ਦੇਸ਼-ਵਿਦੇਸ਼ਪੰਜਾਬਪਟਿਆਲਾ

ਮੌਕਾਪ੍ਰਸਤੀ ਵਾਲੀ ਰਾਜਨੀਤੀ : ਅਜੀਤਪਾਲ ਕੋਹਲੀ ਨਾਲ ਨਹੀਂ ਤੁਰੇ ਸੁਰਜੀਤ ਸਿੰਘ ਕੋਹਲੀ ਦੇ ਸਮਰਥਕ !

ਆਪ ਉਮੀਦਵਾਰ ਦਾ ਉਤੋਂ-ਉਤੋਂ ਸਿਰ ਪਲੋਸਣ ਵਾਲਿਆਂ ਨੇ ਨਹੀਂ ਛੱਡਿਆ ਸ਼ੋ੍ਰਮਣੀ ਅਕਾਲੀ ਦਲ

ਮਧੂਸਾਰ ਬਿਊਰੋ madhsarnews@gmail.com
ਸ਼ੋ੍ਰਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਅਤੇ ਆਪ ਵੱਲੋਂ ਪਟਿਆਲਾ ਸ਼ਹਿਰੀ ਹਲਕੇ ਤੋਂ ਉਮੀਦਵਾਰ ਬਣਾਏ ਗਏ ਅਜੀਤਪਾਲ ਸਿੰਘ ਕੋਹਲੀ ਜਿਥੇ ਆਪ ਵਲੰਟੀਅਰਾਂ ਦੇ ਨਾਲ ਨਾ ਚੱਲਣ ਕਾਰਨ ਨਿਰਾਸ਼ ਹਨ, ਉਥੇ ਹੀ ਹੁਣ ਤੱਕ ਕੋਹਲੀ ਪਰਿਵਾਰ ਦੇ ਵਫਾਦਾਰ ਰਹੇ ਅਕਾਲੀ ਵਰਕਰਾਂ ਨੇ ਵੀ ਇਸ ਪਰਿਵਾਰ ਤੋਂ ਮੂੰਹ ਮੋੜ ਲਿਆ ਹੈ ਅਤੇ ਉਹ ਅਜੀਤਪਾਲ ਸਿੰਘ ਕੋਹਲੀ ਦੇ ਇਸ ਕਦਮ ਨੂੰ ਪੰਥਕ ਧੋਖਾ ਮੰਨ ਰਹੇ ਹਨ ਅਤੇ ਉਨ੍ਹਾਂ ਨੇ ਮੰਨ ਬਣਾ ਲਿਆ ਹੈ ਕਿ ਉਹ ਕੋਹਲੀ ਪਰਿਵਾਰ ਦਾ ਸਾਥ ਨਹੀਂ ਦੇਣਗੇ ਬਲਕਿ ਪੰਥਕ ਪਾਰਟੀ ਅਕਾਲੀ ਦਲ ਨਾਲ ਹੀ ਚੱਲਣਗੇ।

ਕੋਹਲੀ ਪਰਿਵਾਰ ਨੂੰ ਇਸ ਗੱਲ ਦੀ ਆਸ ਸੀ ਕਿ ਹੁਣ ਤੱਕ ਜਿਹੜੇ ਸਮਰਥਕ ਉਨ੍ਹਾਂ ਦਾ ਸਾਥ ਦਿੰਦੇ ਆਏ ਹਨ ਉਹ ਆਪ ਵਿਚ ਜਾਣ ਦਾ ਸਮਰਥਨ ਕਰਨਗੇ ਅਤੇ ਉਨ੍ਹਾਂ ਨੂੰ ਸਾਥ ਦੇਣ ਲਈ ਲਾਮਬੰਦ ਹੋਣਗੇ, ਪਰ ਅਜਿਹਾ ਹੁੰਦਾ ਜਾਪ ਨਹੀਂ ਰਿਹਾ ਅਤੇ ਇਹ ਸਮਰਥਕ ਇਸ ਫੈਸਲੇ ਦੇ ਉਲਟ ਅਕਾਲੀ ਦਲ ਨਾਲ ਚੱਲ ਰਹੇ ਹਨ।
ਆਮ ਆਦਮੀ ਪਾਰਟੀ ਵੱਲੋਂ ਜਿਥੇ ਅਕਾਲੀ ਦਲ ਵੱਲੋਂ ਲਿਆਂਦੇ ਚਿਹਰੇ ’ਤੇ ਦਾਅ ਖੇਡਿਆ ਗਿਆ, ਉਥੇ ਹੀ ਅਜੀਤਪਾਲ ਸਿੰਘ ਕੋਹਲੀ ਵੱਲੋਂ ਮੌਕਾਪ੍ਰਸਤੀ ਵਾਲੀ ਰਾਜਨੀਤੀ ਨੂੰ ਤਰਜੀਹ ਦਿੱਤੀ ਗਈ ਕਿਉਂਕਿ ‘ਆਪ’ ਪਾਰਟੀ ਵੱਲ ਵੋਟਰਾਂ ਦੇ ਝੁਕਾਅ ਨੂੰ ਵੇਖਦਿਆਂ ਇਹ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਏਸ ਵਾਰ ‘ਸੀਟ’ ਨਿਕਲੀ ਹੀ ਸਮਝੋ, ਪ੍ਰੰਤੂ ਇਹ ਸਿਰਫ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਦੀ ਆਪਣੀ ਸੋਚ ਹੈ ਕਿਉਂਕਿ ਸੋਚ ਤੋਂ ਉਲਟ ਸੱਚਾਈ ਤਾਂ ਇਹ ਹੈ ਕਿ ਆਪ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਹੀ ਵੋਟਰਾਂ ਨੇ ਅਜੇ ਤੱਕ ਆਪ ਉਮੀਦਵਾਰ ਵਿਚ ਦਿਲਚਸਪੀ ਨੂੰ ਲੈ ਕੇ ਚੁੱਪ ਸਾਧੀ ਹੋਈ ਹੈ। ਸਭ ਤੋਂ ਅਹਿਮ ਪਹਿਲੂ ਇਹ ਹੈ ਕਿ ਅਜੀਤਪਾਲ ਸਿੰਘ ਕੋਹਲੀ ਵੱਲੋਂ ਸ਼ੋ੍ਰਮਣੀ ਅਕਾਲੀ ਦਲ ਛੱਡਣ ਤੋਂ ਬਾਅਦ ਸੁਰਜੀਤ ਸਿੰਘ ਕੋਹਲੀ ਦੇ ਸਮਰਥਕ ਵੀ ਖੁੱਲ੍ਹਕੇ ਅਜੀਤਪਾਲ ਦੇ ਹੱਕ ਵਿਚ ਨਹੀਂ ਡਟੇ ਅਤੇ ਉਤੋਂ-ਉਤੋਂ ਹੀ ਅਜੀਤਪਾਲ ਦਾ ਸਿਰ ਪਲੋਸ ਰਹੇ ਹਨ ਕਿਉਂਕਿ ਉਹ ਅੱਜ ਵੀ ਸ਼ੋ੍ਰਮਣੀ ਅਕਾਲੀ ਦਲ ਦਾ ਅਹਿਮ ਅੰਗ ਹਨ। ਭਾਵੇਂ ਉਹ ਸਾਬਕਾ ਕੌਸਲਰ ਹੋਣ ਭਾਵੇਂ ਟਕਸਾਲੀ ਪਰਿਵਾਰ ਦੇ ਸਭ ਤੋਂ ਨੇੜੇ ਰਹੇ ਹੋਣ। ਅਜੀਤਪਾਲ ਸਿੰਘ ਕੋਹਲੀ ਨੇ ਤਾਂ ਅਕਾਲੀ ਦਲ ਨੂੰ ਅਲਵਿਦਾ ਤਾਂ ਕਹੀ, ਪ੍ਰੰਤੂ ਟਕਸਾਲੀ ਪਰਿਵਾਰ ਨਾਲ ਜੁੜਿਆ ਕੇਡਰ ਸਿਰਫ ਸ਼ੋ੍ਰਮਣੀ ਅਕਾਲੀ ਦਲ ਵਾਲਾ ਹੀ ਹੈ, ਜੋ ਨਾ ਤਾਂ ਉਹ ਖੁੱਲ੍ਹਕੇ ਚੱਲ ਰਹੇ ਹਨ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰਾਂ ਨੇ ਖੁੱਲ੍ਹਕੇ ਆਪ ਉਮੀਦਵਾਰ ਦਾ ਸਮਰਥਨ ਕੀਤਾ ਹੈ। ਆਪ ਉਮੀਦਵਾਰ ਲਈ ਸਭ ਤੋਂ ਵੱਡੀ ਚੁਣੌਤੀ ਤਾਂ ਇਹ ਹੈ ਕਿ ਅਜੀਤਪਾਲ ਸਿੰਘ ਕੋਹਲੀ ‘ਭਾਪਾ ਬਿਰਾਦਰੀ’ ਵਿਚੋਂ ਹੈ ਅਤੇ ਸ਼ਹਿਰ ਦੀ ‘ਭਾਪਾ ਬਿਰਾਦਰੀ’ ਹਮੇਸ਼ਾ ਖੁੱਲ੍ਹਕੇ ਆਉਣ ਦੀ ਬਿਜਾਏ ਅਸਿੱਧੇ ਤੌਰ ’ਤੇ ਕਾਂਗਰਸ ਦੀ ਹਮਾਇਤ ਕਰਦੀ ਆਈ ਹੈ ਅਤੇ ਇਸ ਵਾਰ ਜੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੋਣ ਮੈਦਾਨ ਵਿਚ ਆਉਂਦੇ ਹਨ ਤਾਂ ‘ਵੋਟਰ’ ਸੋਚੇਗਾ ਜ਼ਰੂਰ ਕਿਉਂਕਿ ਮਹਾਰਾਣੀ ਪ੍ਰਨੀਤ ਕੌਰ ਦੀ ‘ਗੁੱਡਵਿੱਡ’ ਅੱਗੇ ਟਕਸਾਲੀ ਪਰਿਵਾਰ ਪਿਛਲੇ ਲੰਮੇ ਸਮੇਂ ਤੋਂ ਗੋਡੇ ਟੇਕਦਾ ਰਿਹਾ ਹੈ। ਸਰਦਾਰਾ ਸਿੰਘ ਕੋਹਲੀ ਅਤੇ ਸੁਰਜੀਤ ਸਿੰਘ ਕੋਹਲੀ ਦੇ ਪਰਿਵਾਰ ਦੇ ਨੇੜੇ-ਤੇੜੇ ਰਹਿਣ ਵਾਲਿਆਂ ਦਾ ਜ਼ਿਕਰ ਕਰੀਏ ਤਾਂ ਉਨ੍ਹਾਂ ਵਿਚ ਸਾਬਕਾ ਕੌਂਸਲਰ ਜੋਗਿੰਦਰ ਸਿੰਘ ਛਾਂਗਾ, ਕੰਵਲਜੀਤ ਸਿੰਘ ਗੋਨਾ, ਨਰਿੰਦਰ ਸਿੰਘ ਢੰਡੋਕ, ਅਜੀਤ ਸਿੰਘ ਬਾਬੂ, ਅਮਰਜੀਤ ਸਿੰਘ ਦਾਰਾ, ਬੱਬੀ ਮਾਨ, ਜਸਵਿੰਦਰਪਾਲ ਸਿੰਘ ਚੱਢਾ, ਗੁਰਬਖ਼ਸ਼ ਸਿੰਘ ਸਹਿਗਲ ਨੇੜਲੇ ਸਾਥੀਆਂ ਵਿਚ ਤਾਂ ਰਹੇ, ਪ੍ਰੰਤੂ ਸਮੇਂ ਨਾਲ ਵਫ਼ਾਦਾਰੀਆਂ ਬਦਲੀਏ ਤਾਂ ਬਹੁਤ ਸਾਰੇ ਕੌਂਸਲਰ ਕੋਹਲੀ ਪਰਿਵਾਰ ਨੂੰ ਛੱਡ ਕੇ ਵੱਖ ਹੋ ਗਏ। ਸ਼ਹਿਰੀ ਵੋਟਰਾਂ ਵਿਚ ਇਹ ਚਰਚਾ ਬਣੀ ਹੋਈ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਵਿਚ 52 ਸਾਲ ਵਿਚਰਨ ਵਾਲਾ ਇਹ ਪਰਿਵਾਰ ਇਕ ਝਟਕੇ ਨਾਲ ਵਫਾਦਾਰੀ ਤਿਆਗ ਚੁੱਕਿਆ, ਦੂਜੇ ਪਾਸੇ ਆਪ ਪਾਰਟੀ ਦਾ ਵੋਟਰ ਆਪਣੇ ਨੇਤਾਵਾਂ ਦੇ ਹੱਕ ਵਿਚ ਮਾਹੌਲ ਸਿਰਜਣ ਤੋਂ ਬਾਅਦ ਪਾਰਟੀ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ’ਤੇ ਭਰੋਸਾ ਅਤੇ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ ਹੈ, ਜਦਕਿ ਉਤੋਂ-ਉਤੋਂ ਫਸੀ ਸੀਟ ਨੂੰ ‘ਨਿਕਲੀ ਸੀਟ’ ਹੀ ਮੰਨੀ ਬੈਠੇ ਹਨ।

Leave a Reply

Your email address will not be published. Required fields are marked *