ਅਕਾਲੀ ਦਲ ਬਸਪਾ ਲੋਕਾਂ ਦੀਆਂ ਉਮੀਦਾਂ ‘ਤੇ ਉਤਰੇਗੀ ਖਰਾ: ਬਿੱਟੂ ਚੱਠਾ
ਵਿਧਾਨ ਸਭਾ ਚੋਣਾਂ ‘ਚ ਲੋਕਾਂ ਦੇ ਸਹਿਯੋਗ ਨਾਲ ਵੱਡੀ ਜਿੱਤ ਕੀਤੀ ਜਾਵੇਗੀ ਦਰਜ
ਪਟਿਆਲਾ, 7 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ): ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਨੇ ਆਖਿਆ ਕਿ ਅਕਾਲੀ ਦਲ ਬਸਪਾ ਲੋਕਾਂ ਦੀਆਂ ਉਮੀਦਾਂ ‘ਤੇ ਪੂਰੀ ਤਰ੍ਹਾਂ ਖਰਾ ਉਤਰੇਗੀ ਕਿਉਂਕਿ ਅਕਾਲੀ ਦਲ ਬਸਪਾ ਹੀ ਲੋਕਾਂ ਦੀ ਆਪਣੀ ਪਾਰਟੀ ਹੈ, ਜਿਸ ‘ਤੇ ਲੋਕਾਂ ਨੂੰ ਪੂਰਾ ਵਿਸ਼ਵਾਸ਼ ਵੀ ਹੈ ਅਤੇ ਇਸ ਵਿਸ਼ਵਾਸ਼ ਨੂੰ ਇਸੇ ਤਰ੍ਹਾਂ ਕਾਇਮ ਵੀ ਰੱਖਿਆ ਜਾਵੇਗਾ। ਬਿੱਟੂ ਚੱਠਾ ਨੇ ਇਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਕ ਮੀਟਿੰਗ ਦੌਰਾਨ ਕੀਤਾ।
ਬਿੱਟੂ ਚੱਠਾ ਨੇ ਆਖਿਆ ਕਿ ਅੱਜ ਹਰ ਵਰਗ ਇਹ ਗੱਲ ਚੰਗੀ ਤਰ੍ਹਾਂ ਜਾਣ ਚੁੱਕਿਆ ਹੈ ਕਿ ਉਨ੍ਹਾਂ ਦਾ ਆਉਣ ਵਾਲਾ ਭਵਿੱਖ ਸਿਰਫ਼ ਤੇ ਸਿਰਫ਼ ਅਕਾਲੀ ਦਲ ਬਸਪਾ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਦੇ ਵੀ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਅਤੇ ਅੱਜ ਵੀ ਮੁੱਖ ਮੰਤਰੀ ਚੰਨੀ ਵੱਲੋਂ ਲੋਕਾਂ ਨਾਲ ਝੂਠ ਬੋਲਕੇ ਧ੍ਰੋਹ ਕਮਾਇਆ ਜਾ ਰਿਹਾ ਹੈ, ਜਿਸਦਾ ਹਿਸਾਬ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਦਾ ਪਿਆਰ ਤੇ ਸਹਿਯੋਗ ਪੂਰੀ ਤਰ੍ਹਾਂ ਉਨ੍ਹਾਂ ਨੂੰ ਮਿਲ ਰਿਹਾ ਹੈ, ਜਿਸਨੂੰ ਬਰਕਰਾਰ ਰੱਖਦਿਆਂ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਜਿੱਤ ਦਰਜ ਕੀਤੀ ਜਾਵੇਗੀ।
ਇਸ ਮੌਕੇ ਬਿੱਟੂ ਚੱਠਾ ਦਾ ਮੀਟਿੰਗ ਦੌਰਾਨ ਬੀਬੀ ਜਸਪਾਲ ਕੌਰ ਬਾਰਨ ਨੇ ਸਨਮਾਨ ਕਰਦਿਆਂ ਉਨ੍ਹਾਂ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਨਾਲ ਵਿਸ਼ੇਸ਼ ਤੌਰ ‘ਤੇ ਸਾਬਕਾ ਕੌਂਸਲਰ ਮਾਲਵਿੰਦਰ ਸਿੰਘ ਝਿਲ, ਸਾਬਕਾ ਕੌਂਸਲਰ ਹਰਵਿੰਦਰ ਸਿੰਘ ਬੱਬੂ, ਹਰਿੰਦਰ ਸਿੰਘ ਹਰਦਾਸਪੁਰ, ਰਣਧੀਰ ਸਿੰਘ ਬਾਰਨ, ਨਰਿੰਦਰ ਸਿੰਘ ਝਿਲ, ਕੁਲਵੰਤ ਸਿੰਘ ਵਿਸਾਖੀ, ਗੁਰਜੀਤ ਸਿੰਘ ਸਾਬਕਾ ਸਰਪੰਚ ਬਾਰਨ, ਹਰਿੰਦਰ ਸਿੰਘ ਬਾਵਾ, ਹਰਬੰਸ ਸਿੰਘ ਪੰਚ, ਲਖਵੀਰ ਸਿੰਘ ਭੱਟੀ ਵੀ ਹਾਜਰ ਸਨ।

