ਪੰਜਾਬ

ਪੰਜਾਬ ਦੇ ਇੰਜਨੀਅਰਾਂ ਵੱਲੋਂ 30 ਦਸੰਬਰ ਨੂੰ ਮੋਹਾਲੀ ਵਿਖੇ ਵਿਸ਼ਾਲ ਰੋਸ ਰੈਲੀ ਦਾ ਐਲਾਨ

ਮੋਹਾਲੀ, 22 ਦਸੰਬਰ (ਮਧੂਸਾਰ ਬਿਊਰੋ): ਪੰਜਾਬ ਦੇ ਸਮੂਹ ਵਿਭਾਗਾਂ ਦੇ ਇੰਜਨੀਅਰਾਂ ਵੱਲੋਂ 2 ਦਸੰਬਰ ਤੋਂ ਸ਼ੁਰੂ ਕੀਤੀ ਭੁੱਖ ਹੜਤਾਲ ਨੂੰ ਸੰਬੋਧਨ ਕਰਦਿਆਂ ਜੁਆਇੰਟ ਐਕਸ਼ਨ ਕਮੇਟੀ ਦੇ ਚੇਅਰਮੈਨ ਕਮ- ਕਨਵੀਨਰ ਇੰਜ ਸੁਖਮਿੰਦਰ ਸਿੰਘ ਲਵਲੀ ਅਤੇ ਇੰਜ ਮਨਜਿੰਦਰ ਸਿੰਘ ਮੱਤੇਨੰਗਲ ਨੇ ਕਿਹਾ 30 ਦਸੰਬਰ ਨੂੰ ਪੰਜਾਬ ਦੇ ਹਜ਼ਾਰਾਂ ਇੰਜਨੀਅਰ ਮੁਹਾਲੀ ਵਿਖੇ ਵਿਸ਼ਾਲ ਰੋਸ ਰੈਲੀ ਕਰਨਗੇ ਅਤੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ।ਇਸ ਸਬੰਧੀ ਅੱਜ ਮੋਹਾਲੀ ਵਿਖੇ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੇ ਸੂਬਾਈ ਆਗੂਆਂ ਇੰਜ ਦਵਿੰਦਰ ਸਿੰਘ ਸੇਖੋਂ ਇੰਜ ਦਿਲਪ੍ਰੀਤ ਸਿੰਘ ਲੋਹਟ ਨੇ ਦੱਸਿਆ ਕਿ ਪੰਜਾਬ ਦੇ ਇੰਜੀਨੀਅਰ ਪਿਛਲੇ 6 ਮਹੀਨਿਆਂ ਤੋਂ ਸੰਘਰਸ਼ ਦੇ ਰਾਹ ਤੇ ਹਨ ਅਤੇ ਲਗਾਤਾਰ ਮੋਹਾਲੀ ਵਿਖੇ ਭੁੱਖ ਹੜਤਾਲ ਤੇ ਹਨ।

ਸੂਬਾਈ ਆਗੂਆਂ ਇੰਜ ਕਰਮਜੀਤ ਸਿੰਘ ਬੀਹਲਾ, ਇੰਜ ਰਜਿੰਦਰ ਗੌੜ, ਇੰਜ ਕਮਰਜੀਤ ਸਿੰਘ ਮਾਨ , ਅਤੇ ਕਰਮਜੀਤ ਸਿੰਘ ਖੋਖਰ, ਨੇ ਕਿਹਾ ਕਿ ਪੰਜਾਬ ਦੇ ਛੇਵੇਂ ਪੇ ਕਮਿਸ਼ਨ ਨੇ ਜੂਨੀਅਰ ਇੰਜੀਨੀਅਰ ਦਾ 4800 ਗਰੇਡ ਪੇ ਅਤੇ ਹਰ ਮਹੀਨੇ ਮਿਲਦਾ 30 ਲੀਟਰ ਪੈਟਰੋਲ ਵੀ ਖੋਹ ਲਿਆ ਹੈ ਅਤੇ 2016 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਪਰਖ ਕਾਲ ਸਮੇਂ ਦਾ ਬਕਾਇਆ ਨਾਂ ਦੇਣ ਸਬੰਧੀ ਨਾਦਰਸ਼ਾਹੀ ਹੁਕਮ ਜਾਰੀ ਕੀਤਾ ਗਿਆ। ਇਸ ਕਾਰਨ ਇੰਜੀਨੀਅਰਾਂ ਵਿੱਚ ਭਾਰੀ ਰੋਸ ਹੈ। ਸਮੂਹ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਦੇ ਇੰਜੀਨੀਅਰਾਂ ਨਾਲ ਸਰਕਾਰ ਵੱਲੋਂ ਗੱਲਬਾਤ ਕਰਕੇ ਮਸਲਿਆਂ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਜੁਆਇੰਟ ਐਕਸ਼ਨ ਕਮੇਟੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਪੰਜਾਬ ਦੇ ਸਮੂਹ ਇੰਜਨੀਅਰਾਂ ਨੂੰ ਸੱਦਾ ਦਿੱਤਾ ਕਿ ਉਹ 30 ਦਸੰਬਰ ਨੂੰ ਮੁਹਾਲੀ ਵਿਖੇ ਵਹੀਰਾਂ ਘੱਤ ਕੇ ਰੈਲੀ ਵਿੱਚ ਪੁੱਜਣ।

Leave a Reply

Your email address will not be published. Required fields are marked *