ਗੁਰਦੁਆਰਾ ਮੈਨੇਜਮੈਂਟ ਕੋਰਸ ਦੀ ਟ੍ਰੇਨਿੰਗ ਮੁਕੰਮਲ ਮੌਕੇ ਸਿੱਖਿਆਰਥੀਆਂ ਨੂੰ ਨਿੱਘੀ ਵਿਦਾਇਗੀ
ਪ੍ਰੋ. ਬਡੂੰਗਰ, ਡਾ. ਬਿ੍ਰਜਪਾਲ ਸਮੇਤ ਪੁੱਜੀਆਂ ਸਖਸ਼ੀਅਤਾਂ ਨੇ ਪ੍ਰੇਰਿਆ
ਪਟਿਆਲਾ 29 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਵਿਖੇ ਬੈਂਚੂਲਰ ਆਫ ਮੈਨੇਜਮੈਂਟ ਸਟੱਡੀਜ਼ (ਗੁਰਦੁਆਰਾ ਮੈਨੇਜਮੈਂਟ) ਦਾ ਤਿੰਨ ਸਾਲਾਂ ਕੋਰਸ ਕਰ ਰਹੇ ਸਿਖਿਆਰਥੀਆਂ ਨੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਟ੍ਰੇਨਿੰਗ ਮੁਕੰਮਲ ਹੋਣ ਮੌਕੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਸਿਖਿਆਰਥੀਆਂ ਨੂੰ ਪ੍ਰੇਰਨਾ ਦੇਣ ਲਈ ਉਚੇਚੇ ਤੌਰ ’ਤੇ ਸ਼ੋ੍ਰਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਲਾਲ ਬਹਾਦਰੀ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ ਐਡਿਮਨਿਸਟ੍ਰੇਸ਼ਨ ਮਸੂਰੀ ਦੇ ਡਾ. ਬਿ੍ਰਜਪਾਲ ਸਿੰਘ ਪੁੱਜੇ ਹੋਏ ਸਨ।
ਇਸ ਮੌਕੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਬੱਚਿਆਂ ਨੂੰ ਟ੍ਰੇਨਿੰਗ ਪੂਰੀ ਕੀਤੇ ਜਾਣ ਦੀ ਵਧਾਈ ਦਿੰਦਿਆਂ ਪ੍ਰੇਰਨਾ ਦਿੱਤੀ ਕਿ ਕੁਸ਼ਲ ਪ੍ਰਬੰਧਕ ਬਣਨ ਲਈ ਗੁਰਦੁਆਰਾ ਮੈਨੇਜਮੈਂਟ ਕੋਰਸ ਸਹਾਈ ਹੋਵੇਗਾ ਅਤੇ ਗੁਰਸਿੱਖੀ ਜੀਵਨ ਜਾਂਚ ਦੇ ਨਾਲ-ਨਾਲ ਬੌਧਿਕ ਗਿਆਨ ਦੀ ਪ੍ਰਾਪਤੀ ਵੀ ਹੁੰਦੀ ਹੈ। ਇਸ ਮੌਕੇ ਸਾਬਕਾ ਪ੍ਰੋਫੈਸਰ ਡਾ. ਬਿ੍ਰਜਪਾਲ ਸਿੰਘ ਨੇ ਬੀ.ਐਮ.ਐਸ ਕੋਰਸ ਦੇ ਵਿਦਿਆਰਥੀਆਂ ਨੂੰ ਮੂਲ ਮੰਤਰ ਦੇ ਅਰਥਾਂ ਦੀ ਵਿਆਖਿਆ ਕੀਤੀ ਅਤੇ ਗੁਰਸਿੱਖੀ ਜੀਵਨ ਬਾਰੇ ਗੁਰਬਾਣੀ ਦੇ ਪ੍ਰਮਾਣਾਂ ਰਾਹੀਂ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਗੁਰਦੁਆਰਾ ਪ੍ਰਬੰਧ ਵਿਚ ਸਾਰੇ ਪ੍ਰਬੰਧਕ ਅਤੇ ਮੁਲਾਜ਼ਮ ਸੇਵਾਵਦਾਰ ਹੀ ਹਨ ਅਤੇ ਸਾਰਿਆਂ ਨੂੰ ਸੇਵਾ ਭਾਵਨਾ ਨਾਲ ਗੁਰੂ ਘਰਾਂ ਦੀ ਡਿਊਟੀ ਨਿਭਾਉਣੀ ਚਾਹੀਦੀ ਹੈ।
ਇਸ ਦੌਰਾਨ ਟੌਹੜਾ ਇੰਸਟੀਚਿਊਟ ਦੇ ਡਾਇਰੈਕਟਰ ਡਾ. ਚਮਕੌਰ ਸਿੰਘ ਨੇ ਕਿਹਾ ਕਿ ਗੁਰਦੁਆਰਾ ਮੈਨੇਜਮੈਂਟ ਕੋਰਸ ਦਾ ਉਦੇਸ਼ ਦੋ ਦਿਸ਼ਾਵੀ ਹੈ। ਇਸ ਕੋਰਸ ਵਿਚ ਪ੍ਰੋਫੈਸ਼ਨਲ ਟ੍ਰੇਨਿੰਗ ਦੇ ਨਾਲ-ਨਾਲ ਵਿਦਿਆਰਥੀਆਂ ਦੇ ਆਤਮਿਕ ਅਤੇ ਧਾਰਮਕ ਪੱਖ ਨੂੰ ਨਿਖਾਰਨ ’ਤੇ ਜ਼ੋਰ ਦਿੱਤਾ ਜਾਂਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਕਰਨੈਲ ਸਿੰਘ ਨਾਭਾ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ, ਭਾਈ ਅਜੇਮਰ ਸਿੰਘ, ਅਸਿਸਟੈਂਟ ਪ੍ਰੋਫੈਸਰ ਡਾ. ਕੁਲਦੀਪ ਕੌਰ, ਗੁਰਦੀਪ ਸਿੰਘ, ਹਰਪ੍ਰੀਤ ਸਿੰਘ ਆਦਿ ਸ਼ਾਮਲ ਸਨ। ਅੰਤ ਵਿਚ ਡਾਇਰੈਕਟਰ ਚਮਕੌਰ ਸਿੰਘ ਵੱਲੋਂ ਗੁਰਦੁਆਰਾ ਪ੍ਰਬੰਧਕਾਂ ਨੂੰ ਸ਼ਲਾਘਾਯੋਗ ਪ੍ਰਬੰਧ ਕਰਨ ਲਈ ਪ੍ਰਸੰਸਾ ਪੱਤਰ ਵੀ ਦਿੱਤਾ ਗਿਆ।

