ਪਟਿਆਲਾ ਦੇ ਨਵੇਂ ਬਣੇ ਬਲਾਕ ਪ੍ਰਧਾਨਾਂ ਵਿਨੋਦ ਅਰੋੜਾ ਕਾਲੂ ਤੇ ਵਿਵੇਕ ਮਲਹੋਤਰਾ ਨੇ ਲਿਆ ਸ. ਲਾਲ ਸਿੰਘ ਤੋਂ ਆਸ਼ੀਰਵਾਦ
ਪਟਿਆਲਾ, (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਜ਼ਿਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਨਰਿੰਦਰਪਾਲ ਲਾਲੀ ਦੀ ਅਗਵਾਈ ਹੇਠ ਪਟਿਆਲਾ ਸ਼ਹਿਰੀ ਕਾਂਗਰਸ ਦੇ ਨਵੇਂ ਬਣੇ ਬਲਾਕ ਪ੍ਰਧਾਨ ਵਿਨੋਦ ਅਰੋੜਾ ਕਾਲੂ ਅਤੇ ਵਿਵੇਕ ਮਲਹੋਤਰਾ ਨੇ ਪੰਜਾਬ ਮੰਡੀਬੋਰਡ ਦੇ ਚੇਅਰਮੈਨ ਅਤੇ ਸਾਬਕਾ ਖਜਾਨਾ ਮੰਤਰੀ ਲਾਲ ਸਿੰਘ ਦੇ ਨਿਵਾਸ ਸਥਾਨ ’ਤੇ ਪਹੁੰਚ ਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਇਸ ਮੌਕੇ ਪੰਜਾਬ ਲਾਰਜ ਸਕੇਲ ਇੰਡਸਟਰੀਜ਼ ਡਿਵੈਲਪਮੈਂਟ ਬੋਰਡ ਦੇ ਵਾਈਸ ਚੇਅਰਮੈਨ ਕੇ. ਕੇ. ਸਹਿਗਲ, ਜ਼ਿਲਾ ਕਾਂਗਰਸ ਦੇ ਆਫਿਸ ਇੰਚਾਰਜ ਤੇ ਸਾਬਕਾ ਕੌਂਸਲਰ ਅਨੁਜ ਤ੍ਰਿਵੇਦੀ ਅਤੇ ਯੂਥ ਕਾਂਗਰਸੀ ਆਗੂ ਭੂਸ਼ਣ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਨਰਿੰਦਰਪਾਲ ਲਾਲੀ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਵਿਚ ਕਾਂਗਰਸ ਨੂੰ ਮਜਬੂਤ ਕਰਨ ਲਈ ਆਲ ਇੰਡੀਆ ਕਾਂਗਰਸ ਕਮੇਟੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮਨਜ਼ੂਰੀ ਨਾਲ ਵਿਨੋਦ ਅਰੋੜਾ ਕਾਲੂ ਨੂੰ ਬਲਾਕ ਕਿਲ੍ਹਾ ਮੁਬਾਰਕ ਕਾਂਗਰਸ ਕਮੇਟੀ ਅਤੇ ਵਿਵੇਕ ਮਲਹੋਤਰਾ ਨੂੰ ਬਲਾਕ ਬਿਸ਼ਨ ਨਗਰ ਦਾ ਪ੍ਰਧਾਨ ਨਿਯੁਕਤ ਕੀਤਾ ਹੈ।
ਉਨ੍ਹਾਂ ਕਿਹਾ ਕਿ ਦੋਨੋ ਆਗੂ ਲੰਬੇ ਸਮੇਂ ਤੋਂ ਪਾਰਟੀ ਲਈ ਕੰਮ ਕਰ ਰਹੇ ਹਨ। ਵਿਨੋਦ ਅਰੋੜਾ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਕਈ ਉਚ ਅਹੁਦਿਆਂ ’ਤੇ ਰਹਿ ਚੁੱਕੇ ਹਨ। ਵਿਵੇਕ ਮਲਹੋਤਰਾ ਸਬਜ਼ੀ ਮੰਡੀ ਦੇ ਪ੍ਰਧਾਨ ਰਹਿ ਚੁੱਕੇ ਹਨ। ਸ. ਲਾਲ ਸਿੰਘ ਨੇ ਦੋਨੋ ਬਲਾਕ ਪ੍ਰਧਾਨਾਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਉਹ ਪਾਰਟੀ ਦੀ ਮਜਬੂਤੀ ਲਈ ਕੰਮ ਕਰਨ। ਪੰਜਾਬ ਵਿਚ ਫਿਰ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰੀ ਸੀਟ ਸਮੇਤ ਜ਼ਿਲਾ ਪਟਿਆਲਾ ਦੀਆਂ ਸਮੁੱਚੀਆਂ ਸੀਟਾਂ ’ਤੇ ਕਾਂਗਰਸ ਪਾਰਟੀ ਜਿੱਤ ਹਾਸਲ ਕਰੇਗੀ। ਇਸ ਜਿੱਤ ਵਿਚ ਪਾਰਟੀ ਦੇ ਵਰਕਰਾਂ ਦਾ ਵੱਡਾ ਯੋਗਦਾਨ ਹੋਵੇਗਾ। ਵਿਨੋਦ ਅਰੋੜਾ ਕਾਲੂ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਦਿੱਤੀ ਹੈ, ਉਹ ਉਸ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਪਟਿਆਲਾ ਸ਼ਹਿਰੀ ਸੀਟ ਤੋਂ ਕਾਂਗਰਸ ਦੀ ਜਿੱਤ ਯਕੀਨੀ ਬਣਾਉਣ ਲਈ ਦਿਨ ਰਾਤ ਇਕ ਕਰ ਦੇਣਗੇ।

