ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਇਕ ਦੋ-ਰੋਜ਼ਾ ਸੈਮੀਨਾਰ ਅਤੇ ਗੁਰਮਤਿ ਸਮਾਗਮ ਅਰੰਭ ਹੋਇਆ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਦੀ ਸਰਪ੍ਰਸਤੀ ਅਧੀਨ ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਇਕ ਦੋ-ਰੋਜ਼ਾ ਸੈਮੀਨਾਰ ਅਤੇ ਗੁਰਮਤਿ ਸਮਾਗਮ ਅਰੰਭ ਹੋਇਆ। ਪ੍ਰੋਗਰਾਮ ਦੀ ਆਰੰਭਤਾ ਯੂਨੀਵਰਿਸਟੀ ਧੁਨੀ ਨਾਲ ਹੋਈ, ਉਪਰੰਤ ਕੇਂਦਰ ਦੇ ਕੋਅਰਡੀਨੇਟਰ ਡਾ. ਪਰਮਵੀਰ ਸਿੰਘ ਨੇ ਹਾਜ਼ਰ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਯੂਨੀਵਰਸਿਟੀ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਸੰਬੰਧੀ ਯੂਨੀਵਰਸਿਟੀ ਵੱਲੋਂ ਆਯੋਜਿਤ ਕੀਤੇ ਗਏ ਸਮਾਗਮਾਂ ਸੰਬੰਧੀ ਜਾਣਕਾਰੀ ਦਿੱਤੀ।

ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਗੁਰਕੁਲ ਕਾਂਗੜੀ ਯੂਨੀਵਰਸਿਟੀ, ਹਰਿਦੁਆਰ ਦੇ ਵਾਈਸ-ਚਾਸਲਰ ਡਾ ਰੂਪ ਕਿਸ਼ੋਰ ਸ਼ਾਸਤਰੀ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ਮਾਨਵਤਾ ਦੇ ਸਾਂਝੇ ਰਹਿਬਰ ਸਨ ਜਿਨ੍ਹਾਂ ਦਾ ਭਾਰਤੀ ਪਰੰਪਰਾ ਦੇ ਇਤਿਹਾਸ ਅਤੇ ਦਰਸ਼ਨ ਵਿਚ ਵਿਸ਼ੇਸ਼ ਯੋਗਦਾਨ ਹੈ। ਜ਼ੁਲਮ ਅਤੇ ਬੁਰਾਈ ਨੂੰ ਖ਼ਤਮ ਕਰਨ ਲਈ ਗੁਰੂ ਸਾਹਿਬ ਨੇ ਸ਼ਹਾਦਤ ਦੇ ਕੇ ਮਾਨਵਤਾ ਨੂੰ ਬਚਾਉਣ ਦਾ ਜਿਹੜਾ ਕਾਰਜ ਕੀਤਾ, ਨਿਸਚਿਤ ਰੂਪ ਵਿਚ ਉਹ ਸੰਸਾਰ ਦੇ ਇਤਿਹਾਸ ਵਿਚ ਵਿਲੱਖਣ ਹੈ। ਗੁਰੂ ਸਾਹਿਬ ਦੁਆਰਾ ਦਰਸਾਏ ਮਾਰਗ ‘ਤੇ ਚੱਲ ਕੇ ਹੀ ਸਮਾਜਿਕ ਕਦਰਾਂ-ਕੀਮਤਾਂ ਨੂੰ ਬਚਾਇਆ ਜਾ ਸਕਦਾ ਹੈ।
ਇਸ ਮੌਕੇ ਅਲਪ ਸੰਖਿਅਕ ਆਯੋਗ, ਉਤਰਾਖੰਡ ਦੇ ਸਾਬਕਾ ਚੇਅਰਮੈਨ ਸ. ਨਰਿੰਦਰਜੀਤ ਸਿੰਘ ਬਿੰਦਰਾ ਨੇ ਗੁਰੂ ਤੇਗ਼ ਬਹਾਦਰ ਜੀ ਪ੍ਰਤਿ ਸ਼ਰਧਾ ਪ੍ਰਗਟ ਕਰਦੇ ਹੋਏ ਕਿਹਾ ਕਿ ਅਜਿਹੇ ਸਮਾਗਮ ਵਿਰਾਸਤ ਨਾਲ ਜੋੜਨ ਦੇ ਨਾਲ-ਨਾਲ ਭਾਈਚਾਰਕ ਸਾਂਝ ਪੈਦਾ ਕਰਦੇ ਹਨ। ਯੂਨੀਵਰਸਿਟੀ ਦੁਆਰਾ ਆਯੋਜਿਤ ਕੀਤਾ ਗਿਆ ਇਹ ਸਮਾਗਮ ਆਪਣੀ ਵਿਰਾਸਤ ਨਾਲ ਜੁੜਨ ਦਾ ਸ਼ਲਾਘਾਯੋਗ ਉਪਰਾਲਾ ਹੈ।

ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੀ ਪ੍ਰੋ. ਨਿਵੇਦਿਤਾ ਸਿੰਘ ਨੇ ਆਪਣੇ ਮੁੱਖ ਭਾਸ਼ਣ ਵਿਚ ਗੁਰਮਤਿ ਸੰਗੀਤ ਦੇ ਵਿਭਿੰਨ ਪਹਿਲੂਆਂ ਬਾਰੇ ਸਰਲ ਜਾਣਕਾਰੀ ਪ੍ਰਦਾਨ ਕਰਦੇ ਹੋਏ ਗੁਰੂ ਤੇਗ਼ ਬਹਾਦਰ ਜੀ ਦੀ ਵਿਭਿੰਨ ਰਾਗਾਂ ਵਿਚ ਮੌਜੂਦ ਬਾਣੀ ਬਾਰੇ ਭਾਵਪੂਰਤ ਵਿਚਾਰ ਪੇਸ਼ ਕੀਤੇ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਆਪਣੇ ਪ੍ਰਧਾਨਗੀ ਸ਼ਬਦ ਸਾਂਝੇ ਕਰਦੇ ਹੋਏ ਕਿਹਾ ਕਿ ਗੁਰੂ ਸਾਹਿਬ ਸਮੁੱਚੀ ਮਾਨਵਤਾ ਦੇ ਮਾਰਗ ਦਰਸ਼ਕ ਹਨ ਅਤੇ ਸ਼ਹਾਦਤ ਤੋਂ ਪਹਿਲਾਂ ਉਹਨਾਂ ਦੁਆਰਾ ਕੀਤੇ ਗਏ ਕਾਰਜ ਮਨੁੱਖੀ ਜੀਵਨ-ਆਦਰਸ਼ਾਂ ਦੀ ਪ੍ਰਾਪਤੀ ਲਈ ਪ੍ਰੇਰਨਾ ਸਰੋਤ ਹਨ ਜਿਨ੍ਹਾਂ ਨੂੰ ਸਾਹਮਣੇ ਲਿਆਉਣ ਲਈ ਯਤਨਸ਼ੀਲ ਹੋਣ ਦੀ ਲੋੜ ਹੈ। ਇਸਦੇ ਨਾਲ ਹੀ ਉਹਨਾਂ ਦੱਸਿਆ ਕਿ ਡਾ. ਬਲਬੀਰ ਸਿੰਘ ਸਾਹਿਤ ਕੇਂਦਰ ਨੂੰ ਇਸ ਢੰਗ ਨਾਲ ਮਜ਼ਬੂਤੀ ਪ੍ਰਦਾਨ ਕਰਨ ਦੀ ਲੋੜ ਹੈ ਜਿਸ ਵਿਚੋਂ ਪੰਜਾਬੀ, ਪੰਜਾਬੀਅਤ ਅਤੇ ਗੁਰੂ ਸਾਹਿਬਾਨ ਦੀ ਵਿਰਾਸਤ ਪ੍ਰਤੀ ਚੇਤਨਾ ਪੈਦਾ ਹੋਵੇ ਅਤੇ ਦੇਹਰਾਦੂਨ ਦੀ ਸੰਗਤ ਦੇ ਸਹਿਯੋਗ ਨਾਲ ਇਹ ਕਾਰਜ ਸੰਭਵ ਹੋ ਸਕਦਾ ਹੈ । ਡਾ. ਕੁਲਵਿੰਦਰ ਸਿੰਘ ਨੇ ਹਾਜ਼ਰ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਸਮਾਗਮ ਦੇ ਅਕਾਦਮਿਕ ਸੈਸ਼ਨ ਦੌਰਾਨ ਗੁਰਮਤਿ ਸੰਗੀਤ ਵਿਦਿਆਲਯ, ਰਿਸ਼ੀਕੇਸ਼ ਦੇ ਵਿਦਿਆਰਥੀਆਂ, ਡਾ ਨਿਵੇਦਿਤਾ ਸਿੰਘ, ਡਾ. ਕੰਵਲਜੀਤ ਸਿੰਘ, ਡਾ. ਅਲੰਕਾਰ ਸਿੰਘ, ਡਾ. ਅਰਸ਼ਪ੍ਰੀਤ ਸਿੰਘ ਰਿਦਮ, ਭਾਈ ਕੰਵਰਪਾਲ ਸਿੰਘ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਡਾ. ਸੁਰਜੀਤ ਸਿੰਘ ਰੁੜਕੀ ਨੇ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਆਦਰਸ਼ਾਂ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਉਹਨਾਂ ਦੀ ‘ਗੁਰੂ ਤੇਗ ਬਹਾਦਰ: ਜੀਵਨ ਕੀ ਕਲਾ’ ਵਿਸ਼ੇ ‘ਤੇ ਹਿੰਦੀ ਭਾਸ਼ਾ ਵਿਚ ਲਿਖੀ ਪੁਸਤਕ ਰਿਲੀਜ਼ ਕੀਤੀ ਗਈ। ਇਸ ਮੌਕੇ ਸ. ਦਵਿੰਦਰ ਸਿੰਘ ਮਾਨ, ਸ. ਬਰਜਿੰਦਰਪਾਲ ਸਿੰਘ, ਸ੍ਰੀ ਰਾਹੁਲ ਜੈਨ, ਸ. ਦਰਸ਼ਨ ਸਿੰਘ, ਡਾ. ਹਿੰਮਤ ਸਿੰਘ, ਡਾ. ਦਲਜੀਤ ਕੌਰ, ਸ. ਕਸ਼ਮੀਰ ਸਿੰਘ, ਸ. ਸੇਵਾ ਸਿੰਘ ਮਠਾਰੂ, ਸ. ਹਰਪਾਲ ਸਿੰਘ ਬਜਾਜ ਆਦਿ ਪ੍ਰਮੁੱਖ ਸ਼ਖ਼ਸੀਅਤਾਂ ਦੇ ਨਾਲ-ਨਾਲ ਪੰਜਾਬੀ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ, ਗੁਰਮਤਿ ਸੰਗੀਤ ਚੇਅਰ ਅਤੇ ਸੰਗੀਤ ਵਿਭਾਗ ਦੇ ਵਿਦਿਆਰਥੀ ਅਤੇ ਖੋਜਾਰਥੀ, ਨਿਰਮਲ ਆਸ਼ਰਮ ਰਿਸ਼ੀਕੇਸ਼ ਅਤੇ ਦੇਹਰਾਦੂਨ ਦੀਆਂ ਸੰਗੀਤ ਅਕੈਡਮੀਆਂ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।

