ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 29ਵੀਂ ਵਾਰ ਲਗਾਤਾਰ ਕੁੱਲ ਹਿੰਦ ਅੰਤਰਵਰਸਿਟੀ ਮੁਕਾਬਲਿਆਂ ਲਈ ਕੁਆਲੀਫਾਈ ਕਰਕੇ ਸਿਰਜਿਆ ਇਤਿਹਾਸ
ਪਟਿਆਲਾ 27 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਖੇਡ ਵਿਭਾਗ ਪੰਜਾਬੀ ਯੂਨੀਵਰਸਿਟੀ ਵੱਲੋਂ ਡਾ. ਗੁਰਦੀਪ ਕੌਰ ਰੰਧਾਵਾ, ਖੇਡ ਨਿਰਦੇਸ਼ਿਕਾ ਅਤੇ ਡਾ. ਦਲਬੀਰ ਸਿੰਘ ਰੰਧਾਵਾ, ਸਹਾਇਕ ਨਿਰਦੇਸ਼ਕ ਅਤੇ ਸੀਨੀਅਰ ਫੁੱਟਬਾਲ ਕੋਚ ਦੀ ਦੇਖ-ਰੇਖ ਹੇਠ ਚੱਲ ਰਹੇ ਉੱਤਰ ਭਾਰਤੀ ਅੰਤਰਵਰਸਿਟੀ ਫੁੱਟਬਾਲ ਖੇਡ ਮੁਕਾਬਲਿਆ ਦੇ ਕੁਆਰਟਰ ਫਾਈਨਲ ਸਟੇਜ ਦੇ ਮੈਚਾਂ ਦੌਰਾਨ ਪੰਜਾਬੀ ਯੂਨੀਵਰਸਿਟੀ ਨੇ ਨਾਰਥ ਜ਼ੋਨ ਅੰਤਰਵਰਸਿਟੀ ਮੁਕਾਬਲਿਆਂ ਵਿਚੋਂ ਲਗਾਤਾਰ ਕੁਆਲੀਫਾਈ ਕਰਨ ਦਾ ਸਿਲਸਿਲਾ ਜ਼ਾਰੀ ਰਖਦੇ ਹੋਏ 29ਵੇਂ ਸਾਲ ਵੀ ਸਰਬ ਭਾਰਤੀ ਅੰਤਰਵਰਸਿਟੀ ਮੁਕਾਬਲਿਆਂ ਲਈ ਕੁਆਲੀਫਾਈ ਕਰ ਲਿਆ ਹੈ, ਜੋ ਕਿ ਆਪਣੇ ਆਪ ਵਿਚ ਇਕ ਇਤਿਹਾਸ ਹੈ। ਜ਼ਿਕਰਯੋਗ ਹੈ ਕਿ ਪਿਛਲੇ 28 ਸਾਲਾਂ ਤੋਂ ਪੰਜਾਬੀ ਯੂਨੀਵਰਸਿਟੀ ਦੀ ਫੁੱਟਬਾਲ ਟੀਮ ਸੀਨੀਅਰ ਕੋਚ ਅਤੇ ਸਹਾਇਕ ਨਿਰਦੇਸ਼ਕ ਖੇਡਾਂ ਡਾ. ਦਲਬੀਰ ਸਿੰਘ ਰੰਧਾਵਾ ਦੀ ਅਗਵਾਈ ਵਿਚ ਸਰਬ ਭਾਰਤੀ ਅੰਤਰਵਰਸਿਟੀ ਮੁਕਾਬਲਿਆਂ ਲਈ ਕੁਆਲੀਫਾਈ ਕਰਦੀ ਆ ਰਹੀ ਹੈ ਅਤੇ ਇਸ ਸਿਲਸਿਲੇ ਨੂੰ ਬਾਦਸਤੂਰ ਜਾਰੀ ਰਖਦਿਆਂ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਇਸ ਸਾਲ ਵੀ 29ਵੀਂ ਵਾਰ ਸਫਲਤਾ ਪ੍ਰਾਪਤ ਕੀਤੀ ਹੈ। ਜ਼ਿਕਰਯੋਗ ਹੈ ਕਿ ਮਿਤੀ 21 ਦਸੰਬਰ ਤੋਂ ਸ਼ੁਰੂ ਹੋਏ ਇਹਨਾਂ ਖੇਡ ਮੁਕਾਬਲਿਆਂ ਵਿੱਚ ਪੂਰੇ ਉੱਤਰੀ ਭਾਰਤ ਦੇ ਲਗਭਗ 70 ਯੂਨੀਵਰਸਿਟੀਆਂ ਦੇ ਫੁੱਟਬਾਲ ਖਿਡਾਰੀ ਹਿੱਸਾ ਲੈ ਰਹੇ ਹਨ।
ਅੱਜ ਹੋਏ ਕੁਆਰਟਰ ਫਾਈਨਲ ਮੈਚਾਂ ਵਿਚ ਪਹਿਲੇ ਮੈਚ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਅਮੇਟੀ ਯੂਨੀਵਰਸਿਟੀ ਨੋਇਡਾ ਉੱਤਰ ਪ੍ਰਦੇਸ਼ ਨੂੰ 3-1 ਨਾਲ ਹਰਾਇਆ। ਜੇਤੂ ਟੀਮ ਲਈ ਗੁਰਫਰੀਦਇੰਦਰਬੀਰ ਸਿੰਘ ਰੰਧਾਵਾ ਨੇ 17ਵੇਂ ਮਿੰਟ ਚ ਪਹਿਲਾ ਗੋਲ ਕੀਤਾ, ਜਦੋਂਕਿ 37ਵੇਂ ਮਿੰਟ ਵਿਚ ਚੇਤਨ ਕੁਮਾਰ ਨੇ ਦੂਸਰਾ ਗੋਲ ਕਰਕੇ ਪੰਜਾਬੀ ਯੂਨੀਵਰਸਿਟੀ ਲਈ ਬੜ੍ਹਤ ਬਣਾਈ। 72ਵੇਂ ਮਿੰਟ ਚ ਤੇਜਿੰਦਰ ਸਿੰਘ ਨੇ ਤੀਸਰਾ ਗੋਲ ਕੀਤਾ ਅਤੇ ਵਿਰੋਧੀ ਟੀਮ ਲਈ ਇਕਲੌਤਾ ਗੋਲ ਰੋਹਿਤ ਵੱਲੋਂ 65ਵੇਂ ਮਿੰਟ ਚ ਕੀਤਾ। ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਨੂੰ 3-0 ਨਾਲ ਹਰਾਉਂਦੇ ਹੋਏ ਪਹਿਲਾ ਗੋਲ 37ਵੇਂ ਮਿੰਟ, ਦੂਸਰਾ ਗੋਲ 55ਵੇਂ ਮਿੰਟ ਅਤੇ ਤੀਸਰਾ ਗੋਲ 82ਵੇਂ ਮਿੰਟ ਵਿਚ ਕਰਕੇ ਬਾਜੀ ਆਪਣੇ ਨਾਮ ਕੀਤੀ। ਚੌਥੇ ਕੁਆਰਟਰ ਫਾਈਨਲ ਮੈਚ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਜਾਮੀਆਂ ਮਿਲੀਆ ਇਸਲਾਮੀਆ ਯੂਨੀਵਰਸਿਟੀ ਨੂੰ 3-0 ਨਾਲ ਹਰਾਇਆ।
ਇਸੇ ਤਰ੍ਹਾਂ ਤੀਸਰੇ ਕੁਆਰਟਰ ਫਾਈਨਲ ਮੈਚ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਸੀ.ਟੀ.ਯੂਨੀਵਰਸਿਟੀ ਲੁਧਿਆਣਾ ਨੂੰ 2-0 ਦੇ ਗੋਲਾਂ ਨਾਲ ਹਰਾਉਂਦੇ ਹੋਏ ਪਹਿਲਾ ਗੋਲ 38ਵੇਂ ਮਿੰਟ ਅਤੇ ਦੂਜਾ ਗੋਲ 89ਵੇਂ ਮਿੰਟ ਵਿਚ ਕਰਕੇ ਮੈਚ ਦਾ ਰੁਖ ਆਪਣੇ ਨਾਂ ਕੀਤਾ। ਭਲਕੇ 28 ਦਸੰਬਰ ਨੂੰ ਹੋਣ ਵਾਲੇ ਲੀਗ ਮੁਕਾਬਲਿਆਂ ਦਾ ਸਮਾਂ ਸਵੇਰੇ 11 ਵਜੇ ਤੋਂ ਹੋਵੇਗਾ ਜਿਸ ਵਿਚ ਪਹਿਲਾ ਮੈਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਦੇ ਵਿਚਕਾਰ ਅਤੇ ਦੂਸਰਾ ਮੈਚ ਬਾਅਦ ਦੁਪਹਿਰ 2 ਵਜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚਕਾਰ ਖੇਡਿਆ ਜਾਵੇਗਾ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਾ. ਦਲਬੀਰ ਸਿੰਘ ਰੰਧਾਵਾ, ਸਹਾਇਕ ਨਿਰਦੇਸ਼ਕ ਖੇਡਾਂ ਨੇ ਦੱਸਿਆ ਕਿ ਮਿਤੀ 30 ਦਸੰਬਰ ਨੂੰ ਇਹਨਾਂ ਖੇਡ ਮੁਕਾਬਲਿਆਂ ਦੇ ਹੋਣ ਜਾ ਰਹੇ ਸਮਾਪਨ ਸਮਾਰੋਹ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਪੁਰਾਣੇ ਫੁੱਟਬਾਲ ਖਿਡਾਰੀ ਜੋ ਕਿ ਪੰਜਾਬ ਅਤੇ ਕੇਂਦਰ ਸਰਕਾਰ ਦੇ ਵੱਖ ਵੱਖ ਅਦਾਰਿਆਂ ਅਤੇ ਮਹਿਮਕਿਆਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ, ਨੂੰ ਉਚੇਚੇ ਤੌਰ ਤੇ ਮੁੱਖ ਮਹਿਮਾਨ ਮਾਣਯੋਗ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਹੁਣ ਤੱਕ 40 ਫੁੱਟਬਾਲ ਖਿਡਾਰੀ ਜੋ ਕਿ ਪੰਜਾਬੀ ਯੂਨੀਵਰਸਿਟੀ ਦੇ ਖੇਡ ਮੈਦਾਨਾਂ ਵਿੱਚ ਅਭਿਆਸ ਕਰਦੇ ਖਿਡਾਰੀ ਬਣੇ ਹਨ, ਬਤੌਰ ਪੰਜਾਬ ਸਰਕਾਰ ਅਤੇ ਹੋਰ ਵੱਖ ਵੱਖ ਖੇਤਰਾਂ ਵਿਚ ਬਤੌਰ ਕੋਚਿਜ਼ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ।

