ. ਪੰਕਜਮਾਲਾ ਸ਼ਰਮਾ, ਇਕਬਾਲ ਹੁਸੈਨ, ਅਸ਼ਵਨੀ ਕੁਮਾਰ, ਸਰਿਤਾ ਭਾਟੀਯਾ, ਡਾ. ਕਮਲੇਸ਼ ਉਪਲ, ਸੁਨੰਦਾ ਸ਼ਰਮਾ ਅਤੇ ਹੋਰ ਸਰੋਤੇ ਵੱਡੀ ਗਿਣਤੀ ਵਿਚ ਜੁੜੇ।

