ਕਾਂਗਰਸ ਦੇ ਕਾਲੇ ਕਾਰਨਾਮੇ ਆ ਰਹੇ ਹਨ ਲੋਕਾਂ ਸਾਹਮਣੇ : ਸੁਰਜੀਤ ਰੱਖੜਾ
ਆਪ ਤੇ ਭਾਜਪਾ ਦੇ ਆਗੂ ਵੀ ਇੱਕੋ ਥਾਲੀ ਦੇ ਚੱਟੇ-ਵੱਟੇ
ਪਟਿਆਲਾ, 29 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਹਲਕਾ ਸਮਾਣਾ ਤੋਂ ਉਮੀਦਵਾਰ ਅਤੇ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਹੁਣ ਕਾਂਗਰਸ ਦੇ ਕਾਲੇ ਕਾਰਨਾਮੇ ਲੋਕਾਂ ਸਾਹਮਣੇ ਆ ਰਹੇ ਹਨ, ਇਸ ਲਈ ਕਾਂਗਰਸੀਆਂ ਨੂੰ ਪੰਜਾਬ ਅੰਦਰੋਂ ਚੱਲਦਾ ਹੁਣ ਪੰਜਾਬ ਦੇ ਲੋਕ ਹੀ ਕਰਨਗੇ। ਸ. ਰੱਖੜਾ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਜਸਵਿੰਦਰ ਸਿੰਘ, ਕਾਕਾ ਚੌਹਾਨ, ਗੁਰਮੁੱਖ ਸਿੰਘ ਨੂੰ ਉਨ੍ਹਾਂ ਦੇ ਸਾਥੀਆਂ ਸਮੇਤ ਅਕਾਲੀ ਦਲ ‘ਚ ਸ਼ਾਮਲ ਕਰਨ ਦੌਰਾਨ ਕੀਤਾ। ਇਸ ਮੌਕੇ ਸ. ਰੱਖੜਾ ਨਾਲ ਉਨ੍ਹਾਂ ਦੀ ਪੁੱਤਰੀ ਬੀਬਾ ਗੁਰਪ੍ਰੀਤ ਕੌਰ ਰੱਖੜਾ ਵੀ ਮੌਜੂਦ ਸਨ।
ਸ. ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਕਾਂਗਰਸ ਪਾਰਟੀ ਹੁਣ ਖਾਨਾਜੰਗੀ ਦਾ ਸ਼ਿਕਾਰ ਹੋਣ ਦੇ ਨਾਲ-ਨਾਲ ਲੋਕਾਂ ਦੇ ਮਨਾਂ ਤੋਂ ਵੀ ਉਤਰ ਚੁੱਕੀ ਹੈ। ਕਾਂਗਰਸ ਦਾ ਅੱਜ ਇਹ ਹਾਲ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਖੁਦ ਦੀ ਭੈਣ ਵੀ ਉਨ੍ਹਾਂ ‘ਤੇ ਵੱਡੇ ਵੱਡੇ ਦੋਸ਼ ਲਗਾ ਰਹੀ ਹੈ, ਇਸ ਲਈ ਪ੍ਰਸ਼ਾਸ਼ਨ ਨੂੰ ਬਿਨਾ ਦੇਰ ਕੀਤਿਆਂ ਇਸ ਮਾਮਲੇ ‘ਤੇ ਵੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ ਤੇ ਪਾਰਟੀ ਦੇ ਆਗੂਆਂ ਦੇ ਵੱਲ ਕਿਸੇ ਦਾ ਵੀ ਕੋਈ ਧਿਆਨ ਨਹੀਂ ਹੈ। ਇਸ ਲਈ ਪਾਰਟੀ ਦੇ ਨੇਤਾ ਅਕਾਲੀ ਦਲ ਤੇ ਬਸਪਾ ਦੀਆਂ ਚੰਗੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਦੂਜੇ ਪਾਸੇ ਆਪ ਤੇ ਭਾਜਪਾ ਦੇ ਆਗੂ ਵੀ ਇੱਕੋ ਥਾਲੀ ਦੇ ਚੱਟੇ ਵੱਟੇ ਹਨ, ਦੋਵੇਂ ਰਲ ਮਿਲਕੇ ਲੋਕਾਂ ਦਾ ਮੂਰਖ ਬਣਾ ਰਹੇ ਹਨ। ਇਸ ਲਈ ਲੋਕਾਂ ਇਨ੍ਹਾਂ ਨੂੰ ਵੀ ਮੂੰਹ ਨਹੀਂ ਲਗਾਉਣਗੇ ਤੇ ਪੂਰੀ ਸਪੋਰਟ ਨਾਲ ਅਕਾਲੀ ਦਲ ਤੇ ਬਸਪਾ ਨੂੰ ਸੱਤਾ ‘ਚ ਲਿਆ ਕੇ ਆਪਣੇ ਕੰਮ ਕਰਵਾਉਣਗੇ। ਰੱਖੜਾ ਨੇ ਆਖਿਆ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਸਰਕਾਰ ਬਣੇਗੀ ਤੇ ਲੋਕਾਂ ਦੇ ਮਸਲੇ ਹੱਲ ਕਰੇਗੀ।

