ਅਫ਼ਗਾਨਿਸਤਾਨ ਦੇ ਰਾਜਦੂਤ ਫ਼ਰੀਦ ਮਾਮੁੰਦਜ਼ੇ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੈਂਪਸ ਦਾ ਵਿਸ਼ੇਸ਼ ਦੌਰਾ ਕੀਤਾ
ਪਟਿਆਲਾ (ਮਧੂਸਾਰ ਬਿਊਰੋ) ਭਾਰਤ ਵਿਚਲੇ ਅਫ਼ਗਾਨਿਸਤਾਨ ਦੇ ਰਾਜਦੂਤ ਫ਼ਰੀਦ ਮਾਮੁੰਦਜ਼ੇ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੈਂਪਸ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਅਫ਼ਗਾਨਿਸਤਾਨ ਦੂਤਾਵਾਸ ਵਿਚਲੇ ਐਜੂਕੇਸ਼ਨ ਅਟੈਚੀ ਸਦੀਕਉੱਲ੍ਹਾ ਸਹਿਰ, ਕਲਚਰਲ ਅਟੈਚੀ ਹਮਦੁੱਲਾ ਅਰਬਾਬ ਅਤੇ ਕਮਰਸ਼ੀਅਲ ਅਟੈਚੀ ਕਾਦਿਰ ਸ਼ਾਹ ਤੋਂ ਇਲਾਵਾ ਭਾਰਤ ਵਿੱਚ ਅਫ਼ਗਾਨ ਡਿਪਲੋਮੈਟਿਕ ਮਿਸ਼ਨ ਦੇ ਕੁੱਝ ਹੋਰ ਨਾਮਵਰ ਡੈਲੀਗੇਟਸ ਵੀ ਉਨ੍ਹਾਂ ਦੇ ਨਾਲ਼ ਰਹੇ। ਇਹ ਦੌਰਾ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚਲੇ ਅਫ਼ਗਾਨ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀਆਂ ਨਾਲ਼ ਗੱਲਬਾਤ ਕਰਨ ਲਈ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਕੋਰੋਨਾ ਸੰਬੰਧੀ ਦਿਸ਼ਾ-ਨਿਰਦੇਸ਼ਾਂ ਤੋਂ ਪਹਿਲਾਂ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਆਫ਼ਲਾਈਨ ਮੋਡ ਵਿੱਚ ਹੋਣੀਆਂ ਸਨ ਪਰ ਅਫ਼ਗਾਨਿਸਤਾਨ ਦੇ ਸੰਕਟਮਈ ਮੌਜੂਦਾ ਹਾਲਤ ਦੇ ਮੱਦੇਨਜ਼ਰ ਉੱਥੇ ਫ਼ਸੇ ਅਫ਼ਗਾਨ ਵਿਦਿਆਰਥੀਆਂ ਲਈ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਛੂਟ ਦਿੱਤੀ ਗਈ ਸੀ ਕਿ ਉਹ ਆਨਲਾਈਨ ਵਿਧੀ ਰਾਹੀਂ ਆਪਣੀ ਪੜ੍ਹਾਈ ਜਾਰੀ ਰੱਖ ਸਕਣਗੇ ਅਤੇ ਇਸੇ ਵਿਧੀ ਰਾਹੀਂ ਪ੍ਰੀਖਿਆ ਵੀ ਦੇ ਸਕਣਗੇ।
ਸਿਰਫ਼ ਏਨਾ ਹੀ ਨਹੀਂ ਬਲਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਉਨ੍ਹਾਂ ਵਿਦਿਆਰਥੀਆਂ ਦੀ ਵੀ ਵਿਸ਼ੇਸ਼ ਮਦਦ ਕੀਤੀ ਗਈ ਹੈ ਜੋ ਇੱਥੇ ਕੈਂਪਸ ਵਿੱਚ ਰਹਿ ਰਹੇ ਹਨ। ਯੂਨੀਵਰਸਿਟੀ ਵੱਲੋਂ ਉਨ੍ਹਾਂ ਨੂੰ ਆਈ.ਸੀ.ਸੀ.ਆਰ. ਤੋਂ ਵਿਸ਼ੇਸ਼ ਸਕਾਲਰਸਿ਼ਪ ਹਾਸਿਲ ਕਰਨ ਵਿੱਚ ਹਰ ਸੰਭਵ ਮਦਦ ਪ੍ਰਦਾਨ ਕੀਤੀ ਗਈ ਹੈ ਤਾਂ ਕਿ ਉਹ ਆਪਣੇ ਅਜਿਹੇ ਹਾਲਾਤ ਵਿੱਚ ਪੜ੍ਹਾਈ ਜਾਰੀ ਰੱਖ ਸਕਣ।
ਰਾਜਦੂਤ ਅਤੇ ਉਸ ਦੀ ਸਮੁੱਚੀ ਟੀਮ ਪੰਜਾਬੀ ਯੂਨੀਵਰਸਿਟੀ ਪ੍ਰਤੀ ਆਪਣੇ ਧੰਨਵਾਦੀ ਭਾਵ ਪ੍ਰਗਟਾਉਣ ਲਈ ਹੀ ਹੁਣ ਯੂਨੀਵਰਸਿਟੀ ਪਹੁੰਚੀ ਸੀ। ਇਸ ਮੌਕੇ ਰੱਖੇ ਗਏ ਸਮਾਗਮ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਡੀਨ, ਡਾਇਰੈਕਟੋਰੇਟ ਆਫ਼ ਇੰਟਰਨੈਸ਼ਨਲ ਅਫ਼ੇਅਰਜ਼ ਪ੍ਰੋ. ਰਣਜੀਤ ਕੌਰ ਵੱਲੋਂ ਆਪਣੇ ਭਾਸ਼ਣ ਵਿੱਚ ਸਾਰੇ ਪਤਵੰਤੇ ਮਹਿਮਾਨਾਂ ਦੀ ਇਸ ਆਮਦ ਦਾ ਹਾਰਦਿਕ ਸਵਾਗਤ ਕੀਤਾ ਗਿਆ। ਪ੍ਰੋ. ਰਣਜੀਤ ਕੌਰ ਨੇ ਆਪਣੇ ਇਸ ਸਵਾਗਤੀ ਭਾਸ਼ਣ ਦੌਰਾਨ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਇਸ ਸਮੇਂ 22 ਦੇਸ਼ਾਂ ਦੇ 340 ਅੰਤਰਰਾਸ਼ਟਰੀ ਵਿਦਿਆਰਥੀ ਵੱਖ-ਵੱਖ ਸਕਾਲਰਸ਼ਿਪ ਸਕੀਮਾਂ ਅਧੀਨ ਆਪਣੀ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ 175 ਵਿਦਿਆਰਥੀ ਅਫ਼ਗਾਨਿਸਤਾਨ ਨਾਲ਼ ਸੰਬੰਧਿਤ ਹਨ। ਅਫ਼ਗਾਨ ਮੂਲ ਦੇ ਵਿਦਿਆਰਥੀਆਂ ਸੰਬੰਧੀ ਵਿਸ਼ੇਸ਼ ਪ੍ਰਸੰਗ ਵਿੱਚ ਬੋਲਦਿਆਂ ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।
ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਵਰਿੰਦਰ ਕੌਸ਼ਿਕ ਵੱਲੋਂ ਇਸ ਮੌਕੇ ਬੋਲਦਿਆਂ ਜਿੱਥੇ ਦੋਹਾਂ ਦੇਸ਼ਾਂ ਦਰਮਿਆਨ ਆਪਸੀ ਵੱਡਮੁੱਲੇ ਸਬੰਧਾਂ ਬਾਰੇ ਜਾਣੂ ਕਰਵਾਇਆ, ਉੱਥੇ ਹੀ ਵਿੱਦਿਅਕ, ਸੱਭਿਆਚਾਰਕ ਅਤੇ ਆਰਥਿਕ ਪ੍ਰੋਗਰਾਮਾਂ ਰਾਹੀਂ ਇਨ੍ਹਾਂ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਨੀਤੀ ਉੱਤੇ ਜ਼ੋਰ ਦਿੱਤਾ। ਉਨ੍ਹਾਂ ਆਪਣੇ ਇਸ ਭਾਸ਼ਣ ਦੌਰਾਨ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਵੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਫ਼ਗਾਨਿਸਤਾਨ ਵਿੱਚ ਰਹਿ ਰਹੇ ਜਾਂ ਇੱਥੇ ਕੈਂਪਸ ਵਿੱਚ ਰਹਿਣ ਵਾਲੇ ਆਪਣੇ ਵਿਦਿਆਰਥੀਆਂ ਨੂੰ ਹਰ ਸੰਭਵ ਅਕਾਦਮਿਕ ਅਤੇ ਭਾਵਨਾਤਮਕ ਸਹਾਇਤਾ ਪ੍ਰਦਾਨ ਕਰੇਗੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨਿਸ਼ਚਿਤ ਸਥਿਤੀ ਉਨ੍ਹਾਂ ਦੇ ਭਵਿੱਖ ਉੱਪਰ ਅਸਰਅੰਦਾਜ਼ ਨਾ ਹੋ ਸਕੇ।
ਰਾਜਦੂਤ ਫ਼ਰੀਦ ਮਾਮੁੰਦਜ਼ੇ ਵੱਲੋਂ ਇਸ ਮੌਕੇ ਆਪਣੇ ਸੰਬੋਧਨ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਮਜ਼ਬੂਤ ਸਬੰਧਾਂ ਦੇ ਵਿਸ਼ੇ ਬਾਰੇ ਵਿਸਥਾਰ ਵਿੱਚ ਗੱਲ ਕੀਤੀ ਗਈ। ਅਫ਼ਗਾਨ ਵਿਦਿਆਰਥੀਆਂ ਨੂੰ ਲਗਾਤਾਰ ਸਹਾਇਤਾ ਅਤੇ ਸਹਿਯੋਗ ਦੇਣ ਲਈ ਉਨ੍ਹਾਂ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮੂਹ ਅਧਿਕਾਰੀਆਂ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ ਗਿਆ। ਉਨ੍ਹਾਂ ਵੱਲੋਂ ਅਫ਼ਗਾਨ ਵਿਦਿਆਰਥੀਆਂ ਨਾਲ਼ ਉਨ੍ਹਾਂ ਦੇ ਤਜ਼ਰਬਿਆਂ, ਮੁੱਦਿਆਂ ਅਤੇ ਸੁਝਾਵਾਂ ਬਾਰੇ ਵੀ ਗੱਲਬਾਤ ਕੀਤੀ ਗਈ। ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਆਪਣੇ ਕੂਟਨੀਤਕ ਮਿਸ਼ਨ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਵੀ ਦਿੱਤਾ ਗਿਆ।
ਇਸ ਮੌਕੇ ਅਫ਼ਗਾਨ ਵਿਦਿਆਰਥੀਆਂ ਦੀ ਪ੍ਰਤੀਨਿਧਤਾ ਕਰਦਿਆਂ ਪੀ.ਐੱਚ.ਡੀ. ਖੋਜਾਰਥੀਆਂ ਜ਼ਬੀਹਉੱਲ੍ਹਾ ਰਾਸੇਦ ਅਤੇ ਗੁਲ ਨਿਗਾਰ ਅਹਿਮਦੀ ਵੱਲੋਂ ਯੂਨੀਵਰਸਿਟੀ ਦੇ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਸਹਿਯੋਗ ਲਈ ਰਸਮੀ ਰੂਪ ਵਿੱਚ ਧੰਨਵਾਦ ਪ੍ਰਗਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਵਿਚਲੇ ਮੌਜੂਦਾ ਸੰਕਟ ਕਾਰਨ ਸਾਡੇ ਜੋ ਸਾਥੀ ਵਿਦਿਆਰਥੀ ਉੱਥੇ ਫ਼ਸ ਗਏ ਸਨ ਅਤੇ ਹੁਣ ਇੱਧਰ ਇੰਡੀਆ ਵਿੱਚ ਨਹੀਂ ਆ ਸਕਦੇ, ਉਨ੍ਹਾਂ ਲਈ ਆਪਣੀ ਪੜ੍ਹਾਈ ਪੂਰੀ ਕਰਨ ਦਾ ਸੁਪਨਾ ਟੁੱਟ ਗਿਆ ਸੀ ਪਰ ਪੰਜਾਬੀ ਯੂਨੀਵਰਸਿਟੀ ਨੇ ਇਸ ਸਮੇਂ ਬਹੁਤ ਹੀ ਸ਼ਲਾਘਾਯੋਗ ਫ਼ੈਸਲਾ ਲਿਆ ਕਿ ਉਹ ਆਪਣੀ ਪੜ੍ਹਾਈ ਆਨਲਾਈਨ ਵਿਧੀ ਰਾਹੀਂ ਪੂਰੀ ਕਰ ਸਕਦੇ ਹਨ ਅਤੇ ਪ੍ਰੀਖਿਆਵਾਂ ਵੀ ਆਨਲਾਈਨ ਵਿਧੀ ਰਾਹੀਂ ਦੇ ਸਕਦੇ ਹਨ। ਅਫ਼ਗਾਨ ਵਿਦਿਆਰਥੀਆਂ ਵੱਲੋਂ ਇਸ ਮੌਕੇ ਵਾਈਸ ਚਾਂਸਲਰ ਅਤੇ ਹੋਰ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਅੰਤਰਰਾਸ਼ਟਰੀ ਵਿਦਿਆਰਥੀਆਂ ਸੰਬੰਧੀ ਮਾਮਲਿਆਂ ਨਾਲ਼ ਜੁੜੇ ਪੰਜਾਬੀ ਯੂਨੀਵਰਸਿਟੀ ਦੇ ਦਫ਼ਤਰ ਡਾਇਰੈਕਟੋਰੇਟ ਆਫ਼ ਇੰਟਰਨੈਸ਼ਨਲ ਅਫ਼ੇਅਰਜ਼ ਪ੍ਰਤੀ ਵਿਸ਼ੇਸ਼ ਤੌਰ ਉੱਤੇ ਆਪਣੇ ਧੰਨਵਾਦੀ ਭਾਵ ਪ੍ਰਗਟਾਏ ਗਏ।
ਡੀਨ ਖੋਜ ਅਤੇ ਕੰਟਰੋਲਰ ਪ੍ਰੀਖਿਆਵਾਂ ਪ੍ਰੋ. ਏ. ਕੇ. ਤਿਵਾੜੀ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਦੌਰਾ ਕਰਨ ਲਈ ਪੁੱਜੇ ਰਾਜਦੂਤ ਫਰੀਦ ਮਾਮੁੰਦਜ਼ੇ ਅਤੇ ਅਫ਼ਗਾਨਿਸਤਾਨ ਅੰਬੈਸੀ ਦੇ ਨਾਮਵਰ ਡੈਲੀਗੇਟਸ ਦਾ ਧੰਨਵਾਦ ਕਰਦਿਆਂ ਇਸ ਇਕੱਤਰਤਾ ਦੀ ਸਮਾਪਤੀ ਕੀਤੀ। ਇਸ ਮੌਕੇ ਦੋਵਾਂ ਧਿਰਾਂ ਵੱਲੋਂ ਕੁਝ ਤੋਹਫ਼ਿਆਂ ਦਾ ਅਦਾਨ-ਪ੍ਰਦਾਨ ਵੀ ਕੀਤਾ ਗਿਆ। ਇਸ ਸਮਾਗਮ ਉਪਰੰਤ ਰਾਜਦੂਤ ਅਤੇ ਉਨ੍ਹਾਂ ਦੀ ਟੀਮ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅਜਾਇਬ ਘਰ ਅਤੇ ਆਰਟ ਗੈਲਰੀ ਦਾ ਦੌਰਾ ਵੀ ਕੀਤਾ। ਇਸ ਮੌਕੇ ਵਿੱਤ ਅਫ਼ਸਰ ਪ੍ਰੋ. ਰਾਕੇਸ਼ ਕੁਮਾਰ ਖੁਰਾਣਾ, ਅੰਤਰਰਾਸ਼ਟਰੀ ਦਾਖ਼ਲਿਆਂ ਦੇ ਕੋਆਰਡੀਨੇਟਰ ਡਾ. ਚਰਨਜੀਤ ਸਿੰਘ ਅਤੇ ਡਾ. ਇੰਦਰਜੀਤ ਸਿੰਘ ਵੀ ਵਿਸ਼ੇਸ਼ ਤੌਰ ਉੱਤੇ ਹਾਜ਼ਰ ਰਹੇ।

